www.sursaanjh.com > ਅੰਤਰਰਾਸ਼ਟਰੀ > ਦਰਸ਼ਨ ਸਿੰਘ ਸਿੱਧੂ ਦੀ ਅਨੂਠੀ ਕਾਵਿ ਪੁਸਤਕ ‘ਰਿਸ਼ਤੇ ਰੂਹਾਂ ਦੇ’

ਦਰਸ਼ਨ ਸਿੰਘ ਸਿੱਧੂ ਦੀ ਅਨੂਠੀ ਕਾਵਿ ਪੁਸਤਕ ‘ਰਿਸ਼ਤੇ ਰੂਹਾਂ ਦੇ’

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਕਤੂਬਰ:

ਸ. ਦਰਸ਼ਨ ਸਿੰਘ ਸਿੱਧੂ ਇੱਕ ਬਹੁਤ ਨਿਆਰਾ ਅਤੇ ਪਿਆਰਾ ਕਵੀ ਹੈ ਜਿਹੜਾ ਸਮੇਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਿੱਤ ਦਿਨ ਸਫ਼ਰ ਕਰਦਾ ਹੈ ਅਤੇ ਹਰ ਇੱਕ ਵਾਪਰਦੀ ਘਟਨਾ ਨੂੰ ਸੁਹਿਰਦ ਸ਼ਾਇਰ ਵਜੋਂ ਨੀਝ ਨਾਲ ਦੇਖਦਾ ਹੋਇਆ ਉਸਦਾ ਵਿਸ਼ਲੇਸ਼ਣ ਕਰਦਾ ਹੈ। ਅਜਿਹੀਆਂ ਪ੍ਰਸਥਿਤੀਆਂ ਨਾਲ ਜੂਝਦੀਆਂ ਉਸਦੀਆਂ ਮਹੱਤਵਪੂਰਨ ਕਵਿਤਾਵਾਂ ਅਤੇ ਗੀਤਾਂ ਦਾ ਚੌਥਾ ਪਰਾਗਾ ‘ਰਿਸ਼ਤੇ ਰੂਹਾਂ ਦੇ’ ਲੈ ਕੇ ਸਿੱਧੂ ਆਪਣੇ ਪਾਠਕਾਂ ਦੇ ਸਾਹਮਣੇ ਹਾਜ਼ਰ ਹੋਇਆ ਹੈ। ਹੱਥਲੀ ਪੁਸਤਕ ਵਿੱਚ ਉਸਨੇ 20 ਕਵਿਤਾਵਾਂ ਰਾਹੀਂ ਜ਼ਿੰਦਗੀ ਦੇ ਅਲੌਕਿਕ ਰਿਸ਼ਤਿਆਂ ਨੂੰ ਵੱਖੋ—ਵੱਖਰੇ ਢੰਗ ਅਤੇ ਅੰਦਾਜ਼ ਨਾਲ ਰੂਪਮਾਨ ਕੀਤਾ ਹੈ ਜੋ ਜੀਵਨ ਪ੍ਰਤੀ ਉਸਦੀ ਸੁਹਿਰਦਤਾ ਦਾ ਪ੍ਰਮਾਣ ਪ੍ਰਸਤੁਤ ਕਰਦੀਆਂ ਹਨ। ‘ਰਸਤੇ ਰਿਸ਼ਤਿਆਂ ਦੇ’ ਕਵਿਤਾ ਵਿੱਚ ਕਵੀ ਆਖਦਾ ਹੈ, ‘ਟੁੱਟ ਸਕਦੇ ਨਹੀਂ ਰਿਸ਼ਤੇ, ਜੋ ਦਿਲ ਤੋਂ ਜੁੜਦੇ ਨੇ/ ਆਪਣਿਆਂ ਨੂੰ ਮਿਲਣ ਲਈ, ਬਿਨ ਖੰਭੋਂ ਉਡਦੇ ਨੇ।’

‘ਰਿਸ਼ਤੇ ਖ਼ੂਨ ਦੇ’ ਵਿੱਚ ਕਵੀ ਦੱਸਦਾ ਹੈ, ‘ਚੇਤੇ ਜਦ ਆ ਜਾਵਣ ਰਿਸ਼ਤੇ, ਠੰਡ ਕਾਲਜੇ ਪਾਵਣ ਰਿਸ਼ਤੇ।’ ਪਰ ਅਜੋਕੇ ਦੌਰ ਵਿੱਚ ‘ਤਿੜਦੇ ਰਿਸ਼ਤਿਆਂ’ ਬਾਰੇ ਲਿਖਦੇ ਉਹ ਮਹਿਸੂਸ ਕਰਦੇ ਹਨ, ‘ਛਟੀ ਤੂਤ ਦੀ ਵਾਂਗੂੰ ਨਹੀਂ ਇਹ, ਕੱਚ ਵਾਂਗ ਹੁਣ ਤਿੜਦੇ ਰਿਸ਼ਤੇ।’ ਸਿੱਧੂ ਇੱਕ ਗਿਆਨਵਾਨ ਸ਼ਾਇਰ ਹੋਣ ਦੇ ਨਾਤੇ ਆਪਣੇ ਦੇਸ਼ ਵਿੱਚ ਵਾਪਰ ਰਹੀਆਂ ਤਬਦੀਲੀਆਂ ਦਾ ਬਹੁਤ ਗ਼ੌਰ ਨਾਲ ਮੁਲਾਂਕਣ ਕਰਦਾ ਹੈ ਤਦੇ ਉਹ ਲੋਕਤੰਤਰ ਦੇ ਹੋ ਰਹੇ ਘਾਣ ਬਾਰੇ ਚਿੰਤਾਤੁਰ ਹੈ, ‘‘ਲੋਕਤੰਤਰ ਦਾ ਘਾਣ ਹੋ ਰਿਹੈ, ਆਜ਼ਾਦੀ ਵੀ ਸਹਿਕ ਰਹੀ ਹੈ/ ਨਿਰਦੋਸ਼ਾਂ ਨੂੰ ਨਿਆਂ ਨਹੀਂ ਮਿਲਦਾ, ਸੱਚਮੁੱਚ ਹੁਣ ਤਾਂ ਕਹਿਰ ਢਹੀ ਹੈ।’’ ਉਹ ਸ਼ਾਸ਼ਕਾਂ ਅਤੇ ਸਰਮਾਏਦਾਰਾਂ ਹੱਥੋਂ ਲੁੱਟੀ ਜਾ ਰਹੀ ਅਤੇ ਖੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਹੋਈ ਕਿਸਾਨੀ ਨੂੰ ਹੌਸਲਾ ਪ੍ਰਦਾਨ ਕਰਦਾ ਹੋਇਆ ਕਹਿੰਦਾ ਹੈ,  ‘ਛੱਡ ਖੁਦਕੁਸ਼ੀਆਂ ਦਾ ਰਾਹ ਸੱਜਣਾ, ਰੱਖ ਹੌਸਲਾ ਮੰਜ਼ਿਲ ਪਾ ਸੱਜਣਾ।‘

ਪ੍ਰਤਿਭਾਸ਼ਾਲੀ ਕਵੀ ‘ਸਿੱਧੂ’ ਅਜੋਕੇ ਦੌਰ ਵਿੱਚ ਮਨੁੱਖ ਅਤੇ ਮਨੁੱਖਤਾ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਅਤੇ ਸਰੋਕਾਰਾਂ ਦੀ ਨਿੱਠ ਕੇ ਗੱਲ ਕਰਦਾ ਹੈ। ਜੋ ਦੁੱਖ, ਮੁਸੀਬਤਾਂ ਅਤੇ ਝੋਰੇ ਲੋਕਾਈ ਭੋਗ ਰਹੀ ਹੈ, ਉਹਨਾਂ ਦਾ ਜ਼ਿਕਰ ਵੀ ਆਪਣੀਆਂ ਕਵਿਤਾਵਾਂ ਵਿੱਚ ਵਾਰ—ਵਾਰ ਕਰਦਾ ਹੈ। ਦੇਸ਼ ਦੇ ਵਸਨੀਕਾਂ ਨੂੰ ਜਿਹੜੇ ਮੂਲ ਅਧਿਕਾਰ ਕੁਦਰਤ ਨੇ ਜਾਂ ਦੇਸ਼ ਦੇ ਸੰਵਿਧਾਨ ਨੇ ਪ੍ਰਦਾਨ ਕੀਤੇ ਹੋਏ ਹਨ, ਉਹ ਵਿਸ਼ੇਸ਼ ਅਧਿਕਾਰ ਵੀ ਲੋਕਾਂ ਪਾਸੋਂ ਖੋਹਣ ਅਤੇ ਖਸੋਟਣ ਦੇ ਯਤਨ ਜਾਰੀ ਹਨ। ਸੁਚੇਤ ਕਵੀ ਤਦੇ ਹੀ ਕਹਿੰਦਾ ਹੈ, ‘‘ਹੱਕ ਮੰਗਦੇ ਹਾਂ, ਭੀਖ ਨਹੀਂ ਮੰਗਦੇ/ ਫ਼ੈਸਲਾ ਮੰਗਦੇ ਹਾਂ ਸਹੀ, ਤਾਰੀਖ ਨਹੀਂ ਮੰਗਦੇ।’’ ਮੈਂ ਕਵੀ ਸਿੱਧੂ ਦੇ ਇਸ ਦੂਰ—ਦਰਸ਼ੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦਿਆਂ ਹੋਇਆਂ ਪੁਸਤਕ ‘ਰਿਸ਼ਤੇ ਰੂਹਾਂ ਦੇ’ ਦਾ ਦਿਲੋਂ ਸਵਾਗਤ ਕਰਦਾ ਹਾਂ।

ਸਿਰੀ ਰਾਮ ਅਰਸ਼, ਪ੍ਰਸਿੱਧ ਗ਼ਜ਼ਲਗੋ – ਮੋ. 98884-52204

Leave a Reply

Your email address will not be published. Required fields are marked *