ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਸਤੰਬਰ:
ਦਵਿੰਦਰ ਬਾਂਸਲ ਦੀ ਚੰਦਨ ਦੀ ਮਹਿਕ ਤੇ ਝਾਂਜਰਾਂ ਦੀ ਛਨ ਛਨ/ ਹਰਦੇਵ ਚੌਹਾਨ
ਸੁਹੱਪਣ, ਕਿਧਰੇ ਕਾਦਰ ਦੀ ਕੁਦਰਤ ‘ਚ, ਰੰਗਾਂ ‘ਚ, ਮਾਨਵ ਜਾਤੀ ‘ਚ ਜਾਂ ਫੁੱਲ-ਪੱਤਰਾਂ ‘ਚ ਹੋਵੇ… ਦੂਰੋਂ, ਨੇੜਿਓਂ ਡਾਹਢਾ ਭਲਾ ਤੇ ਚੰਗਾ ਲੱਗਦਾ। ਡੇਢ, ਸਵਾਏ ਦਹਾਕੇ ਪਹਿਲਾਂ ਫੇਸਬੁਕ ਪੰਨਿਆਂ ਉੱਤੇ ਸੁਨਹਿਰੇ ਜੰਗਲਾਂ ਦੀ ਕਿਸੇ ਪਰੀ ਵਰਗੀ ਦਵਿੰਦਰ ਬਾਂਸਲ ਦੀ ਕਵਿਤਾ ਸਾਨੂੰ ਆਪਣੇ ਵੱਲ ਖਿੱਚਣ ਲੱਗ ਪਈ।
ਬੜੀ ਨਵੀਂ, ਨਿਵੇਕਲੀ ਹੈ ਕਵਿਤਰੀ ਬਾਂਸਲ ਦੀ ਕਵਿਤਾ … ਸਮੂਹਕ ਨਾਰੀ ਕਵਿਤਾ ਦੀ ਉਡਾਰੀ ਨਾਲੋਂ ਵੱਖਰੀਆਂ ਦਿਸ਼ਾਵਾਂ ਵੱਲ ਲਿਜਾਂਦੀ ਇਹ ਕਵਿਤਾ … ਦਵਿੰਦਰ ਬਾਂਸਲ ਦੀ ਕਵਿਤਾ ਰੋਣ-ਧੋਣ, ਹਉਕੇ-ਹਾੜੇ ਤੇ ਹੇਰਵਿਆਂ ਨਾਲ ਸਬੰਧ ਨਹੀਂ ਰੱਖਦੀ। ਇਹ ਜੀਣ ਥੀਂਣ ਨਾਲ ਜੁੜੇ ਚੋਣਵੇਂ ਵਰਤਾਰਿਆਂ ਨੂੰ ਕਾਵਿਕ ਸ਼ੈਲੀ ਵਿੱਚ ਬੜੀਆਂ ਕਲਾਤਮਕ ਛੋਹਾਂ ਨਾਲ ਪੇਸ਼ ਕਰਦੀ। ‘ਮੇਰੀਆਂ ਝਾਂਜਰਾਂ ਦੀ ਛਨ ਛਨ’, ‘ਜੀਵਨ ਰੁੱਤ ਦੀ ਮਾਲਾ’ ਤੇ ‘ਸਵੈ ਦੀ ਪਰਿਕਰਮਾ’ ਦਵਿੰਦਰ ਬਾਂਸਲ ਦੀਆਂ ਤਿੰਨ ਜ਼ਿਕਰਯੋਗ ਤੇ ਚਰਚਿਤ ਕਾਵਿ ਪੁਸਤਕਾਂ ਨੇ।


ਕਈ ਘਰਾਂ ‘ਚ ਦਹਾਕੇ ਪਹਿਲਾਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਜਾ ਚੁੱਕੇ ਮਾਪਿਆਂ ਦਾ ਨਾਮ, ਨਿਸ਼ਾਨ ਵੀ ਨਹੀਂ ਮਿਲਦਾ ਪਰ ਦਵਿੰਦਰ ਬਾਂਸਲ ਦੇ ਘਰ ਉਸਦੇ ਮਾਪੇ ਅੱਜ ਵੀ ਟਹਿਕਦੇ, ਮਹਿਕਦੇ ਮਹਿਸੂਸ ਹੁੰਦੇ। ਹਸਤ ਛੋਹਾਂ ਵਾਲੀਆਂ ਉਹਨਾਂ ਦੀਆਂ ਪੁਰਾਤਨ ਵਸਤਾਂ ਹਨੇਰੇ-ਸਵੇਰੇ ਜੀਵਨ ਜਾਚ ਦੀਆਂ ਸੁਨਹਿਰੀ ਬਾਤਾਂ ਪਾਉਂਦੀਆਂ ਪ੍ਰਤੀਤ ਹੁੰਦੀਆਂ।
ਦਵਿੰਦਰ ਬਾਂਸਲ ਦਾ ਅਜੋਕਾ ਘਰ ਚਾਰ ਦੀਵਾਰਾਂ ਵਾਲਾ ਸਾਡੇ ਘਰਾਂ ਵਰਗਾ ਘਰ ਨਹੀਂ, ਫਲੈਟ ਨਹੀਂ, ਕੋਂਡੋ ਵੀ ਨਹੀਂ, ਸਕਾਰਬਰੋ, ਕੈਨੇਡਾ ਵਿੱਚ ਆਲੀਸ਼ਾਨ ਯੋਰਪੀਨ ਬੰਗਲਾ ਹੈ। ਬੰਗਲੇ ਦਾ ਕੋਨਾ-ਕੋਨਾ ਨਵੀਨ ਤੇ ਪੁਰਾਤਨ ਕਲਾ ਵਸਤਾਂ ਨਾਲ ਸ਼ਿੰਗਾਰਿਆ ਪਿਆ। ਆਏ, ਗਏ ਮਹਿਮਾਨ ਦਾ ਕਿਸੇ ਕੋਨੇ ਵਿੱਚ ਸਾਹ ਨਹੀਂ ਘੁੱਟਦਾ।
ਸੁਰਗੀਂ ਜਾ ਵਸੇ ਮਾਪਿਆ ਦੇ ਅਸ਼ਟ ਧਾਤੂ ਦੇ ਬਣੇ ਬੇਸ਼ਕੀਮਤੀ ਬਰਤਨ, ਮੂਰਤੀਆਂ, ਗਹਿਣੇ, ਔਜਾਰ ਅੱਜ ਵੀ ਕਵਿਤਰੀ ਬਾਂਸਲ ਨੂੰ ਜੀਣ-ਥੀਣ ਲਈ ਬਲ ਬਖਸ਼ਦੇ ਪ੍ਰਤੀਤ ਹੁੰਦੇ। ਪਿੱਤਲ ਦੀਆਂ ਪਰਾਤਾਂ, ਕਹਿੰ ਧਾਤੂ ਦੇ ਛੰਨੇ, ਥਾਲੀਆਂ, ਦੁੱਧ ਦੋਹਣੀਆਂ, ਜੱਗ, ਦੇਗਚੇ, ਕੈਂਠੇ, ਰਾਣੀ ਹਾਰ, ਬਾਜੂ ਬੰਦ, ਕਲੀਰੇ, ਟਿੱਕੇ ਨੱਥਾਂ, ਚੂੜੇ ਤੇ ਗਜਰਿਆਂ ਦਾ ਭੰਡਾਰ, ਜਿੱਥੇ ਉਸਦੀ ਜੀਵਨ ਸ਼ੈਲੀ ਨੂੰ ਅਮੀਰ ਬਣਾਉਂਦਾ ਹੈ, ਉੱਥੇ ਇਹ ਵਿਰਾਸਤੀ ਖਜ਼ਾਨਾ ਉਸਦੀ ਜਿਉਂਦੀ ਜਾਗਦੀ ਕਵਿਤਾ ਦੀ ਸਤਰ -ਸਤਰ ਨੂੰ ਵੀ ਪੜ੍ਹਨ ਤੇ ਮਾਨਣ ਯੋਗ ਬਣਾਉਂਦਾ।
ਨਿਰਸੰਦੇਹ ਦਵਿੰਦਰ ਬਾਂਸਲ ਦੀ ਸਫਲਤਾ ਪਿੱਛੇ ਉਸਦੇ ਪਤੀ ਦੇਵ ਕਸ਼ਮੀਰਾ ਸਿੰਘ ਦਾ ਹੱਥ ਵੀ ਹੈ। ਬੜੇ ਮੋਹ, ਪਿਆਰ ਵਾਲੀ ਜੋੜੀ ਹੈ। ਕਿਧਰੇ ਵੀ ਕਿਸੇ ‘ਚ ਕੋਈ ਨਿੰਦ-ਵਿਚਾਰ ਨਹੀਂ। ਮਹਿਮਾਨ ਨਿਵਾਜੀ ਲਈ ਉਹ ਦੋਏਂ ਪਰਛਾਵੇਂ ਵਾਂਗ ਅੱਗੇ-ਪਿੱਛੇ ਤੁਰੇ ਫਿਰਦੇ। ਹੱਸਦੇ, ਮੁਸਕਰਾਉਂਦੇ ਕਸ਼ਮੀਰਾ ਸਿੰਘ-ਦਵਿੰਦਰ ਬਾਂਸਲ ਪਾਠਕਾਂ-ਸਰੋਤਿਆਂ ਤੇ ਚਹੇਤਿਆ ਦੀ ਟਹਿਲ ਸੇਵਾ ਕਰਦੇ।
ਇਸ ਰੱਬੀ ਜੋੜੀ ਦੇ ਘਰ ਬਿਤਾਏ ਚੌਵੀ ਚੌਵੀ ਘੰਟਿਆਂ ਵਾਲੇ ਤਿੰਨ ਹੁਸੀਨ ਦਿਨ ਇੰਝ ਬੀਤੇ ਜਿਵੇਂ ਛੇ ਕੁ ਪਲ ਬੀਤ ਜਾਂਦੇ। ਨਿੱਘੀ, ਕੋਸੀ ਇਸ ਮਿਲਣੀ ਤੋਂ ਬਾਅਦ ਕੋਈ ਦੋ ਢਾਈ ਦਹਾਕੇ ਪਹਿਲਾਂ ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਨਾਲ ਦਿੱਲੀ ਵਿਚਲੇ ਹੌਜ ਖਾਸ ‘ਚ ਬਿਤਾਏ ਇਹੋ ਜਿਹੇ ਦਿਨ ਵੀ ਸਾਨੂੰ ਮੁੜ ਯਾਦ ਆਏ।
ਸੱਚੀ ! ਚੰਦ ਕੁ ਜੋੜੀਆਂ ਬੜੀਆਂ ਖੁਸ਼ਨਸੀਬ ਹੁੰਦੀਆਂ … ਤਮਾਮ ਬਰਕਤਾਂ ਅਜਿਹੀਆਂ ਜੋੜੀਆਂ ਦੇ ਹਿੱਸੇ ਧੁਰੋਂ ਹੀ ਲਿਖੀਆਂ ਹੁੰਦੀਆਂ … ਕੈਨੇਡਾ ਦੀ ਇਸ ਫੇਰੀ ਦੌਰਾਨ ਜੇ ਦਵਿੰਦਰ ਬਾਂਸਲ ਜੀ ਨੂੰ ਨਾ ਮਿਲਦੇ ਤਾਂ ਯਕੀਨਨ ਇਹ ਯਾਤਰਾ ਅਧੂਰੀ ਹੀ ਰਹਿਣੀ ਸੀ।
ਹਰਦੇਵ ਚੌਹਾਨ




