ਦੁੱਲਵਾ ਪੀਰਾਂ ਦਾ ਮੇਲਾ 30 ਮਈ ਨੂੰ
ਚੰਡੀਗੜ੍ਹ 21 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਦੁੱਲਵਾਂ ਖੱਦਰੀ ਵਿਖੇ ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ, ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੌਗਜਾ ਪੀਰ ਤੇ ਪੰਜ ਪੀਰ ਦਾ ਸਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਦਰਗਾਹ ਦੇ ਮੁੱਖ ਸੇਵਾਦਾਰ ਕਸ਼ਮੀਰ ਸਿੰਘ ਟਿੰਕੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ 30 ਮਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।


ਇਸ ਮੇਲੇ ਦੌਰਾਨ ਪੀਰਾਂ ਦੀ ਦਰਗਾਹ ‘ਤੇ ਦੂਰ ਦੁਰਾਡਿਓਂ ਸੰਗਤਾਂ ਨਮਸਤਕ ਹੋਣ ਲਈ ਪਹੁੰਚਦੀਆਂ ਹਨ। ਸਵੇਰੇ 10 ਵਜੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਭੰਡਾਰੇ ਅਤੁੱਟ ਵਰਤਾਏ ਜਾਣਗੇ। ਉਹਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਮੇਲੇ ਵਿੱਚ ਬਾਅਦ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸੱਭਿਆਚਾਰਕ ਮੇਲਾ ਵੀ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਵਿੱਚ ਪੰਜਾਬ ਦੀ ਮਸ਼ਹੂਰ ਦੋਗਾਣਾ ਗਾਇਕ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਹਰਦੀਪ ਕੌਰ ਬੱਬੂ ਵਿਸ਼ੇਸ਼ ਤੌਰ ਤੇ ਲੋਕਾਂ ਦਾ ਮੰਨੋਰੰਜਨ ਕਰਨ ਲਈ ਪਹੁੰਚ ਰਹੇ ਹਨ।
ਇਸ ਤੋਂ ਇਲਾਵਾ ਹੈਰੀ ਸੇਖੋਂ ਤੇ ਹਰਜੀਤ ਰਾਣੋਂ ਦੀ ਦੋਗਾਣਾ ਜੋੜੀ ਅਤੇ ਮਰਹੂਮ ਕਰਤਾਰ ਰਮਲਾ ਦੀ ਸਪੁੱਤਰੀ ਮੈਂਡੀ ਸੰਧੂ ਵੀ ਆਪਣੇ ਫ਼ਨ ਦਾ ਮੁਜਾਹਰਾ ਕਰੇਗੀ।ਇਸ ਤੋਂ ਇਲਾਵਾ ਰਾਹੀ ਮਾਣਕਪੁਰ ਸ਼ਰੀਫ਼ ਤੇ ਮਿਸ ਸਵੀਟੀ ਦੀ ਦੋਗਾਣਾ ਜੋੜੀ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਹੋਰ ਕਲਾਕਾਰਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਰਣਜੀਤ ਮਣੀ ਪਿਛਲੇ ਮੇਲੇ ਵਾਂਗ ਹੀ ਰੌਣਕਾਂ ਲਾਵੇਗਾ। ਲੋਕਾਂ ਦੀ ਪਸੰਦ ‘ਤੇ ਸਦਾ ਬਹਾਰ ਗੀਤਾਂ ਦੇ ਇਸ ਗਾਇਕ ਨੂੰ ਸੱਦਾ ਦਿੱਤਾ ਗਿਆ ਹੈ, ਕਿਉਂਕਿ ਪਿਛਲੇ ਸਾਲ ਵੀ ਇਸ ਕਲਾਕਾਰ ਵੱਲੋਂ ਖ਼ੂਬ ਰੰਗ ਬੰਨਿਆ ਗਿਆ ਸੀ।
ਇਸ ਮੌਕੇ ਚੰਨੀ ਨਿਰਮਾਣ ਤੇ ਪਾਲ ਗਿਰ ਬਾਵਾ ਵੱਲੋਂ ਵੀ ਪੇਸ਼ਕਾਰੀ ਦਿੱਤੀ ਜਾਵੇਗੀ। ਮੰਚ ਸੰਚਾਲਨ ਪੰਮਾ ਸਿੱਧੂ ਪੁਰੀਆ ਅਤੇ ਪਿੰਕਾ ਸਾਬਰੀ ਨਿਭਾਉਣਗੇ। ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਸੀਨੀਅਰ ਆਗੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਨੌਗਜਾ ਪੀਰ ਦੀ ਦਰਗਾਹ ਦੇ ਕਮੇਟੀ ਮੈਂਬਰਾਂ ਵਿੱਚ ਕਸ਼ਮੀਰ ਸਿੰਘ ਟਿੰਕੂ ਤੋਂ ਇਲਾਵਾ ਤਜਿੰਦਰ ਸਿੰਘ, ਭਿੰਦਾ ਸਿੰਘ, ਜੀਤਾ, ਲਖਵੀਰਾ, ਮੇਜਰ, ਕਰਮਾ ਸਿੰਘ, ਜੱਸੂ ਚੌਧਰੀ, ਹਰਜਿੰਦਰ ਸਿੰਘ ਜਿੰਦੂ ਵੀ ਹਾਜ਼ਰ ਸਨ।

