ਦੌਰ-ਏ-ਸਟੇਟਸ/ ਰੁਪਿੰਦਰ ਕੌਰ ਕੰਗ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਖਵਿੰਦਰ ਸਿੰਘ ਹੈਪੀ), 03 ਜੂਨ:


ਇਹ 21ਵੀਂ ਸਦੀ ਹੈ ਜਨਾਬ। ਘਬਰਾਉਣ ਦੀ ਲੋੜ ਨਹੀ। ਇੱਥੇ ਸਟੇਟਸਾਂ ਰਾਹੀਂ ਲਫਜ਼ ਬੋਲਦੇ ਨੇ। ਮੂੰਹੋ ਬੋਲਣ ਦੀ ਲੋੜ ਨਹੀ। ਇਸ ਵਿੱਚ ਕੋਈ ਸ਼ੱਕ ਨਹੀ ਕਿ ਅਸੀਂ ਬਹੁਤ ਹੀ ਤਰੱਕੀ ਕਰ ਲਈ ਹੈ। ਜ਼ਿੰਦਗੀ ਦੇ ਹਰ ਪਹਿਲੂ ਵਿੱਚੋਂ ਇਸ ਦੀ ਝਲਕ ਦਿਖਾਈ ਦਿੰਦੀ ਹੈ। ਇੱਥੋਂ ਤੱਕ ਕਿ ਅੱਜ ਕੱਲ੍ਹ ਕਿਸੇ ਦੇ ਪ੍ਰਤੀ ਨਰਾਜ਼ਗੀ ਤੇ ਪਿਆਰ ਜ਼ਾਹਿਰ ਕਰਨ ਦੇ ਤਰੀਕੇ ਉੱਪਰ ਵੀ ਇਸ ਤਰੱਕੀ ਦਾ ਅਸਰ ਦਿਖਾਈ ਦਿੰਦਾ ਹੈ। ਵਟਸੱਪ, ਫੇਸਬੁੱਕ, ਇੰਸਟਾਗਰਾਮ ਉੱਪਰ ਬਹੁਤੀ ਪੇਸ਼ਕਾਰੀ ਦਿਲ ਦੇ ਗੁੱਬ ਗਬਾਟ ਕੱਢਣ ਲਈ ਕੀਤੀ ਜਾਦੀ ਹੈ। ਅੱਜ ਕੱਲ੍ਹ ਹਰ ਕਿਸੇ ਲਈ ਸਭ ਤੋ ਪਹਿਲਾ ਕੰਮ ਸਟੇਟਸ ਨੂੰ ਦੇਖਣਾ ਅਤੇ ਆਪਣਾ ਸਟੇਟਸ ਅੱਪਡੇਟ ਕਰਨਾ ਹੈ। ਦੇਖਦਿਆਂ ਹੀ ਦੇਖਦਿਆ ਹੀ ਸਾਰੇ ਆਪਣੇ ਆਪ ਸਾਰੀ ਗੱਲ ਸਮਝ ਜਾਂਦੇ ਆਂ, ਜਿਸ ਨੂੰ ਕੁਝ ਕਿਹਾ ਗਿਆ ਉਹ ਵੀ ਤੇ ਜਿਸ ਨੇ ਕੁਝ ਨਾ ਕਿਹਾ ਉਹ ਵੀ, ਕਿਉਂਕਿ ਜਦ ਇਹ ਪਤਾ ਚੱਲਦਾ ਵੀ ਸਾਹਮਣੇ ਵਾਲੇ ਨੇ ਸਟੇਟਸ ਦੇਖ ਲਿਆ ਤਾਂ ਆਪਣੇ ਆਪ ਵਿੱਚ ਇੱਕ ਤਸੱਲੀਬਖਸ਼ ਕੰਮ ਸੰਪੂਰਨ ਹੁੰਦਾ ਹੈ।
ਦੇਖੋ ਇਹ ਕਿੰਨੀ ਵੱਡੀ ਤਰੱਕੀ ਹੈ, ਨਾ ਲੜਾਈ, ਨਾ ਭੜਾਈ ਤੇ ਦਿਲ ਦੀ ਭੜਾਸ ਵੀ ਨਿੱਕਲ ਜਾਂਦੀ ਹੈ ਪਰ ਗੱਲ ਸੋਚਣ ਦੀ ਹੈ ਕਿ ਕੀ ਇਹ ਹੀ ਇੱਕ ਕੰਮ ਹੈ, ਕੀ ਅਸੀਂ ਕੁਝ ਇਸ ਤੋਂ ਉੱਪਰ ਨਹੀਂ ਸੋਚ ਸਕਦੇ ਜਾਂ ਸੋਚਣਾ ਹੀ ਨਹੀਂ ਚਾਹੁੰਦੇ? ਇਹ ਸਭ ਕਰਨ ਤੋਂ ਪਹਿਲਾ ਜੋ ਸੋਚਣ ਦੀ ਗੱਲ ਹੈ, ਉਹ ਇਹ ਹੈ ਕਿ ਮੈਂ ਕੀ ਕਰ ਰਿਹਾ ਹਾਂ, ਕੀ ਮੈਂ ਆਪਣੀਆ ਜਿੰਮੇਵਾਰੀਆਂ ਤੇ ਰਿਸਤਿਆਂ ਪ੍ਰਤੀ ਸੰਜੀਦਾ ਹਾਂ ਜਾਂ ਸਿਰਫ਼ ਸਿਕਾਇਤ ਹੀ ਕਰਨੀ ਆਉਂਦੀ ਹੈ?
ਅੱਜ ਕੱਲ੍ਹ ਹਰ ਦੂਜਾ ਇਨਸਾਨ ਆਪਣੇ ਆਪ ਵਿੱਚ ਟੁੱਟਿਆਂ ਹੋਇਆਂ ਹੈ। ਕਿਸੇ ਆਪਣੇ ਦੇ ਨਿੱਘ ਅਤੇ ਅਹਿਸਾਸ ਲਈ ਤਰਸ ਰਿਹਾ ਹੈ ਤੇ ਬੁਰੀ ਗੱਲ ਇਹ ਕਿ ਅਜਿਹੇ ਇਨਸਾਨ ਨੂੰ ਕੋਈ ਸਮਝਦਾ ਵੀ ਕੁਝ ਨਹੀਂ, ਕਿਉਂਕਿ ਅੱਜ ਕੱਲ੍ਹ ਦੁਨੀਆਂ ਵਿੱਚ ਗਧੇ ਤੇ ਘੋੜੇ ਦਾ ਇੱਕੋ ਮੁੱਲ ਹੈ। ਮੈਂ ਕਹਿਣਾ ਨਹੀਂ ਚਾਹੁੰਦੀ ਪਰ ਕੁਝ ਕੁ ਰਿਸ਼ਤੇ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਅਸੀਂ ਮੂਲੋਂ ਹੀ ਨਕਾਰਨਾ ਪਸੰਦ ਕਰਦੇ ਹਾਂ, ਪਰ ਹਰ ਇੱਕ ਰਿਸ਼ਤਾ ਆਪਣੀ ਜਗ੍ਹਾ ਆਪਣੀ ਅਹਿਮੀਅਤ ਰੱਖਦਾ ਹੈ। ਆਪਣੀ ਮੈਂ ਦੇ ਵਿੱਚ ਆ ਕਿ ਜਿਨ੍ਹਾਂ ਰਿਸ਼ਤਿਆਂ ਤੇ ਆਪਣਿਆ ਨੂੰ ਅਸੀਂ ਬੇਵਜ੍ਹਾ ਖੱਜਲ ਕਰਦੇ ਹਾਂ, ਕਦੇ ਉਸ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਜ਼ਰੂਰ ਸੋਚੋ ਜੇ ਕੋਈ ਬਿਨਾਂ ਗੱਲ ਮੇਰੇ ਨਾਲ ਇਸ ਤਰਾਂ ਕਰੇ ਫਿਰ? ਅਸੀਂ ਤਰੱਕੀ ਕੀਤੀ ਹੈ, ਅੱਗੇ ਵੱਧਣ ਲਈ, ਕੁਝ ਨਵਾਂ ਕਰਨ ਲਈ ਨਾ ਕਿ ਇੱਕ ਦੂਜੇ ਦਾ ਦਿਲ ਦੁਖਾਉਣ ਤੇ ਆਪਣੇ ਦਿਮਾਗ਼ ਨੂੰ ਕੋਝੀਆ ਹਰਕਤਾਂ ਵਿੱਚ ਪਾਉਣ ਲਈ। ਇਹਨਾਂ ਹਰਕਤਾਂ ਵਿੱਚੋਂ ਨਿਕਲੋ, ਕੁਝ ਅਜਿਹੇ ਸ਼ਬਦ ਲੱੱਭਿਆ ਕਰੋ, ਜਿਨ੍ਹਾਂ ਨਾਲ ਪੜ੍ਹਨ ਅਤੇ ਦੇਖਣ ਵਾਲੇ ਦੇ ਦਿਲ ਨੂੰ ਸਕੂਨ ਮਿਲੇ ਨਾ ਕਿ ਦਿਲ ਮੁਰਝਾ ਜਾਣ।
ਇਹ ਦੌਰ-ਏ-ਸਟੇਟਸ ਹੈ ਸਾਹਿਬ, ਇੱਥੇ ਚੰਗੀ ਗੱਲ ਵੀ ਤੇ ਮਾੜੀ ਗੱਲ ਵੀ ਪਰੋਸੀ ਜਾਂ ਸਕਦੀ ਹੈ ਜੋ ਬਹੁਤ ਜਲਦੀ ਸਾਰਿਆਂ ਦੇ ਦਿਲਾਂ ਉੱਪਰ ਛਾਂ ਜਾਂਦੀ ਹੈ। ਇਸ ਲਈ ਚੰਗਿਆਈ ਬੀਜੋ ਤਾਂ ਜੋ ਵੱਢਣ ‘ਤੇ ਅਫਸੋਸ ਨਾ ਹੋਵੇ।
ਰੁਪਿੰਦਰ ਕੌਰ ਕੰਗ – 9417560707

