www.sursaanjh.com > ਅੰਤਰਰਾਸ਼ਟਰੀ > ਧਰਤੀ ਨਾਲ ਜੁੜੇ ਕਰਾਉਨਧਾਰੀ ਸਰਦਾਰ ਸੰਜੀਤ ਸਿੰਘ ਦੀ ਸੰਗਤ 

ਧਰਤੀ ਨਾਲ ਜੁੜੇ ਕਰਾਉਨਧਾਰੀ ਸਰਦਾਰ ਸੰਜੀਤ ਸਿੰਘ ਦੀ ਸੰਗਤ 

ਧਰਤੀ ਨਾਲ ਜੁੜੇ ਕਰਾਉਨਧਾਰੀ ਸਰਦਾਰ ਸੰਜੀਤ ਸਿੰਘ ਦੀ ਸੰਗਤ
ਕੈਨੇਡਾ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 12 ਜੁਲਾਈ:
ਕਰਾਉਨ ਮਤਲਬ ਤਾਜ ਅੰਗਰੇਜ਼ੀ ਦੇ ਅੱਖਰ ‘ਸੀ’ ਤੋਂ ਬਣਦਾ ਹੈ। ਜੇਕਰ ‘ਕੇ’ ਨਾਲ ਲਿਖਿਆ ਜਾਵੇ ਤਾਂ ਡਾਹਢਾ ਫਰਕ ਪੈ ਜਾਂਦਾ। ਅਰਥ ਦੇ ਅਨਰਥ ਹੋ ਜਾਂਦੇ। ਪ੍ਰੀਖਿਆ ਵਿੱਚ ਇਸਨੂੰ ‘ਕੇ’ ਨਾਲ ਲਿਖਿਆ ਜਾਵੇ ਤਾਂ ਨੰਬਰ ਕੱਟੇ ਜਾ ਸਕਦੇ ਤੇ ਬੰਦਾ ਜ਼ਿੰਦਗੀ ਦੀ ਬੇਸ਼ਕੀਮਤੀ ਜਮਾਤ ਵਿੱਚੋਂ ਫੇਲ ਵੀ ਹੋ ਸਕਦਾ।
ਦਸਵੀਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਅਸੀਂ ਸਰਦਾਰ ਅਜਾਇਬ ਸਿੰਘ ਚੱਠਾ ਹੁਰਾਂ ਦੇ ਮਹਿਮਾਨ ਸੀ। ਉੱਥੇ ਚਾਰ ਰੋਜ਼ਾ ਠਹਿਰ ਦੌਰਾਨ ਸਮਝ ਆਈ ਕਿ ‘C’ ਅੱਖਰ ਵਾਲੇ ‘ਕਰਾਉਨਧਾਰੀ’ ਵੱਡੇ, ਉੱਚੇ ਲੋਕ ਹੁੰਦੇ ਹੋਣੇ। ਉਹ ਬੰਦੇ ਨੂੰ ਬੰਦਾ ਵੀ ਨਹੀਂ ਸਮਝਦੇ ਹੋਣੇ। ਇਸਦੇ ਉਲਟ ‘K’ ਅੱਖਰ ਵਾਲੇ ਕਰਾਉਨਧਾਰੀ, ਧਰਤੀ ਨਾਲ ਜੁੜੇ ਅਸਲ ਤੇ ਧੀਰੇ ਲੋਕ ਹੁੰਦੇ, ਜਿਨ੍ਹਾਂ ਸਿਰ ਸਜੇ ਇਹ ਕਰਾਊਂਨ ਉਹਨਾਂ ਨੂੰ ਵਧੇਰੀ ਆਨ-ਸ਼ਾਨ ਤੇ ਬੁਲੰਦੀਆਂ ਬਖਸ਼ਦੇ।
ਜਿਸ ਸਖਸ਼ ਦੇ ਘਰ ਅਸਾਂ ਤਿੰਨ ਰਾਤਾਂ ਕੱਟੀਆਂ, ਉਹਨਾਂ ਦਾ ਨਾਂ ਸਰਦਾਰ ਸੰਜੀਤ ਸਿੰਘ ਹੈ। ਉਹ ‘ਕਰਾਉਨ ਕੰਕਰੀਟ ਕਟਿੰਗ ਐਂਡ ਕੋਰਿੰਗ ਇਨਕਾਰਪੋਰੇਸ਼ਨ ਦੇ ਮਾਲਕ ਨੇ। ਉਹ ਬਰੈਂਪਟਨ ਦੇ ਬਾਰਡਰ ਉੱਤੇ 3 ਏਕੜ ਦੇ ਹਰੇ ਭਰੇ ਤੇ ਵਿਸ਼ਾਲ ਰਕਬੇ ਵਿੱਚ ਫੈਲੇ ਆਲੀਸ਼ਾਨ ਘਰ ਵਿੱਚ ਰਹਿ ਰਹੇ ਹਨ। ਮਾਲਕ ਮਕਾਨ ਸੰਜੀਤ ਸਿੰਘ ਬੰਗਿਆਂ ਦੇ ਪੜ੍ਹੇ-ਲਿਖੇ ਘਰਾਣੇ ਨਾਲ ਸਬੰਧ ਰੱਖਦੇ ਨੇ। 50 ਕੁ ਸਾਲ ਪਹਿਲਾਂ ਖਾਲੀ ਹੱਥੀਂ ਬਰੈਂਪਟਨ ਆਣ ਵੱਸੇ। ਉਹਨਾਂ ਦੀ ਕੰਪਨੀ  ਇਮਾਰਤਸਾਜ਼ੀ ਦਾ ਕਾਰ-ਵਿਹਾਰ ਕਰਦੀ। ਡਿਸਮੈਂਟਲਿੰਗ ਜਾਂ ਉਸਾਰੀ ਵੇਲੇ ਉਹ ਪੈਸੇ ਨੂੰ ਪਹਿਲ ਨਹੀਂ ਦਿੰਦੇ, ਇਮਾਨਦਾਰੀ ਤੇ ਕਾਰੀਗਰੀ ਨਾਲ ਕਾਰਜ ਨੂੰ ਸਿਆਣਪ ਨਾਲ ਮੁਕੰਮਲ ਕਰਨਾ, ਉਹਨਾਂ ਦੀ ਪਹਿਲ ਹੁੰਦੀ। ਆਖਦੇ, ਪੈਸਾ ਹੱਥਾਂ ਦੀ ਮੈਲ ਹੁੰਦਾ। ਨਿੱਘ ਤੇ ਮੋਹ ਵਾਲੇ ਰਿਸ਼ਤੇ ਬਣੇ ਰਹਿਣ ਤਾਂ ਬੰਦਾ ਖੰਭਾਂ ਤੋਂ ਬਗੈਰ ਵੀ ਉਡਿਆ ਫਿਰਦਾ।
ਗੱਲਾਂ, ਗੱਲਾਂ ਵਿੱਚ ਉਹਨਾਂ ਦੱਸਿਆ ਕਿ ਰੱਬ ਤੋਂ ਡਰਨ ਵਾਲੇ ਮਾਪਿਆਂ ਦੀ ਔਲਾਦ ਬੜੇ ਸੁੱਖ ਭੋਗਦੀ। ਵਡੇਰਿਆਂ ਦੀਆਂ ਦੁਆਵਾਂ ਤੇ ਸੰਸਕਾਰਾਂ ਦੀ ਖੇਡ ਹੀ ਹੋਏਗੀ ਕਿ ਅੱਜ ਸੰਜੀਤ ਸਿੰਘ ਲੱਖਾਂ, ਕਰੋੜਾਂ ਡਾਲਰਾਂ ਵਿੱਚ ਖੇਡ ਰਹੇ। ਵੇਖਣ ਵਿੱਚ ਇਹ ਵੀ ਆਉਂਦਾ ਕਿ ਹੱਡ-ਭੰਨਵੀਂ ਮਿਹਨਤ ਕਰਕੇ ਵਿਦੇਸ਼ਾਂ ‘ਚ ਆਣ ਵਸੇ ਨਵੇਂ ਲੋਕਾਂ ਨੂੰ ਗੱਡੀਆਂ ਤੇ ਘਰ-ਛਾਤੇ ਬੜੀ ਮੁਸ਼ਕਿਲ ਨਾਲ ਤੇ ਦੇਰ ਨਾਲ ਨਸੀਬ ਹੁੰਦੇ।
ਸਰਦਾਰ ਸੰਜੀਤ ਸਿੰਘ ਵੀ ਬੇਗਾਨੇ ਮੁਲਕ ਵਿੱਚ ਆਪਣੇ ਪੈਰ ਜਮਾਉਣ ਲਈ ਅੱਧੀ ਕੁ ਸਦੀ ਕੋਹਲੂ ਦੇ ਬੈਲ ਵਾਂਗ ਘੁੰਮਦੇ ਰਹੇ। ਅੱਜ ਉਹਨਾਂ ਕੋਲ ਬੇਸ਼ੁਮਾਰ ਗੱਡੀਆਂ ਨੇ। ਉਹ ਰੱਬ ਜੀ ਦਾ ਪਲ-ਪਲ ਧੰਨਵਾਦ ਕਰਦੇ, ਜਿਸਨੇ ਉਹਨਾਂ ਨੂੰ ਦੋ, ਤਿੰਨ ਦਰਜਨ ਨੌਕਰ-ਚਾਕਰਾਂ ਦੇ ਰੁਜ਼ਗਾਰ ਦਾਤਾ ਬਣਨ ਦਾ ਬਲ ਬਖਸ਼ਿਆ।
ਅਮੀਰੀ ਦੇ ਨਾਲ ਨਾਲ ਹਲੀਮੀ, ਸੁਹਿਰਦਤਾ ਅਤੇ ਮਿਲਾਪੜਾਪਣ ਉਹਨਾਂ ਦੇ ਵੱਖਰੇ ਗੁਣ ਨੇ। ਉਹਨਾਂ ਨਾਲ ਸਮਾਂ ਬਿਤਾਇਆਂ ਠੰਡ, ਸੁਖ, ਨਿੱਘ, ਤ੍ਰਿਪਤੀ ਜੋ ਚਾਹੋ ਉਹੀ ਅਹਿਸਾਸ ਹੁੰਦਾ।
ਉਹਨਾਂ ਦੀ ਸੰਗਤ ਵੱਡੇ ਤੋਂ ਵੱਡੇ ਬੰਦੇ ਦੀ ਮੈਂ ਵੀ ਮਾਰ ਦਿੰਦੀ। ਹਾਂ ਸੱਚ ! ਕਰਾਉਨ ਤੋਂ ਗੱਲ ਸ਼ੁਰੂ ਹੋਈ ਸੀ। ਉਹ ਦੱਸਦੇ ਕਿ ਆਪਣੀ ਨਵੀਂ ਕੰਪਨੀ ਲਈ ‘ਕਰਾਉਨ’ ਨਾਂ ਸੋਚਿਆ ਸੀ। ਜਦੋਂ ‘C’ ਵਾਲਾ ਅਸਲੀ CROWN ਲਿਖ ਕੇ ਕੰਪਨੀ ਰਜਿਸਟਰ ਕਰਵਾਉਣੀ ਚਾਹੀ ਤਾਂ ਕੋਈ ਹੋਰ ਇਸ ਨਾਂ ਵਾਲੀ ਕੰਪਨੀ ਦਰਜ ਕਰਵਾ ਚੁੱਕਾ ਸੀ। ਅਸਾਂ ਰੱਬ ਜੀ ਦਾ ਨਾਂ ਲੈ ਕੇ ‘K’ ਨਾਲ ਆਪਣਾ KROWN ਬਣਾ ਲਿਆ ਤੇ ਕੰਪਨੀ ਦਰਜ ਕਰਵਾ ਲਈ। ਅੱਜ ਉਹੀ ਕੰਪਨੀ, ਸੈਆਂ ਘਰਾਂ ਵਿੱਚ ਖੁਸ਼ੀਆਂ ਖੇੜੇ ਵੰਡ ਰਹੀ।
ਕਥਾ ਸਮੇਟਦਿਆਂ ਸਰਦਾਰ ਸਾਹਿਬ ਨੇ ਬੜੀ ਪਾਏਦਾਰ ਗੱਲ ਕਹੀ ਸੀ – ‘ਕਰਾਉਨ, ਕਰਾਉਨ ਹੀ ਰਹਿੰਦਾ। ਕਾਗਜ਼ ਦਾ ਹੋਵੇ ਜਾਂ ਸੋਇਨੇ, ਚਾਂਦੀ ਦਾ… ਕਰਾਉਨ ਨੇ ਸਿਰਾਂ ‘ਤੇ ਹੀ ਸੱਜਣਾ ਹੁੰਦਾ।  ਰਹੀ ਗੱਲ ਜੁੱਤੀ ਦੀ … ਸੋਇਨੇ ਦੀ ਹੋਵੇ ਭਾਵੇਂ ਕਾਫ ਲੈਦਰ ਦੀ … ਉਸਨੇ ਪੈਰੀਂ ਹੀ ਪੈਣਾ ਹੁੰਦਾ।

Leave a Reply

Your email address will not be published. Required fields are marked *