ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਾਰਚ:


ਇਤਿਹਾਸ ਗਵਾਹ ਹੈ ਕਿ ਸਮੇਂ ਦੀ ਧੂੜ ਵੱਡੇ ਵੱਡੇ ਜ਼ਖ਼ਮਾਂ ਰੂਪੀ ਟੋਏ ਟਿੱਬੇ ਭਰਨ ਦੇ ਸਮਰੱਥ ਹੁੰਦੀ ਹੈ। ਕੋਈ ਗਰੀਬੀ ਦਾ ਸਤਾਇਆ ਤੇ ਕੋਈ ਪਰਿਵਾਰਕ ਕਲੇਸ਼ ਦਾ ਸਤਾਇਆ ਬੰਦਾ ਅਕਸਰ ਸਾਧ ਹੋ ਜਾਇਆ ਕਰਦਾ ਹੈ, ਨਹੀਂ ਤਾਂ ਰੰਗਲੀ ਦੁਨੀਆਂ ਦੇ ਅਨੰਦਿਤ ਨਜ਼ਾਰੇ ਛੱਡ ਕੇ, ਸਾਧ ਹੋਣ ਨੂੰ ਕਿਸ ਦਾ ਜੀਅ ਕਰਦਾ ਹੈ? ਖੈਰ ਕਾਰਨ ਕੋਈ ਵੀ ਰਿਹਾ ਹੋਵੇ ਪਰ ਸਾਧਪੁਣਾ ਕਿਸੇ ਕਿਸੇ ਨੂੰ ਹੀ ਰਾਸ ਆਉਂਦਾ ਹੈ। ਦੁਨੀਆਂ ਵਹਿਮਾਂ-ਭਰਮਾਂ ਦੀ ਪੱਟੀ ਪਈ ਹੈ ਤੇ ਆਪਣੇ ਉਜ਼ਰ ਦਾ ਇਲਾਜ ਲੱਭਣ ਲਈ ਐਹੋ ਜਿਹੇ ਸਾਧਾਂ/ ਫ਼ਕੀਰਾਂ ਦੇ ਬਣੇ ਝੋਪੜੇ ਤੇ ਫੇਰਾ ਪਾਉਣੋਂ ਵੀ ਝਿਜਕਦੀ ਨਹੀਂ। ਦੁਨੀਆਂ ਫੇਰਾ ਪਾਵੇ ਵੀ ਕਿਉਂ ਨਾ? ਆਖ਼ਰ ਲੋੜ ਨੂੰ ਲੋੜ ਭਾਲ ਹੀ ਲੈਂਦੀ ਹੈ। ਸਾਧ ਬਣੇ ਇਨਸਾਨ ਨੂੰ ਬਿਨਾਂ ਮਿਹਨਤ ਤੋਂ ਰੋਟੀ ਮਿਲ ਜਾਂਦੀ ਹੈ ਤੇ ਲੋਕਾਈ ਨੂੰ ਸਾਧ ਕੋਲੋਂ ਸਭ ਅੱਛਾ ਹੋਣ ਦਾ ਧਰਵਾਸ ਮਿਲ ਜਾਂਦਾ ਹੈ। ਵਕਤੀ ਮਾਰ ਦਾ ਝੰਬਿਆ ਐਸਾ ਹੀ ਇੱਕ ਸਾਧ ਵਗਦੇ ਪਾਣੀ ਦੇ ਕੰਢੇ ਇੱਕ ਨਿੱਕੀ ਜਿੰਨੀ ਝੁੱਗੀ ਪਾ ਕੇ ਰਹਿੰਦਾ ਸੀ, ਜਿਸਦਾ ਕੋਈ ਅਸਲ ਨਾਂ ਜਾਂ ਉਸਦਾ ਥਊ- ਟਿਕਾਣਾ ਵੀ ਨਹੀਂ ਸੀ ਜਾਣਦਾ। ਉਹ ਸਵੇਰੇ, ਦੁਪਹਿਰ ਤੇ ਸ਼ਾਮ ਨੂੰ ਆਪਣੀ ਮਸਤੀ ਵਿੱਚ ਹੀ ਕਦੇ ਖੁਦਾ ਨੂੰ ਗਾਲ੍ਹਾਂ ਕੱਢਦਾ, ਕਦੇ ਖਿੜ-ਖਿੜਾ ਕੇ ਹੱਸਦਾ ਤੇ ਕਦੇ ਚਿਮਟਾ ਵਜਾ ਕੇ ਕੁਝ ਨਾ ਕੁਝ ਗੁਣਗੁਣਾਉਂਦਾ ਹੋਇਆ ਨੇੜੇ ਤੋਂ ਲੰਘਣ ਵਾਲਿਆਂ ਨੂੰ ਦਿੱਸ ਪੈਂਦਾ ਸੀ। ਕਈ ਲੋਕ ਤਾਂ ਖਲੋਅ ਕੇ ਉਸਦੀਆਂ ਗੱਲਾਂ ਧਿਆਨ ਨਾਲ ਸੁਨਣ ਦਾ ਯਤਨ ਵੀ ਕਰਦੇ ਪਰ ਕਿਸੇ ਦੇ ਪਿੜ-ਪੱਲੇ ਘੱਟ ਹੀ ਪੈਂਦਾ ਸੀ। ਉਹ ਦਿਨ ਵੇਲੇ ਮਿੱਟੀ ਨੂੰ ਗੋਅ ਕੇ ਵੱਖ ਵੱਖ ਪ੍ਰਕਾਰ ਦੀਆਂ ਸ਼ਕਲਾਂ ਤਿਆਰ ਕਰਦਾ ਤੇ ਕਦੇ ਕਦੇ ਉਸ ਵਿੱਚੋਂ ਇੱਕ ਚੰਗੇ ਆਰਕੀਟੈਕਟ ਦਾ ਝਾਉਲਾ ਵੀ ਪੈਂਦਾ ਸੀ ਪਰ ਉਹ ਆਪਣੀ ਮਸਤੀ ਵਿੱਚ ਮਨ ਦੀ ਮਰਜ਼ੀ ਕਰਨ ਵਾਲਾ ਇੱਕ ਵਧੀਆ ਮਨਮੌਜੀ ਪ੍ਰਤੀਤ ਹੁੰਦਾ ਸੀ। ਉਹ ਆਪਣੀ ਝੁੱਗੀ ਵਿੱਚ ਭੂੰਝੇ ਹੀ ਇੱਕ ਪੁਰਾਣਾ ਜਿਹਾ ਮੈਲਾ-ਕੁਚੈਲਾ ਕੰਬਲ ਵਿਛਾ ਕੇ ਆਰਾਮ ਕਰਦਾ। ਕਦੇ ਕਦਾਈਂ ਸ਼ਾਮ ਵੇਲੇ ਉਸ ਕੋਲੋਂ ਆਪਣੇ ਬਿਹਤਰ ਭਵਿੱਖ ਲਈ ਪੁੱਛਾਂ ਲੈਣ ਵਾਲੇ ਵੀ ਆ ਜਾਂਦੇ ਤੇ ਉਹ ਅਟਕਲਪੱਚੂ ਲਾ ਕੇ ਜੋ ਮਨ ਆਵੇ ਕਹਿ ਦਿੰਦਾ, ਕੋਈ ਗੱਲ ਸਹਿਜ ਸੁਭਾਅ ਹੀ ਸਿਰੇ ਲੱਗ ਜਾਣ ਤੇ ਉਸਦੀ ਮਾਨਤਾ ਦਿਨੋਂ ਦਿਨ ਹੋਰ ਵਧਦੀ ਗਈ ਤੇ ਸ਼ਰਧਾਲੂਆਂ ਦੀ ਗਿਣਤੀ ਵੀ ਨਿਰੰਤਰ ਵਧਦੀ ਗਈ। ਮਾਨਤਾ ਪੂਰੀ ਹੋਣ ਦੇ ਸੰਕੇਤ ਵਜੋਂ ਸ਼ਰਧਾਲੂ ਹਰੇ ਰੰਗ ਦੀਆਂ ਝੰਡੀਆਂ ਲੈ ਕੇ ਢੋਲ ਦੀ ਥਾਪ ਤੇ ਭੰਗੜੇ ਪਾਉਂਦੇ ਉਸਦੀ ਝੌਂਪੜੀ ਕੋਲ ਆਉਂਦੇ ਤੇ ਝੰਡੀ ਉਥੇ ਗੱਡ ਕੇ ਆਪਣੇ ਮਨ ਦੀ ਤਸੱਲੀ ਕਰਦੇ ਤੇ ਆਪਣੇ ਘਰ ਤੋਂ ਬਣਾ ਕੇ ਲਿਆਂਦਾ ਕੜਾਹ ਜਾਂ ਫਲ਼-ਫਰੂਟ ਉਥੇ ਬੈਠੇ ਲੋਕਾਂ ਵਿੱਚ ਵੰਡ ਦਿੰਦੇ, ਜਿਸ ਨੂੰ ਬਾਬੇ ਠਿਲ ਦਾ ਪ੍ਰਸ਼ਾਦ ਕਿਹਾ ਜਾਂਦਾ। ਇਸ ਤਰ੍ਹਾਂ ਸਾਧ ਤੇ ਸ਼ਰਧਾਲੂਆਂ ਦਾ ਮੇਲ ਮਿਲਾਪ ਵਧਦਾ ਗਿਆ। ਇਹ ਵਰਤਾਰਾ ਆਮ ਹੀ ਵੇਖਣ ਨੂੰ ਮਿਲ ਜਾਂਦਾ ਸੀ। ਹੁਣ ਦੋ ਕਦਮ ਅਗਾਂਹ ਪੁੱਟਦੇ ਹੋਏ ਸ਼ਰਧਾਲੂ ਮੰਗਲਵਾਰ ਤੇ ਵੀਰਵਾਰ ਧੂਫ ਬੱਤੀ ਵੀ ਕਰਨ ਲੱਗ ਪਏ।
ਇਲਾਕੇ ਵਿੱਚ ਚਰਚਾ ਵੀ ਬਹੁਤ ਹੋਈ ਪਰ ਕਿਸੇ ਨੂੰ ਸਾਧ ਦਾ ਅਸਲ ਨਾਂ ਨਹੀਂ ਸੀ, ਪਤਾ ਇਸ ਲਈ ਉਹਨਾਂ ਨੇ ਉਸ ਵੱਲੋਂ ਬਣਾਏ ਜਾਂਦੇ ਘੁਗੂ ਘੋੜੇ ਜਾਂ ਠੱਲੂਆਂ ਨੂੰ ਵੇਖ ਕੇ ਹੀ ਉਸਦਾ ਨਾਂ ਬਾਬਾ ਠਿਲ ਰੱਖ ਲਿਆ ਸੀ। ਅਚਾਨਕ ਕੁਝ ਦਿਨ ਜਦੋਂ ਬਾਬਾ ਠਿਲ ਸ਼ਰਧਾਲੂਆਂ ਨੂੰ ਨਜ਼ਰ ਨਾ ਆਇਆ ਤੇ ਇੱਕ ਦਿਨ ਸ਼ਾਮ ਨੂੰ ਇਕੱਠੇ ਹੋ ਕੇ ਜਦੋਂ ਉਹਨਾਂ ਝੌਂਪੜੀ ਅੰਦਰ ਝਾਤੀ ਮਾਰੀ ਤਾਂ ਉਹ ਬੇਸੁੱਧ ਪਿਆ ਸੀ। ਉਸਦਾ ਚਿਹਰਾ ਧੂੰਆਂਖਿਆ ਹੋਇਆ ਸੀ ਤੇ ਉਸਦੇ ਸਰੀਰ ਵਿੱਚੋਂ ਬਦਬੂ ਵੀ ਆ ਰਹੀ ਸੀ। ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ ਉਸਦੀ ਦੇਹ ਨੂੰ ਇਸਨਾਨ ਕਰਵਾ ਕੇ ਕੋਰੇ ਲੱਠੇ ਦੇ ਅਣਸੀਤੇ ਕੱਪੜੇ ਵਿੱਚ ਲਪੇਟ ਕੇ, ਉਸਦੀ ਝੁੱਗੀ ਨੇੜੇ ਹੀ ਇੱਕ ਟੋਇਆ ਪੁੱਟ ਕੇ ਦੱਬ ਦਿੱਤਾ। ਹੌਲੀ ਹੌਲੀ ਸ਼ਰਧਾਲੂਆਂ ਨੇ ਝੌਂਪੜੀ ਦੀ ਥਾਂ ਤੇ ਉਸਦੀ ਸਮਾਧ ਬਣਾ ਕੇ, ਸੂਏ ਦੇ ਕੰਢੇ ਪਈ ਉੱਚੀ ਨੀਂਵੀ ਥਾਂ ਨੂੰ ਪੱਧਰਾ ਕਰਕੇ ਇੱਕ ਕਮਰਾ ਵੀ ਤਿਆਰ ਕਰ ਲਿਆ ਤੇ ਇਸ ਤਰ੍ਹਾਂ ਉਥੇ ਰੋਜ਼ਾਨਾ ਸਵੇਰੇ ਸ਼ਾਮ ਢੋਲਕੀ-ਚਿਮਟੇ ਵੱਜਣ ਲੱਗੇ। ਕੱਚੇ ਪਿੱਲੇ ਲਿਖਾਰੀਆਂ, ਗਾਇਕਾਂ ਤੇ ਸ਼ਰਧਾਲੂਆਂ ਨੇ ਸਾਧ ਦੀ ਉਸਤਿਤ ਵਿੱਚ ਭਜਨ ਲਿਖਣੇ ਤੇ ਗਾਉਣੇ ਵੀ ਆਰੰਭ ਕਰ ਦਿੱਤੇ। ਵੈਸੇ ਵੀ ਲਿਖਾਰੀਗਣ ਜੇ ਕਿਸੇ ਦੀ ਉਸਤਿਤ ਕਰਨ ਤੇ ਆਉਣ ਤਾਂ ਬੰਦੇ ਨੂੰ ਰੱਬ ਬਣਾਉਣ ਵਿੱਚ ਕੋਈ ਬਹੁਤੀ ਦੇਰ ਨਹੀਂ ਲਾਉਂਦੇ (ਉਂਝ ਬਹੁਤ ਸਾਰੇ ਚੰਗੇ ਲਿਖਾਰੀ ਵੀ ਹਨ ਜੋ ਸਮਾਜ ਨੂੰ ਸੇਧ ਦੇਣ ਦਾ ਕਾਰਜ ਬਾਖੂਬੀ ਕਰਦੇ ਰਹੇ ਹਨ ਤੇ ਕਰ ਵੀ ਰਹੇ ਹਨ, ਉਹਨਾਂ ਦੀ ਕਲਮ ਨੂੰ ਸਲਾਮ ਹੈ) ਹੁਣ ਇਲਾਕੇ ਦੀਆਂ ਬੀਬੀਆਂ ਵਹੀਰਾਂ ਘੱਤ ਕੇ ਆਉਣ ਲੱਗੀਆਂ। ਵੇਖਾ-ਵੇਖੀ ਸਾਧ ਦੇ ਡੇਰੇ ਦੀ ਧੁੰਮ ਚਾਰੇ ਪਾਸੇ ਫੈਲ ਗਈ। ਇੱਕ ਵਿਹਲੜ ਤੇ ਲਾਚਾਰ ਸ਼ਰਧਾਲੂ ਨੂੰ ਰਲ਼-ਮਿਲ਼ ਕੇ ਗੱਦੀ ਨਸ਼ੀਨ ਕਰ ਦਿੱਤਾ ਗਿਆ ਭਾਵ ਕੰਮ ਤੋਂ ਭੱਜੇ ਹੋਏ ਦਾ ਰੋਟੀ-ਟੁੱਕ ਦਾ ਇੱਕ ਵਧੀਆ ਜੁਗਾੜ ਕਰ ਦਿੱਤਾ ਗਿਆ। ਉਹ ਨੇਮ ਨਾਲ ਉਸ ਜਗਾਹ ਤੇ ਧੂਫ ਬੱਤੀ ਕਰਦਾ ਤੇ ਬੀਬੀਆਂ ਨੂੰ ਪ੍ਰਵਚਨ ਵੀ ਸੁਣਾਉਣ ਲੱਗਾ। ਭਾਵੇਂ ਬਾਬਾ ਠਿਲ ਸਾਰੀ ਉਮਰ ਗਰੀਬੀ ਨਾਲ ਘੁਲਦਾ ਆਖਰ ਇਲਾਜ ਖੂਣੋਂ ਹੀ ਸੰਸਾਰ ਤੋਂ ਚਲਾ ਗਿਆ ਸੀ ਪਰ ਉਸਦਾ ਧੂੰਆਂਖਿਆ ਤੇ ਲਾਚਾਰੀ ਭਰਿਆ ਚਿਹਰਾ ਹੁਣ ਜਿੱਥੇ ਕਿਸੇ ਵਿਹਲੜ ਦਾ ਰੋਜ਼ਗਾਰ ਬਣ ਗਿਆ ਸੀ, ਉੱਥੇ ਬੀਬੀਆਂ ਲਈ ਮੰਨਤਾਂ ਮੰਗਣ ਦਾ ਇੱਕ ਹੋਰ ਅੱਡਾ ਵੀ ਤਿਆਰ ਹੋ ਗਿਆ ਸੀ। ਸਮਾਧ ਉਤੇ ਹੁਣ ਧੂੰਆਂਖਿਆ ਚਿਹਰਾ ਰੋਸ਼ਨ ਚਿਰਾਗ਼ ਬਣ ਕੇ ਨਿਰੰਤਰ ਜਗਮਗਾ ਰਿਹਾ ਸੀ। ਇਹ ਲੋਕਾਂ ਦਾ ਅੰਧਵਿਸ਼ਵਾਸ ਸੀ ਜਾਂ ਭੋਲਾਪਣ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ, ਬੱਸ ਸੋਚੀ ਜਾ ਰਿਹਾ ਹਾਂ ਕਿ ਮੇਰੇ ਦੇਸ਼ ਮਹਾਨ ਦੇ ਇਹਨਾਂ ਪਿਛਲੱਗੂਆਂ ਦਾ ਕੀ ਬਣੇਗਾ? ਕੀ ਇਹੋ ਜਿਹੇ ਲੋਕ ਹੋਰਾਂ ਨੂੰ ਵੀ ਇਸ ਮਕੜਜਾਲ ਵਿੱਚ ਫਸਾ ਕੇ ਮਨੁੱਖੀ ਤਰਕ ਬੁੱਧੀ ਨੂੰ ਖੁੰਢਾ ਕਰਨ ਵਿੱਚ ਆਪਣਾ ਯੋਗਦਾਨ ਨਹੀਂ ਪਾ ਰਹੇ ਹੋਣਗੇ? ਕੀ ਸਾਨੂੰ ਨਵੇਂ ਯੁੱਗ ਦੇ ਹਾਣੀ ਬਣਨ ਦੇ ਆਹਰ ਵਿੱਚ ਨਹੀਂ ਜੁੱਟਣਾ ਚਾਹੀਦਾ ?
ਰਾਜ ਕੁਮਾਰ ਸਾਹੋਵਾਲੀਆ – 89682 40914

