ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ:


ਬੀਤੇ ਦਿਨੀਂ ਪੰਜਾਬੀ ਸਾਹਿਤਕ ਸਭਿਆਚਾਰਕ ਵਿਚਾਰ ਮੰਚ, ਸਰੀ ਤੇ ਆਦਾਰਾ ‘ਕਹਾਣੀ ਧਾਰਾ’ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ਼ ਕਲਾ ਭਵਨ ਵਿਖੇ ਨਵਦੀਪ ਸਿੰਘ ਅਤੇ ਬੂਟਾ ਰਾਮ ਮਸਾਣੀ ਨੂੰ ਨਗਦ ਰਾਸ਼ੀ, ਸਨਮਾਨ ਪੱਤਰ ਤੇ ਛੇ ਹਜ਼ਾਰ ਦੀਆਂ ਕਿਤਾਬਾਂ ਨਾਲ ‘ਪਾਠਕ ਪੁਰਸਕਾਰ’ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ‘ਕਹਾਣੀ ਧਾਰਾ’ ਵੱਲੋਂ ਪ੍ਰਸਿੱਧ ਕਹਾਣੀਕਾਰ ਬਲੀਜੀਤ ਨੂੰ ਪਲੇਠਾ ‘ਪ੍ਰੇਮ ਪ੍ਰਕਾਸ਼ ਪੁਰਸਕਾਰ’ ਦਿੱਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਤਿੰਨੇ ਪੁਰਸਕਾਰ ਵਿਜੇਤਾ ਤੋਂ ਇਲਾਵਾ ਹਰੀਸ਼ ਜੈਨ, ਅਮਰਜੀਤ ਚਾਹਲ, ਬਲਵਿੰਦਰ ਸਿੰਘ ‘ਉੱਤਮ’ ਬੈਠੇ। ਸਮਾਗਮ ਦੇ ਸ਼ੁਰੂ ਵਿੱਚ ਅਮਰਜੀਤ ਚਾਹਲ ਨੇ ਪੁਰਸਕਾਰ ਦੇਣ ਦੀ ਵਿਧੀ ਤੇ ਰੂਪ-ਰੇਖਾ ਦੱਸਣ ਉਪਰੰਤ ਕਿਹਾ ਕਿ ਅਸੀਂ ਪੰਜਾਬ ਸਾਹਿਤ ਦੇ ਪਾਠਕ ਪੈਦਾ ਕਰਨ ਤੇ ਲੇਖਕ ਪਾਠਕ ਦਾ ਰਿਸ਼ਤਾ ਹੋਰ ਪੀਡਾ ਕਰਨ ਲਈ ਇਹ ਪੁਰਸਕਾਰ ਸ਼ੁਰੂ ਕੀਤਾ ਹੈ। ਪੁਰਸਕਾਰ ਕਮੇਟੀ ਦੇ ਕਨਵੀਨਰ ਭਗਵੰਤ ਰਸੂਲਪੁਰੀ ਨੇ ਸਮਾਗਮ ‘ਚ ਪੁੱਜੇ ਲੇਖਕਾਂ, ਪਾਠਕਾਂ ਤੇ ਵਿਦਵਾਨਾਂ ਨੂੰ ਜੀ ਆਇਆ ਕਿਹਾ। ਲੇਖਕ ਤੇ ਪ੍ਰਕਾਸ਼ਕ ਹਰੀਸ਼ ਜੈਨ ਨੇ ‘ਪੁਸਤਕ ਸਭਿਆਚਾਰਕ ਤੇ ਪੜ੍ਹਨ ਰੁਚੀ ਦਾ ਰੁਝਾਨ’ ਵਿਸ਼ੇ ਤੇ ਆਪਣਾ ਪੇਪਰ ਪੜ੍ਹਿਆ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਸਾਹਿਤ ਦੀਆਂ ਕਿਤਾਬਾਂ ਵਿਕਦੀਆਂ ਸਨ, ਉੱਥੇ ਹੁਣ 80% ਕੰਪੀਟੀਸ਼ਨ ਦੀਆਂ ਕਿਤਾਬਾਂ ਵਿਕਦੀਆਂ ਹਨ। ‘ਵਾਸ਼ਿਗਟਨ ਪੋਸਟ’ ਵਰਗੀਆਂ ਸੰਸਾਰ ਦੀਆਂ ਵੱਡੀਆਂ ਅਖ਼ਬਾਰਾਂ ਨੇ ਆਪਣਾ ਬੁੱਕ ਸੈਕਸ਼ਨ ਬੰਦ ਕਰ ਦਿੱਤਾ ਹੈ। ਹੋਰ ਅਖ਼ਬਾਰਾਂ ਦਾ ਮੰਨਣਾ ਹੈ ਕਿ ਅਖਬਾਰਾਂ ਵਿੱਚ ਛਪੇ ਕਿਤਾਬਾਂ ਦੇ ਰੀਵਿਊ ਵਿੱਚ ਪਾਠਕਾਂ ਦੀ ਦਿਲਸਚਪੀ ਨਹੀਂ ਹੁੰਦੀ। ਪੰਜਾਬੀ ਵਿੱਚ ਵੀ ਇਹ ਵਾਪਰ ਰਿਹਾ ਹੈ। ਉਨ੍ਹਾਂ ਆਪਣੇ ਪੇਪਰ ਵਿੱਚ ‘ਗਾਰਡੀਅਨ‘ ‘ਚ ਛਪੇ ਇਕ ਲੇਖ ਦਾ ਹਵਾਲਾ ਵੀ ਦਿੱਤਾ ਕਿ ਪੁਸਤਕ ਮੇਲਿਆਂ ਵਿੱਚ ਲੇਖਕਾਂ ਦੀ ਥਾਂ ਸੈਲੀਬਿ੍ਟੀ ਦੀ ਆਮਦ ਵੱਧਣ ਲੱਗ ਪਈ ਹੈ। ਇਸ ਨਾਲ ਭੀੜ ਤਾਂ ਕੱਠੀ ਹੋ ਜਾਂਦੀ ਹੈ ਪਰ ਪਾਠਕ ਘਟ ਜਾਂਦੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਪੰਜਾਬੀ ਵਿੱਚ ਕਿਤਾਬਾਂ ਤੇ ਰਸਾਲੇ ਭਾਵੇਂ ਵੱਧ ਛਪਣ ਲੱਗ ਪਏ ਹਨ ਪਰ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋ ਰਿਹਾ। ਆਪਣੇ ਲੰਮੇ ਲੇਖ ਵਿੱਚ ਉਨ੍ਹਾਂ ਹੋਰ ਵੀ ਮਹੱਤਵਪੂਰਨ ਮੁੱਦੇ ਅੰਕੜਿਆਂ ਤੇ ਠੋਸ ਤੱਥਾਂ ਨਾਲ ਉਭਾਰੇ।
ਉਪਰੰਤ ਡਾ. ਸੁਖਦੇਵ ਸਿੰਘ ਸਿਰਸਾ ਨੇ ਵੀ ਇਸ ਵਿਸ਼ੇ ਉੱਤੇ ਆਪਣਾ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਮੰਨਿਆ ਕਿ ਪਾਠਕਾਂ ਦੀ ਗਿਣਤੀ ਘਟਣ ਦਾ ਕਾਰਨ ਸਾਡੇ ਵੱਡੇ ਲੇਖਕਾਂ ਦੀਆਂ ਲਿਖਤਾਂ ਵੀ ਰਹੀਆਂ ਹਨ। ਉਨ੍ਹਾਂ ਅਨੇਕਾਂ ਗਲਪ ਲਿਖਤਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਦੇ ਨਾਲ ਨਾਲ ਲਾਇਬਰੇਰੀਆਂ ਵਿੱਚ ਦਿੱਨੋਂ- ਦਿਨ ਘਟਦੀ ਪਾਠਕਾਂ ਦੀ ਗਿਣਤੀ ‘ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਯੂਨੀਵਰਸਿਟੀਆਂ ਵਿੱਚ ਬੈਠੇ ਪੰਜਾਬੀ ਵਿਦਵਾਨਾਂ ਦੀ ਕਿਤਾਬਾਂ ਤੋਂ ਦੂਰ ਜਾਣ ਦੀ ਰੁਚੀ ਉੱਤੇ ਚਿੰਤਾ ਵੀ ਪ੍ਰਗਟ ਕੀਤੀ। ਉਪਰੰਤ ਪੁਰਸਕਾਰ ਪ੍ਰਦਾਨ ਕਰਨ ਦੀ ਰਸਮੀ ਕੀਤੀ ਗਈ। ਨਵਦੀਪ ਸਿੰਘ ਦਾ ਸਨਮਾਨ ਪੱਤਰ ਜਗਦੀਪ ਸਿੱਧੂ, ਬੂਟਾ ਰਾਮ ਮਸਾਣੀ ਦਾ ਸੁਰਜੀਤ ਸੁਮਨ ਤੇ ਬਲੀਜੀਤ ਦਾ ਭਗਵੰਤ ਰਸੂਲਪੁਰੀ ਵੱਲੋਂ ਪੜ੍ਹਨ ਉਪਰੰਤ ਦੋ ਪਾਠਕਾਂ ਤੇ ਬਲੀਜੀਤ ਨੂੰ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ। ਪੁਰਸਕਾਰ ਮਿਲਣ ਉਪਰੰਤ ਨਵਦੀਪ ਸਿੰਘ, ਬੂਟਾ ਰਾਮ ਮਸਾਣੀ ਨੇ ਪੁਸਤਕਾਂ ਪੜ੍ਹਨ ਨਾਲ ਉਨ੍ਹਾਂ ਦੇ ਹੋਏ ਬੌਧਿਕ ਵਿਕਾਸ ਦਾ ਜ਼ਿਕਰ ਕੀਤਾ ਅਤੇ ਬਲੀਜੀਤ ਨੇ ਕਹਾਣੀ ਲਿਖਣ ਬਾਰੇ ਆਪਣੀਆਂ ਭਾਵਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਮਾਗਮ ਦਾ ਮੰਚ ਸੰਚਾਲਨ ਡਾ. ਸੁਖਪਾਲ ਕੌਰ ਸਮਰਾਲਾ ਨੇ ਸੁਚੱਜੇ ਢੰਗ ਨਾਲ ਨਿਭਾਇਆ। ਅੰਤ ਵਿੱਚ ਪੁਰਸਕਾਰ ਦੇ ਸੰਚਾਲਕ ਸਰਬਜੀਤ ਹੁੰਦਲ ਨੇ ਆਏ ਹੋਏ ਲੇਖਕਾਂ, ਵਿਦਵਾਨਾਂ ਤੇ ਪੁਰਸਕਾਰ ਪ੍ਰਾਪਤ ਅਦਬੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਕੈਨੇਡਾ ਤੋਂ ਪੁੱਜੇ ਅਮਰਜੀਤ ਚਾਹਲ, ਸਰਬਜੀਤ ਹੁੰਦਲ, ਮੋਹਨ ਗਿੱਲ, ਜਸਬੀਰ ਮਾਹਲ, ਮੱਖਣ ਟੁੱਟ ਤੇ ਨਿਰਮਲ ਜਸਵਾਲ ਉਚੇਚਾ ਪੁੱਜੇ। ਹੋਰਨਾਂ ਤੋਂ ਇਲਾਵਾ ਡਾ. ਅਵਤਾਰ ਸਿੰਘ ਪਤੰਗ, ਗੁਰਮੀਤ ਸਿੰਗਲ, ਪਰਮਜੀਤ ਮਾਨ, ਜੋਗਿੰਦਰਪਾਲ ਮਾਨ, ਸਰੋਜ, ਡਾ. ਗੁਰਮੇਲ ਸਿੰਘ, ਡਾ. ਹਰੀਸ਼ ਪੁਰੀ, ਡਾ, ਗੁਰਪਾਲ ਸੰਧੂ, ਗੁੱਲ ਚੌਹਾਨ, ਗੁਰਪ੍ਰੀਤ ਡੈਨੀ, ਪਾਲ ਅਜਨਬੀ, ਚਰਨਜੀਤ ਕੌਰ ਬਾਠ, ਸਤਨਾਮ ਸਿੰਘ ਸ਼ੋਕਰ, ਸਰੂਪ ਸਿਆਲਵੀ, ਵਰਿੰਦਰ ਚੱਠਾ, ਭੋਲਾ ਕਲਹਿਰੀ ਸਮੇਤ ਹੋਰ ਬਹੁਤ ਸਾਰੇ ਲੇਖਕ ਹਾਜ਼ਰ ਸਨ। ਇਹ ਸਮਾਗਮ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤਾ ਗਿਆ।

