www.sursaanjh.com > ਸਾਹਿਤ > ਨਵੇਂ ਯੁੱਗ ਵਿੱਚ ਉਸਰ ਰਹੇ ਨਵ – ਸਮਾਜਿਕ ਯਥਾਰਥ ਨੂੰ ਰੂਪਮਾਨ ਕਰਦਾ ਨਾਵਲ ‘ਉੱਜੜੇ ਖੂਹ ਦਾ ਪਾਣੀ’-ਨਿਰੰਜਣ ਬੋਹਾ     

ਨਵੇਂ ਯੁੱਗ ਵਿੱਚ ਉਸਰ ਰਹੇ ਨਵ – ਸਮਾਜਿਕ ਯਥਾਰਥ ਨੂੰ ਰੂਪਮਾਨ ਕਰਦਾ ਨਾਵਲ ‘ਉੱਜੜੇ ਖੂਹ ਦਾ ਪਾਣੀ’-ਨਿਰੰਜਣ ਬੋਹਾ     

ਮੇਰੀ ਕਿਤਾਬਾਂ ਵੱਲ ਖੁਲ੍ਹਦੀ ਖਿੜਕੀ
ਕਿਤਾਬ – ਉਜੜੇ ਖੂਹ ਦਾ ਪਾਣੀ (ਨਾਵਲ)
ਲੇਖਕ – ਬੂਟਾ ਸਿੰਘ ਚੌਹਾਨ, 
ਸਥਾਨਦਾਤਾ – ਪੰਜਾਬ ਟਾਈਮਜ਼ (ਯੂਐਸਏ )
ਨਵੇਂ ਯੁੱਗ ਵਿੱਚ ਉਸਰ ਰਹੇ ਨਵ – ਸਮਾਜਿਕ ਯਥਾਰਥ ਨੂੰ ਰੂਪਮਾਨ ਕਰਦਾ ਨਾਵਲ ‘ਉੱਜੜੇ ਖੂਹ ਦਾ ਪਾਣੀ’ – ਨਿਰੰਜਣ ਬੋਹਾ 
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਬੂਟਾ ਸਿੰਘ ਚੌਹਾਨ ਨੇ ਸਿਰਫ਼  ਚਾਰ ਨਾਵਲ ਲਿਖ ਕੇ ਨਾਵਲ ਦੇ ਖੇਤਰ ਵਿੱਚ ਸਥਾਪਤੀ ਦੇ ਹਾਣ ਦਾ ਮੁਕਾਮ ਹਾਸਿਲ ਕਰ ਲਿਆ ਹੈ। ਉਸਦਾ ਨਵਾਂ ਨਾਵਲ  ‘ਉੱਜੜੇ ਖੂਹ ਦਾ ਪਾਣੀ’ ਨਵੇਂ ਤਕਨੀਕੀ ਯੁੱਗ ਦੀ ਨਵੀਂ ਜੀਵਨ ਜਾਂਚ ਨੂੰ ਅਪਣਾਉਣ ਵੇਲੇ ਪੇਂਡੂ ਪਿਛੋਕੜ ਦੇ ਲੋਕਾਂ ਅੰਦਰ ਪੈਦਾ ਹੁੰਦੇ ਮਾਨਸਿਕ ਖਲਾਅ ਨੂੰ ਰੂਪਮਾਨ ਕਰਕੇ ਇਸ ਸਿੱਟੇ ਦੀ ਨਿਸ਼ਾਨਦੇਹੀ ਉਚੇਚੇ ਤੌਰ ‘ਤੇ  ਕਰਦਾ ਹੈ ਕਿ ਪਦਾਰਥਕ ਪ੍ਰਾਪਤੀਆਂ ਨੂੰ ਹੀ ਜੀਵਨ ਦੀ ਸੰਪੂਰਣਤਾ ਸਮਝਣ ਵਾਲੀ ਇਸ ਜੀਵਨ ਜਾਂਚ ਨੇ ਉਹਨਾਂ ਦੀ ਸਥਿਤੀ ਉਸ ਉੱਜੜੇ ਖੂਹ ਵਾਲੀ ਬਣਾ ਦਿੱਤੀ ਹੈ, ਜਿਸ ਕੋਲ ਕੋਈ ਵੀ ਯਾਤਰੀ ਆਪਣੀ ਪਿਆਸ ਬੁਝਾਉਣ ਲਈ ਨਹੀਂ ਰੁੱਕਦਾ। ਇਸ ਨਾਵਲ ਦੀ ਨਾਇਕਾ ਸ਼ਰਨ ਖਾਲਸਾ ਕਹਾਉਂਦੇ ਆਪਣੇ ਬਾਪੂ ਨਿਹੰਗ ਬਾਪ  ਵਾਂਗ  ਮਾਨਵੀ ਕਦਰਾਂ ਕੀਮਤਾਂ ਵਿਚ ਵਿਸ਼ਵਾਸ  ਰੱਖਣ ਵਾਲੀ ਦਲੇਰ, ਨਿੱਡਰ ਤੇ ਬੇਬਾਕ ਸੁਭਾਅ ਵਾਲੀ ਕੁੜੀ ਹੈ। ਉਹ ਆਪਣੇ ਵਿਆਹ ਤੋਂ  ਪਹਿਲਾਂ  ਆਪਣੀਆ ਅੱਖਾਂ ਸਾਹਮਣੇ ਵਾਪਰਣ ਵਾਲੇ ਹਰ ਅਣ-ਇੱਛਤ ਤੇ ਅਮਾਨਵੀ  ਵਰਤਾਰੇ ਦਾ ਡੱਟ ਕੇ ਮੁਕਾਬਲਾ ਕਰਦੀ ਰਹੀ ਹੈ ਪਰ ਆਪਣੇ ਵਿਆਹ ਤੋਂ ਬਾਅਦ ਦੇ ਹਲਾਤ ਉਸ ਤੇ ਇਸ ਕਦਰ ਹਾਵੀ ਪ੍ਰਭਾਵੀ ਹੋ ਜਾਂਦੇ ਹਨ ਕਿ ਉਹ ਆਪਣੀ ਹੀ ਸੋਚ ਤੋਂ ਉਲਟ ਉਨ੍ਹਾਂ ਰਾਹਾਂ ਦੀ ਪਾਂਧੀ ਬਣ ਜਾਂਦੀ ਹੈ, ਜਿਨ੍ਹਾਂ ਦਾ ਵਿਰੋਧ  ਉਹ ਸਾਬਤ ਕਦਮੀ  ਵਿਰੋਧ ਕਰਦੀ ਰਹੀ ਹੈ। ਜਦੋਂ ਨਾਵਲਕਾਰ  ਉਸਦੀ ਸੋਚ ਤੇ ਵਰਤੋਂ ਵਿਹਾਰ ਵਿਚ ਆਈਆਂ ਇਹਨਾਂ ਵੱਡੀਆਂ ਤਬਦੀਲੀਆਂ ਦੇ ਕਾਰਨ  ਸਮਾਜ ਦੀ ਨਵੀਂ ਆਰਥਿਕ ਤੇ ਸਮਾਜਿਕ ਸਰੰਚਨਾ ਵਿੱਚੋ  ਤਲਾਸ਼ਦਾ ਹੈ ਤਾਂ ਇਹ ਕਾਰਨ ਕੇਵਲ ਸ਼ਰਨ ਦੇ ਸੁਭਾਅ ਵਿਚ ਆਈ ਤਬਦੀਲੀ ਨਾਲ ਹੀ ਸਬੰਧਿਤ ਨਹਿਂ ਰਹਿੰਦੇ ਸਗੋ ਸਮੁੱਚੀ ਸਮਾਜਿਕ ਤੇ ਆਰਥਿਕ ਰਹਿਤਲ  ਵਿੱਚ ਆ ਰਹੇ ਵੱਡੇ ਬਦਲਾਵਾਂ ਦੇ ਸੂਚਕ ਹੋ ਨਿਬੜਦੇ ਹਨ।
ਇਸ ਨਾਵਲ ਦੀ  ਸਾਰੇ ਹੀ ਪਾਤਰ  ਸਮਾਜਿਕ  ਰਿਸ਼ਤਿਆਂ ਦੇ ਜਟਿਲ ਤਾਣੇ ਬਾਣੇ ਨੂੰ ਰੂਪਮਾਨ ਕਰਦੇ ਹੋਏ  ਅੱਜ ਦੇ ਮਨੁੱਖ ਦੀਆਂ ਅਜਿਹੀਆਂ ਮਨੋ-ਸਮਾਜਿਕ ਸਮੱਸਿਆਵਾਂ ਦਾ  ਵੀ ਬਿਰਤਾਂਤ ਸਿਰਜਦੇ ਹਨ ਜੋ ਪਾਠਕਾਂ ਨੂੰ ਨਵੀਆਂ ਵੀ ਲੱਗਦੀਆਂ ਹਨ ਤੇ ਯਥਾਰਥਕ ਵੀ। ਨਾਵਲ ਦੀ ਨਾਇਕਾ ਸ਼ਰਨ ਸਮੇਤ ਕਿਸੇ ਵੀ  ਪਾਤਰ  ਦੇ  ਆਪਣੀ ਸਮਕਾਲੀ ਸਮਾਜਿਕ ਵਿਵਸਥਾ ਨਾਲ ਸਬੰਧ ਸਹਿਜ ਤੇ ਸੁਖਾਵੇਂ ਨਹੀਂ ਹਨ।  ਇਹਨਾਂ ਸਬੰਧਾਂ ਵਿਚਲਾ ਦਵੰਦ ਤੇ ਤਣਾਓ  ਉਨ੍ਹਾਂ  ਦੇ ਜੀਵਨ ਦੀ ਦਸ਼ਾ ਤੇ ਦਿਸ਼ਾ ਨੂੰ ਨਵੇਂ ਤੋਂ ਨਵੇਂ ਅਣ-ਕਿਆਸੇ ਮੋੜ ਦੇਣ ਦਾ ਕਾਰਜ਼ ਕਰਦਾ ਹੈ। ਸ਼ਰਨ ਦੀ  ਸੋਚ ਤੇ ਸੁਭਾਅ ਵਿਚ ਬਦਲਾਅ ਆਉਣ ਦਾ ਮੁੱਢ ਉਦੋਂ ਬੱਝਦਾ ਹੈ, ਜਦੋਂ  ਉਹ  ਆਪਣੀ ਭੂਆ ਦਾ ਜਣੇਪਾ ਕਟਾਉਣ ਉਸਦੇ ਪਿੰਡ ਜਾਂਦੀ ਹੈ ਤੇ ਉਸਦਾ ਪਿਓ ਸਮਾਨ ਫੁੱਫੜ ਰਣਜੀਤ ਸਿੰਘ  ਉਸਦੀ ਮਰਜ਼ੀ ਤੋਂ ਉਲਟ ਉਸ ਨਾਲ  ਸਰੀਰਕ ਸਬੰਧ ਬਣਾ ਕੇ ਉਸਦੇ ਅਹੰਮ ‘ਤੇ ਸੱਟ ਮਾਰਦਾ ਹੈ। ਜਦੋਂ ਉਸਦੀ ਮਾਂ ਉਸ ਅੰਦਰ ਪੈਦਾ ਹੋਣ ਦੇ ਬਗਾਵਤੀ ਭਾਵਾਂ ਨੂੰ ਘਰ ਦੀ ਇੱਜ਼ਤ ਦੇ ਪਿਉ ਦੇ ਗੁੱਸੇ ਦਾ ਹਵਲਾ ਦੇ ਕੇ  ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ  ਉਸ ਅੰਦਰ ਦੱਬਿਆ ਰੋਹ ਤੇ ਗੁੱਸਾ ਉਸਦੇ ਸੁਭਾਅ ਨੂੰ ਹੋਰ ਵੀ ਤਲਖ ਤੇ ਜ਼ਿੱਦੀ ਬਣਾ ਦਿੰਦਾ ਹੈ।
ਨਾਵਲ ਦੀ ਇਸ  ਨਾਇਕਾ  ਦੇ ਜੀਵਨ ਵਿੱਚ  ਅੱਗੇ  ਚੱਲ ਕੇ  ਹੋਰ ਵੀ  ਕਈ ਅਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ, ਜਿਨ੍ਹਾਂ  ਬਾਰੇ  ਉਸ ਕਦੇ ਕਲਪਨਾ ਹੀ ਨਹੀਂ ਸੀ ਕੀਤੀ। ਉਸਦੇ ਬਚਪਨ  ਕਾਲ ਦੌਰਾਨ ਉਸਦਾ ਨਿਹੰਗ ਸਿੰਘ ਬਾਪ ਉਸਦੀ ਹਰ ਜ਼ਾਇਜ਼-ਨਾਜ਼ਾਇਜ਼ ਜਿੱਦ ਪੁਗਾਉਂਦਾ ਹੈ ਤਾਂ ਆਪਣੀ ਗੱਲ ਮਨਵਾਉਣ ਦੀ ਪ੍ਰਵਿਰਤੀ ਉਸ ਦੇ ਸੁਭਾਅ ਦਾ ਸਥਾਈ ਹਿੱਸਾ ਬਣ ਜਾਂਦੀ ਹੈ। ਆਪਣੇ  ਨਾਬਰ ਸੁਭਾਅ  ਕਾਰਨ ਉਹ   ਜੀਵਨ ਵਿਚ ਆਉਣ ਵਾਲੀ ਕਿਸੇ  ਸਮੱਸਿਆ ਦਾ ਹੱਲ ਮਿਲ ਬੈਠ ਕੇ ਕਰਨ ਦੀ ਨੀਤੀ ਨਹੀਂ ਅਪਣਾਉਦੀ ਸਗੋਂ ਉਸਨੂੰ  ਸਾਹਮਣੇ ਵਾਲੀ ਧਿਰ  ਨਾਲ  ਆਪਣੀਆਂ ਹੀ ਸ਼ਰਤਾਂ  ਅਨੁਸਾਰ   ਵਰਤੋਂ ਵਿਹਾਰ ਕਰਦੀ ਹੈ। ਆਪਣੇ ਨਾਲ ਹੋਏ ਬਲਾਤਕਾਰ ਦਾ ਰੰਜ਼ ਉਸਦੇ ਸੁਭਾਅ ਵਿਚ ਹੋਰ ਵੀ ਤਲਖੀ ਭਰ ਦਿੰਦਾ ਹੈ। ਉਸਦੀ ਇਹ ਅੜੀਅਲ ਪਹੁੰਚ ਉਸ ਲਈ ਤਾਂ ਨੁਕਸਾਨਦੇਹ  ਸਾਬਿਤ ਹੁੰਦੀ ਹੈ, ਪਰ ਆਪਣੇ ਹਿੱਤਾਂ ਲਈ ਉਸਦੀ ਵਰਤੋਂ  ਕਰਨ ਵਾਲੇ  ਲੋਕ ਇਸਦਾ ਪੂਰਾ ਫਾਇਦਾ ਚੁੱਕਦੇ ਹਨ। ਉਸ ਦੇ ਵਿਆਹ ਤੋਂ ਪਹਿਲਾਂ  ਉਸਦੀ  ਸਕੂਲ ਸਮੇਂ ਦੀ ਸਹੇਲੀ  ਰੰਚਨਾ ਉਸਦੇ ਬਾਗੀ ਸੁਭਾਅ ਨੂੰ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਵਰਤਦੀ ਹੈ ਤੇ  ਵਿਆਹ ਤੋਂ ਬਾਅਦ ਗਿੱਲ ਵਰਗੇ ਸਿਆਸੀ  ਲੋਕ ਉਸਦੀ ਅਜਿਹੀ ਮਾਨਸਿਕਤਾ ਨੂੰ ਪਛਾਣ ਕੇ ਉਸਨੂੰ ਆਪਣੇ ਸਿਆਸੀ ਹਿੱਤਾਂ  ਦੀ ਪੂਰਤੀ ਦਾ ਵਸੀਲਾ ਬਣਾਉਂਦੇ ਹਨ।
ਭਾਵੇਂ ਉਸਦੇ ਮਾਪਿਆਂ  ਵੱਲੋਂ ਤਲਾਸ਼ਿਆ ਵਰ ਗੁਰਵੀਰ  ਉਸ ਦੇ ਸੁਪਨਿਆ ਦੇ ਰਾਜ ਕੁਮਾਰ ਵਰਗਾ ਤਾਂ  ਨਹੀਂ ਹੈ ਤੇ ਉਸਦਾ ਵਿਆਹ ਕਰਨ ਵੇਲੇ ਉਸਦੀ ਮਰਜ਼ੀ ਵੀ ਨਹੀਂ ਪੁੱਛੀ ਗਈ ਪਰ ਫਿਰ ਵੀ  ਉਸਦੇ  ਕਮਾਊ  ਤੇ ਸ਼ਾਂਤ ਚਿੱਤ ਹੋਣ ਕਾਰਨ ਕੋਈ  ਔਰਤ  ਸਹਿਜ ਰੂਪ ਵਿਚ  ਉਸ ਨਾਲ ਜ਼ਿੰਦਗੀ ਬਤੀਤ ਕਰ ਸਕਦੀ ਹੈ। ਉਸਦੀ  ਸਹੇਲੀ ਰੰਚਨਾ ਵੱਲੋਂ ਪਤੀ ਨੂੰ ਪਹਿਲੇ ਦਿਨ ਤੋਂ ਆਪਣੇ ਕਾਬੂ ਵਿਚ ਰੱਖਣ ਦੀ ਗੱਲ  ਚੰਗੀ ਤਰ੍ਹਾਂ ਉਸਦੇ ਮਨ ਵਿਚ  ਬਿਠਾਈ  ਗਈ ਸੀ। ਇਸ ਲਈ ਉਹ  ਗੁਰਵੀਰ  ਨੂੰ ਸਮਰਪਿਤ ਭਾਵ ਨਾਲ ਪਿਆਰ ਕਰਨ ਦੀ ਥਾਂ ‘ਤੇ ਉਸਨੂੰ ਆਪਣੇ  ਕਾਬੂ ਵਿੱਚ ਰੱਖਣ  ਬਾਰੇ  ਹੀ ਸੋਚਦੀ  ਹੈ ਤੇ  ਇਹ ਸੋਚ ਅੰਤ ‘ਤੇ ਪਤੀ ਪਤਨੀ ਵਿਚਲੀਆਂ ਮਾਨਸਿਕ ਦੂਰੀਆਂ ਵਧਾਉਣ ਦਾ ਵੱਡਾ ਕਾਰਨ ਬਣ  ਜਾਂਦੀ ਹੈ।
ਉਨ੍ਹਾਂ ਦੇ ਵਿਆਹ ਦੀ  ਪਹਿਲੀ ਹੀ ਰਾਤ  ਗੁਰਵੀਰ ਦੇ ਆਪਣੀ ਭਰਜਾਈ ਨਾਲ ਨਜਾਇਜ਼ ਸਬੰਧਾਂ  ਦੀ ਗੱਲ ਕਬੂਲ ਲੈਂਦਾ ਹੈ,  ਪਰ ਨਾਲ ਹੀ ਉਹ  ਸਭ ਕੁਝ ਭੁੱਲ ਕੇ ਅੱਗੇ ਲਈ ਸਿਰਫ਼ ਉਸਦਾ ਹੀ ਹੋ ਕੇ ਰਹਿਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਵੀ ਕਰਦਾ ਹੈ। ਓਪਰੀ ਨਜ਼ਰ ਨਾਲ ਵੇਖਿਆ ਗੁਰਵੀਰ ਇਹਨਾਂ ਨਜਾਇਜ਼ ਸਬੰਧਾਂ ਲਈ ਦੋਸ਼ੀ ਵਿਖਾਈ ਦਿੰਦਾ ਹੈ, ਪਰ ਨਾਵਲਕਾਰ ਉਸ ਨਾਲੋ ਵੱਧ ਦੋਸ਼ ਨਵੇਂ ਯੁੱਗ ਦੀ ਨਿੱਜ-ਪ੍ਰਸਤ  ਲਾਲਚੀ ਪ੍ਰਵਿਰਤੀ ਦੇ  ਸਿਰ ਮੜ੍ਹਦਿਆਂ ਇਹ ਸੁਆਲ ਪੈਦਾ ਕਰਦਾ ਹੈ ਕਿ  ਆਖਿਰ ਗੁਰਵੀਰ  ਵਰਗੇ ਹੁਨਰਮੰਦ ਤੇ ਕਮਾਊ  ਨੌਜਵਾਨ ਵਿਆਹ ਸੰਸਥਾਂ ਤੋਂ ਬਾਹਰੀ ਅਜਿਹੇ ਸਬੰਧ ਬਣਾਉਣ ਵੱਲ ਰੁਚਿਤ ਹੀ ਕਿਉਂ ਹੁੰਦੇ ਹਨ? ਜੇ ਗੁਰਵੀਰ ਦੇ ਵੱਡਾ ਭਰਾ ‘ਬਾਈ’ ਅੰਦਰ  ਤੇ ਉਸਦੀ ਭਰਜਾਈ ਅੰਦਰ ਉਸਦੀ ਕਮਾਈ ਖਾਂਦੇ ਰਹਿਣ ਦਾ  ਲਾਲਚ ਪੈਦਾ ਨਾ ਹੁੰਦਾ ਤਾਂ ਇਸ ਮਕਸਦ ਦੀ ਪੂਰਤੀ ਲਈ ਉਹ ਗੁਰਵੀਰ ਲਈ ਆਏ ਰਿਸ਼ਤੇ ਨਾ ਮੋੜਦੇ ਤਾਂ ਆਪਣੀ ਜਿਨਸੀ ਲੋੜਾਂ ਲਈ ਉਸ ਨੂੰ ਇਹ ਨਜਾਇਜ਼ ਸਬੰਧ ਬਣਾਉਣ ਦੀ ਲੋੜ ਹੀ ਨਹੀਂ ਸੀ ਪੈਣੀ।
ਗੁਰਵੀਰ ਆਪਣੀ ਗਲਤੀ ਨੂੰ ਸਵੀਕਾਰ ਕੇ  ਆਪਣੇ ਗ੍ਰਹਿਸਥੀ ਜੀਵਨ ਨੂੰ ਬਚਾਉਣਾ ਚਾਹੁੰਦਾ ਹੈ, ਪਰ  ਸ਼ਰਨ ਦੇ ਸੁਭਾਅ ਵਿਚਲੀ ਨਾਬਰੀ ਤੇ ਬਦਲਾਖੋਰੀ ਆਪਣੇ ਪਤੀ ਨੂੰ  ਅਜਿਹਾ ਕਰਨ ਦਾ ਮੌਕਾ ਦੇਣ ਦੀ ਬਜਾਇ ਉਸਦੀ ਇਸ ਗਲਤੀ ਨੂੰ  ਉਸਨੂੰ ਦਬਾ ਕੇ ਰੱਖਣ ਦੇ ਜ਼ਰੀਏ ਵਜੋਂ ਵਰਤਦੀ ਹੈ। ਇਸ ਤਰ੍ਹਾਂ  ਉਨ੍ਹਾਂ ਦੇ ਗ੍ਰਹਿਸਥੀ ਜੀਵਨ ਦੀ ਤਾਣੀ ਪੂਰੀ ਤਰ੍ਹਾਂ ਉਲਝ ਜਾਂਦੀ ਹੈ। ਇੱਥੇ ਨਾਵਲਕਾਰ ਸ਼ਰਨ ਵਰਗੀਆਂ ਗੈਰਤਮੰਦ ਸੁਭਾਅ ਦੀਆਂ  ਔਰਤਾਂ ਅੰਦਰ  ਝਗੜਾਲੂ ਤੇ ਬਦਲਾਲਊ ਭਾਵ ਪੈਦਾ ਕਰਨ ਅਤੇ ਗੁਰਵੀਰ ਵਰਗੇ ਨੌਜਵਾਨਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਨ ਕਰਨ ਦੇ ਸਬੰਧ ਵਿਚ ਸਮਕਾਲੀ ਸਮਾਜ ਨੂੰ ਜੁਆਬਦੇਹ  ਬਣਾਉਂਦਾ ਹੈ। ਜਦੋਂ ਗੁਰਵੀਰ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਦੀ ਸਹਿਜ ਪੂਰਤੀ ਨਹੀਂ ਹੁੰਦੀ ਤਾਂ ਉਸਦਾ ਝੁਕਾਅ  ਫਿਰ ਤੋਂ ਆਪਣੀ  ਭਰਜਾਈ  ਵੱਲ ਹੋ ਜਾਂਦਾ  ਹੈ ਤੇ ਉਨ੍ਹਾਂ  ਦੇ ਗ੍ਰਹਿਸਥੀ ਜੀਵਨ ਵਿੱਚ ਵੀ ਸਥਾਈ ਤੌਰ ‘ਤੇ ਕਲੇਸ਼ ਰਹਿਣ ਦੇ ਅਸਾਰ ਬਣ ਜਾਂਦੇ ਹਨ।
ਨਵੀਆਂ ਪੈਦਾ ਹੋਈਆਂ ਸਥਿਤੀਆਂ  ਵਿੱਚ ਸ਼ਰਨ ਆਪਣੇ ਨਾਇਕਤੱਵ ਨੂੰ ਦਾਅ ਤੇ ਲਾ ਕੇ ਏਨੀ ਨਿੱਜਪ੍ਰਸਤ, ਬਦਲਾਖੋਰ ਤੇ ਹਿੰਸਕ ਬਣ ਜਾਂਦੀ ਹੈ ਜਿਵੇਂ ਪੁਰਾਣੀ ਸ਼ਰਨ ਦੀ ਮੌਤ ਹੀ ਹੋ ਗਈ ਹੋਵੇ ਤੇ ਨਵੇਂ ਪੂੰਜੀਵਾਦੀ ਦਾਅ-ਪੇਚਾਂ ਤੇ ਹਥਿਆਰਾਂ ਨਾਲ ਲੜਣ ਵਾਲੀ ਨਵੀਂ ਸ਼ਰਨ ਦਾ ਜਨਮ ਲੈ ਲਿਆ ਹੋਵੇ।   ਕਿਸੇ ਸਮੇ ਉਹ  ਆਪਣੇ ਸਿਰ ਦੀ ਚੁੰਨੀ ਨੂੰ ਆਪਣਾ ਸਭ ਤੋਂ ਵੱਡਾ ਗਹਿਣਾ ਸਮਝਦੀ ਰਹੀ ਹੈ ਤੇ ਆਪਣੇ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ਼ ਵਾਲੇ ਮੁੰਡਿਆਂ  ਨੂੰ ਜੂੰਡੇ ਪੁੱਟਣ ਦੀ ਧਮਕੀ ਵੀ ਦਿੰਦੀ ਰਹੀ ਹੈ ਪਰ ਹੁਣ ਉਹੀ  ਸ਼ਰਨ  ਪਤੀ ਨਾਲ  ਤਣਾਅ ਪੂਰਨ ਸਬੰਧਾਂ  ਦੇ ਚਲਦਿਆਂ ਸ਼ਹਿਰ ਦੇ ਐਮ. ਸੀ. ਗਿੱਲ ਨਾਲ  ਸਬੰਧ ਜੋੜ ਕੇ ਆਪਣੇ ਅੰਦਰਲੇ ਖਲਾਅ ਨੂੰ ਭਰਨ ਦੇ ਰਾਹ ਪੈ ਜਾਂਦੀ ਹੈ। ਗਿੱਲ ਵੱਲੋਂ ਉਸ ਅੰਦਰ ਪੈਦਾ ਕੀਤੀ ਲੀਡਰੀ ਤੇ ਸੱਤਾ ਦੀ ਭੁੱਖ ਵੀ ਉਸਨੂੰ ਗਲਤ ਰਾਹ ‘ਤੇ ਪੈਣ ਲਈ ਉਕਸਾਉਂਦੀ ਹੈ।
ਉਸਦੀ ਬਦਲੀ ਤੋਰ ਨੂੰ ਪਛਾਣ ਕੇ ਗੁਰਵੀਰ ਪਹਿਲਾਂ ਉਸਦੇ ਵੱਧਦੇ ਕਦਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਫਲ ਰਹਿਣ ‘ਤੇ ਉਸ ਕੋਲ ਸ਼ਰਾਬ ਪੀ ਕੇ ਆਪਣੇ ਗ਼ਮ ਨੂੰ ਭੁਲਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ  ਜਾਂਦਾ। ਪਤੀ-ਪਤਨੀ ਦੇ ਸਬੰਧਾਂ ਵਿਚ ਪੈਦਾ ਹੋਇਆ ਤਣਾਉ ਅੰਤ ਏਨੇ ਤਿੱਖੇ ਟਕਰਾਉ ਵਿਚ ਬਦਲ  ਜਾਂਦਾ  ਹੈ ਕਿ ਦੋਵੇਂ  ਇਕ ਦੂਜੇ ਦੀ  ਜਾਨ ਦੇ ਦੁਸ਼ਮਨ ਬਣ ਜਾਂਦੇ ਹਨ। ਪਹਿਲਾਂ ਗੁਰਵੀਰ ਉਸਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸਦੇ ਅਸਫ਼ਲ ਰਹਿਣ ਤੇ ਸ਼ਰਨ  ਐਮ. ਸੀ. ਗਿੱਲ ਦੀ ਮੱਦਦ ਨਾਲ  ਉਸਦੀ  ਸ਼ਰਾਬ ਵਿੱਚ ਕੀੜੇ ਮਾਰ ਦਵਾਈ ਰਲਾ ਕੇ  ਉਸਨੂੰ ਮਾਰ ਮੁਕਾਉਂਦੀ  ਹੈ। ਗਿੱਲ ਅੰਦਰਲਾ ਰਾਜਨੀਤੀਵਾਨ ਬੰਦਾ ਇਸ ਗੱਲ ਤੋਂ ਡਰਦਾ ਹੈ ਕਿ ਜੇ ਉਸਦੇ ਪਤੀ ਦੀ ਮੌਤ ਪਿੱਛੇ ਕੰਮ ਕਰਦੀ ਸਾਜਿਸ਼ ਨੰਗੀ ਹੋ ਗਈ  ਤਾਂ ਉਸਦੇ ਰਾਜਨੀਤਕ ਕੈਰੀਅਰ ਤੇ ਇਸਦਾ ਮਾੜਾ ਅਸਰ ਪਵੇਗਾ ਤੇ ਉਹ  ਆਪਣੀ ਅਗਲੀ ਚੋਣ ਵੀ  ਨਹੀਂ ਜਿੱਤ ਸਕੇਗਾ। ਇਸ ਲਈ ਉਹ  ਰਾਜਨੀਤੀ  ਦੀ ਆਜੋਕੀ ਪ੍ਰਵਾਨਿਤ ਸਮਝੀ ਜਾਂਦੀ ਧਾਰਨਾ   ‘ਵਰਤੋਂ ਤੇ ਸੁੱਟੋ’ ਦੀ ਨੀਤੀ ਨੂੰ ਅਪਣਾਉਂਦਿਆਂ ਉਸ ਤੋਂ ਕਿਨਾਰਾ ਕਰ ਲੈਂਦਾ ਹੈ । ਇਹ ਗੱਲ ਸ਼ਰਨ ਨੂੰ ਬਹੁਤ  ਨਿਰਾਸ਼ ਤੇ ਹਤਾਸ਼ ਕਰਦੀ ਹੈ ਕਿ ਨਗਰ ਪ੍ਰੀਸ਼ਦ ਦੀਆਂ  ਚੋਣਾਂ ਸਮੇ ਉਸਦੀ ਥਾਂ ਬਿਹਾਰ ਤੋਂ ਆਈ ਸੰਜੀਵਨੀ ਯਾਦਵ ਲੈ ਲਈ  ਹੈ। ਐਮ. ਸੀ.ਗਿੱਲ ਵੱਲੋਂ ਪਾਸਾ ਵੱਟ ਲਏ ਜਾਣ ਤੋਂ ਬਾਅਦ ਹੀ ਉਸਨੂੰ ਇਸ ਗੱਲ ਦਾ ਤੀਬਰ ਅਹਿਸਾਸ ਹੁੰਦਾ ਹੈ ਕਿ ਉਸਦੀ ਸਮਾਜਿਕ ਸਥਿਤੀ ਉੱਜੜੇ ਖੂਹ ਦੇ ਪਾਣੀ ਵਰਗੀ ਬਣ ਚੁੱਕੀ ਹੈ। ਇਸ ਤਰ੍ਹਾਂ ਇਹ ਨਾਵਲ ਭਾਰਤੀ ਸਿਆਸਤ ਵਿੱਚ ਔਰਤ ਦੀ ਸੁੰਦਰਤਾ ਤੇ ਦਲੇਰੀ ਦੀ ਹੋ ਰਹੀ ਕੁਵਰਤੋਂ ਵੱਲ ਵੀ ਪਾਠਕਾਂ ਦਾ ਧਿਆਨ ਦਵਾਉਂਦਾ ਹੈ ਤੇ ਇਸ ਖੇਤਰ ਵਿਚ ਜਾਣ ਵਾਲੀਆਂ ਔਰਤਾਂ ਨੂੰ ਵੀ ਅਗਾਹ ਕਰਦਾ ਹੈ ਕਿ ਉਹ ਕਿਸੇ ਸਿਆਸਤਦਾਨ ਤੇ ਅੰਨ੍ਹਾਂ ਵਿਸ਼ਵਾਸ਼ ਕਰਨ ਦੀ ਬਜਾਇ ਇਸ ਖੇਤਰ ਵਿਚ ਫੂਕ ਫੂਕ ਕੇ ਹੀ ਕਦਮ ਰੱਖਣ।
ਘਰ ਦੇ ਵਿਗੜੇ ਮਾਹੌਲ  ਦਾ ਸਿੱਧਾ ਅਸਰ ਬੱਚਿਆਂ ਤੇ ਪੈਂਦਾ ਹੈ ਤੇ  ਇਸ  ਲਈ ਉਨ੍ਹਾਂ ਦੇ ਘਰ ਦੇ ਪੂਰੀ ਤਰ੍ਹਾਂ  ਵਿਗੜ ਚੁੱਕੇ ਮਾਹੌਲ ਦਾ ਪ੍ਰਭਾਵ  ਉਹਨਾਂ ਦੀ ਜੁਆਨ ਹੋ  ਧੀ ਪਰਮਲ  ‘ਤੇ ਪੈਂਣਾ ਵੀ ਸੁਭਾਵਿਕ ਸੀ। ਜਦੋਂ  ਸ਼ਰਨ ਆਪਣੇ ਮਾਂ ਹੋਣ ਦੀ ਜਿੰਮੇਵਾਰੀ ਨੂੰ ਭੁੱਲ ਕੇ ਆਪਣਾ  ਸਾਰਾ ਧਿਆਨ ਪਤੀ ਨਾਲ ਚਲਦੇ ਕਲੇਸ਼, ਰਾਜਨੀਤੀ ਵਿਚ ਅੱਗੇ ਵੱਧਣ ਤੇ ਜਰ ਜਾਇਜ਼-ਨਜਾਇਜ਼ ਢੰਗ ਨਾਲ ਵੱਧ ਤੋਂ ਵੱਧ ਜ਼ਮੀਨ ਜਾਇਦਾਦ ਦੀ ਮਾਲਕੀ ਹਾਸਿਲ ਕਰਨ ਵਾਲੇ ਪਾਸੇ ਲਾਉਣ ਲੱਗਦੀ ਹੈ  ਤਾਂ ਪਰਮਲ ਅੰਦਰ ਹੌਲੀ ਹੌਲੀ ਆਪਣੀ ਮਾਂ ਪ੍ਰਤੀ ਮੋਹ- ਭੰਗਤਾ ਦੇ ਭਾਵ ਪੈਦਾ ਹੋਣ ਲੱਗਦੇ ਹਨ। ਉਹ ਆਪਣੀ ਮਾਂ ਨੂੰ ਆਪਣੇ ਪਿਤਾ ਦਾ ਕਾਤਲ ਵੀ ਸਮਝਦੀ ਹੈ। ਇਹ  ਵਿਚਾਰ ਉਸ ਅੰਦਰ ਪੈਦਾ ਹੋਈ ਮੋਹ- ਭੰਗਤਾ ਦੀ ਭਾਵਨਾ ਵਿਚ  ਹੋਰ ਵਾਧਾ ਕਰਦਾ ਹੈ।  ਜਦੋਂ ਸ਼ਰਨ  ਆਪਣੀ ਜੁਆਨ ਹੋ ਰਹੀ ਧੀ ਨੂੰ ਸਮਾਂ ਦੇਣ ਸਬੰਧੀ ਆਪਣੇ ਫਰਜ਼ਾਂ ਤੋਂ  ਪੂਰੀ ਤਰ੍ਹਾਂ ਅਵੇਸਲੀ ਹੋ ਜਾਂਦੀ ਹੈ ਤਾਂ ਧੀ ਪਰਮਲ  ਅੰਦਰ ਵੀ ਆਪਣੀ ਮਾਂ ਤੋਂ  ਬਦਲਾ ਲੈਣ ਦੇ ਭਾਵ ਵੀ  ਪੈਦਾ ਹੋ ਜਾਂਦੇ ਹਨ।
ਨਵ-ਪੂੰਜੀਵਾਦੀ ਯੁੱਗ ਵਿੱਚ ਹਰ ਕੋਈ ਆਪਣਾ ਦਾਅ ਲਾਉਣ ਦੀ ਤਾਕ ਵਿਚ ਰਹਿੰਦਾ ਹੈ ਤਾਂ  ਉਹਨਾਂ ਦੇ ਘਰ ਕਿਰਾਏ ਤੇ ਰਹਿ ਰਹੀ ਦੀਪੀ ਵੀ  ਇਸ ਸਥਿਤੀ ਦਾ ਫਾਇਦਾ ਚੁੱਕਣ ਤੋਂ ਪਿੱਛੇ  ਕਿਉਂ ਰਹੇ?  ਉਹ ਆਰਕੈਸਟਰਾ ਦੇ ਕਿੱਤੇ ਨਾਲ ਜੁੜੀ ਹੋਈ ਹੈ ਤੇ ਇਸ ਕਿੱਤੇ ਨੂੰ ਹਮੇਸ਼ਾ ਹੀ ਸੁੰਦਰ ਤੇ ਮਾਸੂਮ ਚਿਹਰੇ ਵਾਲੀਆਂ ਕੁੜੀਆਂ ਦੀ ਲੋੜ ਰਹਿੰਦੀ ਹੈ। ਦੀਪੀ ਮਾਂ–ਧੀ ਵਿਚਕਾਰ ਚਲਦੇ ਤਣਾਓ ਦਾ ਲਾਭ ਲੈਣ ਲਈ  ਹੌਲੀ ਹੌਲੀ ਪਰਮਲ ਨੂੰ ਆਪਣੇ ਕਿੱਤੇ ਨਾਲ  ਜੁੜਣ ਲਈ ਪ੍ਰੇਰਣਾ ਸ਼ੁਰੂ ਕਰ ਦਿੰਦੀ ਹੈ, ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਪਰਮਲ ਉਸ ਨਾਲ  ਨਾਲ ਘਰੋਂ ਭੱਜ  ਕੇ ਉਸਦੇ ਕਿੱਤੇ ਵਿਚ ਸ਼ਾਮਿਲ ਹੋ ਜਾਂਦੀ ਹੈ।  ਅਜਿਹੀ ਸਥਿਤੀ ਵਿਚ  ਸ਼ਰਨ ਬਿਲਕੁਲ ਇਕੱਲੀ ਪੈ ਜਾਂਦੀ ਹੈ  ਤਾਂ  ਆਪਣੀ ਨਿਰਮਲਤਾ ਗੁਆ ਕੇ ਗੰਧਲ ਚੁੱਕੇ ਉੱਜੜੇ ਖੂਹ ਦੇ  ਪਾਣੀ ਦੇ  ਹੋਰ ਵੀ ਗੰਧਲੇ ਹੋਣ ਦੇ ਅਸਾਰ ਬਣ ਜਾਂਦੇ ਹਨ।
ਨਵੇਂ ਪੂੰਜੀਵਾਦੀ ਝੁਕਾਵਾਂ ਨੂੰ ਇਮਾਨਦਾਰੀ ਨਾਲ ਪੇਸ਼ ਕਰਦਿਆਂ ਨਾਵਲ ਦੀ  ਕਹਾਣੀ ਦੇ ਅਗਲੇ ਫੈਸਲਾਕੁੰਨ ਮੋੜ ‘ਤੇ ਪੁੱਜਦੀ ਹੈ ਤਾਂ  ਪਤੀ ਪਤਨੀ ਤੋਂ ਬਾਅਦ  ਮਾਂ- ਧੀ ਦਾ ਰਿਸ਼ਤਾ ਵੀ ਟਕਰਾਓ  ਦੇ ਸਿਖਰਲੇ  ਮੁਕਾਮ ਤੱਕ  ਪਹੁੰਚ ਜਾਂਦਾ ਹੈ। ਜਦੋਂ ਸ਼ਰਨ ਨੂੰ ਪਤਾ ਚਲਦਾ ਹੈ ਕਿ ਉਸਦੀ ਧੀ ਪਰਮਲ ਨੇ ਇਕ ਆਰਕੈਸਟਰਾ ਗਰੁੱਪ ਚਲਾਉਣ ਵਾਲੇ ਸਹੋਤੇ ਨਾਲ ਵਿਆਹ ਕਰਵਾ ਲਿਆ ਤਾਂ ਉਹ ਪਰਮਲ ਨੂੰ ਵਾਪਸ ਲਿਆਉਣ ਦੇ ਯਤਨ ਕਰਦੀ ਹੈ। ਉਹ ਕੇਵਲ ਆਪਣੀ ਧੀ ਦੀ ਵਾਪਸੀ ਹੀ ਚਾਹੁੰਦੀ ਹੈ ਪਰ ਉਸਨੂੰ ਇਹ ਕਦਾਚਿੱਤ ਮੰਨਜੂਰ ਨਹੀਂ ਕਿ ਉਸਦੀ ਮਰਜ਼ੀ ਤੋਂ ਉਲਟ ਉਸਦਾ ਜੁਆਈ ਬਣਿਆ ਸਹੋਤਾ  ਉਸ ਵੱਲੋਂ   ਜਾਇਜ਼- ਨਜ਼ਾਇਜ ਢੰਗ ਨਾਲ ਇੱਕਠੀ ਕੀਤੀ ਉਸਦੀ ਜ਼ਮੀਨ-ਜਾਇਦਾਦ ਦਾ ਵਾਰਸ ਬਣੇ। ਉਹ   ਆਪਣੀ ਧੀ ਨੂੰ ਇਸ ਸ਼ਰਤ ‘ਤੇ  ਹੀ ਅਪਣਾਉਣਾ ਚਾਹੁੰਦੀ ਹੈ ਕਿ ਉਹ ਆਪਣੀ ਪਤੀ ਨੂੰ ਛੱਡ ਕੇ ਉਸ ਕੋਲ ਰਹਿਣ ਲੱਗ ਪਵੇ ਪਰ  ਮੋਹ ਭੰਗਤਾ ਦੀ ਸ਼ਿਕਾਰ ਹੋਈ ਪਰਮਲ  ਉਸ  ਨਾਲ ਕੋਈ ਰਿਸ਼ਤਾ ਰੱਖਣ ਤੋਂ ਇਨਕਾਰ ਕਰ  ਦਿੰਦੀ ਹੈ।
ਜਦੋਂ  ਧੀ  ਆਪਣੇ ਪਿਤਾ ਦੀ ਜਾਇਦਾਦ ਵਿੱਚੋਂ ਆਪਣਾ  ਹਿੱਸਾ  ਲੈਣ  ਲਈ ਉਸਨੂੰ  ਨੋਟਿਸ ਭੇਜਦੀ ਹੈ ਤਾਂ  ਦੋਹਾਂ ਧਿਰਾਂ ਵਿਚਕਾਰ ਆਰਥਿਕ ਹਿੱਤਾਂ ਲਈ ਪੈਦਾ ਟਕਰਾਓ ਆਪਣੀਆਂ ਅੰਤਿਮ ਨਿਵਾਣਾ ਤੱਕ  ਚਲਿਆ ਜਾਂਦਾ ਹੈ। ਉਸਦਾ ਜੁਆਈ ਸਹੋਤਾ ਪਹਿਲਾਂ ਮਿੱਠਾ ਪਿਆਰਾ ਹੋ ਕੇ ਜਾਇਦਾਦ ਵਿਚੋਂ ਹਿੱਸਾ ਲੈਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਕਾਨੂੰਨੀ ਲੜਾਈ ਲੜਣ ਦਾ ਰਾਹ ਅਖਤਿਆਰ ਕਰ ਲੈਂਦਾ ਹੈ। ਇਸ ਮੌਕੇ ‘ਤੇ ਉਹ ਆਪਣੀ ਧੀ ਦੇ ਪਤੀ  ਦੇ  ਇਰਾਦਿਆਂ ਨੂੰ ਮਾਤ ਦੇਣ ਲਈ ਆਪਣੇ ਉਸ ਨਿਹੰਗ ਫੁੱਫੜ ਦੀ ਮੱਦਦ ਲੈਂਦੀ ਹੈ ਜੋ  ਬਚਪਨ ਵਿਚ ਉਸਨੂੰ  ਨੀਂਦ ਦੀਆਂ ਗੋਲੀਆਂ ਖੁਆ ਕੇ  ਧੋਖੇ ਨਾਲ ਉਸਦੀ  ਇਜ਼ਤ ਲੁੱਟ ਚੁੱਕਾ ਹੈ ਤੇ ਜਿਸਨੂੰ ਉਹ ਬੇਹੱਦ  ਨਫਰਤ ਵੀ ਕਰਦੀ ਰਹੀ ਹੈ। ਨਾਵਲ ਦੇ ਅੰਤਲੇ  ਵਾਕ ਵਿੱਚ ਉਸ ਵੱਲੋਂ  “ਸਾਰਾ ਘਰ ਤੇਰਾ ਈ ਐ ਫੁੱਫੜਾ” ਬੋਲਣਾ ਤੇ ਫੁੱਫੜ ਦਾ ਉਸਦੇ ਕਮਰੇ ਅੰਦਰ ਜਾਣਾ’  ਭਾਵੇਂ ਉਸ ਵੱਲੋਂ ਆਪਣੇ  ਜੀਵਨ ਦੀ ਨਵੇ ਸਿਰੇ ਤੋਂ ਕੀਤੀ ਪੂੰਜੀਵਾਦੀ ਤਰਜ਼ ਦੀ  ਵਿਉਂਤਬੰਦੀ ਹੈ ਪਰ ਇਹ  ਵਿਉਂਤਬੰਦੀ  ਸਮਾਜਿਕ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਨੈਤਿਕ ਲੀਹਾਂ ਤੋਂ ਲਾਹੁਣ ਵਾਲੀ ਹੈ। ਇਹ ਵਿਉਂਬਬੰਦੀ ਨਵ- ਪੂੰਜੀਵਾਦੀ ਵਿਚਾਰਧਾਰਾ ਬਾਰੇ ਇਸ ਧਾਰਨਾ ਨੂੰ ਬਲ ਪ੍ਰਦਾਨ ਕਰਦੀ ਹੈ ਕਿ ਰਿਸ਼ਤਿਆਂ ਵਿਚ ਪੈਸੇ ਦੀ ਵੱਧ ਰਹੀ ਦਖਲਅੰਦਾਜ਼ੀ ਨੇ ਸਮਾਜਿਕ ਰਿਸ਼ਤਿਆਂ ਅੰਦਰਲੀ ਨੈਤਿਕਤਾ, ਪਵਿਤਰਤਾ ਤੇ ਨਿੱਘ ਨੂੰ ਬਿਲਕੁਲ ਹੀ  ਖਤਮ ਕਰ ਦਿੱਤਾ ਹੈ।
ਇਹ ਨਾਵਲ  ਆਪਣੇ ਪਾਤਰ ਉਸਾਰੀ ਕਰਨ  ਵੇਲੇ  ਨੈਤਿਕ –ਅਨੈਤਿਕ, ਨਾਇਕ- ਖਲਨਾਇਕ, ਠੀਕ -ਗਲਤ ਜਾਂ ਪ੍ਰਵਾਨਿਤ -ਵਰਜਿਤ ਦੇ  ਦ੍ਰਿਸ਼ਟੀਕੋਣ ਤੋਂ ਕਰਨ ਦੀਆਂ ਪ੍ਰੰਪਰਕ ਲੀਹਾਂ ਤੇ ਨਹੀਂ ਤੁਰਦਾ ਸਗੋਂ ਬਦਲ ਰਹੀ ਮਨੁੱਖੀ ਸੋਚ  ਨੂੰ  ਦਰਸਾਉਣ ਲਈ  ਨਿਰੋਲ ਯਥਾਰਥਕ ਦ੍ਰਿਸ਼ਟੀਕੋਨ ਅਪਨਾਉਂਦਾ  ਹੈ।  ਨਾਵਲ  ਦਾ ਨਾਇਕ ਤੇ ਖਲਨਾਇਕ ਇੱਕੋ ਜਿਸਮ ਵਿਚ ਵਾਸਾ ਕਰਦਾ ਹੈ ਅਤੇ  ਸਮੇ, ਸਥਿਤੀਆਂ, ਸਮਾਜਿਕ ਦਬਾਵਾਂ ਤੇ ਵਿਅਕਤੀਗਤ ਹਿੱਤਾਂ ਅਨੁਸਾਰ ਉਹ ਕਿਸੇ ਵੇਲੇ ਨਾਇਕ ਦਾ ਰੂਪ ਧਾਰ ਲੈਂਦਾ ਹੈ ਤੇ ਕਿਸੇ ਵੇਲੇ ਖਲਨਾਇਕ ਦਾ।  ਸਾਡੀ ਪੂਰਵਲੇ  ਨਾਵਲਕਾਰ   ਆਪਣੇ ਪਾਤਰਾਂ  ਦਾ  ਸਮਾਜਿਕ ਯਥਾਰਰਥ   ਪੇਸ਼ ਕਰਦਿਆਂ  ਇੱਛਤ  ਤੇ  ਉਦੇਸ਼ ਮੂਲਕ ਆਦਰਸ਼ ਦੀ ਸਥਾਪਨਾ ਦੇ ਮੰਤਵ ਨੂੰ ਪਹਿਲ ਦਿੰਦੇ ਰਹੇ ਹਨ ਪਰ ਇਹ ਨਾਵਲ ਮਨੁੱਖੀ ਮਾਨਸਿਕਤਾ ਵਿਚ ਵੱਖ  ਵੱਖ ਸਮੇਂ ਤੇ ਵੱਖ-ਵੱਖ ਪ੍ਰਸਥੀਤੀਆਂ ਅਨੁਸਾਰਾ ਆਉਂਦੇ ਬਦਲਾਵਾਂ ਤੇ ਉਤਰਾਵਾਂ ਚੜਾਵਾਂ ਨੂੰ  ਉਹਨਾਂ ਦੇ ਵਾਸਤਵਿਕ ਸਰੂਪ ਰੂਪ ਵਿਚ ਹੀ  ਪੇਸ਼   ਕਰਦਾ ਹੈ । ਕੋਈ ਇਸ  ਨਾਲ ਸਹਿਮਤ ਹੋਵੇ ਜਾ ਨਾਂ ਪਰ ਨਵੇਂ ਵਿਸ਼ਵੀ ਯੁਗ ਦਾ ਸੱਚ ਇਹੀ ਹੈ। ਇਸ ਨਾਵਲ ਰਾਹੀਂ ਉਸ ਸਮਾਜ ਦੀ ਪਰਿਵਾਰ ਰੂਪੀ  ਇਕਾਈ ਦੇ ਸੰਸਥਾਗਤ ਰੂਪ ਵਿਚ ਆਈਆਂ ਹੈਰਾਨੀ ਜਨਕ ਤਬਦੀਲੀਆਂ ਨੂੰ ਇਸ ਤਰ੍ਹਾਂ ਵਿਸ਼ਲੇਸ਼ਿਤ ਤੇ ਪਰਿਭਾਸ਼ਤ ਕੀਤਾ ਹੈ ਕਿ ਜੇ ਇਸ ਤਬਦੀਲੀ ਦੇ ਲੁਪਤ ਕਾਰਨਾਂ  ਨੂੰ  ਸਮਝਿਆ ਤੇ ਵਿਚਾਰਿਆ  ਨਾ  ਗਿਆ ਤਾਂ  ਸਮਾਜ ਦੀ ਇਹ ਇਹ ਮੁੱਢਲੀ  ਇਕਾਈ ਪੂਰੀ ਤਰ੍ਹਾਂ ਟੁੱਟ ਤੇ ਬਿਖਰ ਜਾਵੇਗੀ।
ਨਾਵਲ ਵਿੱਚ ਕਹਾਣੀ ਰਸ ਕਮਾਲ ਦਾ ਹੈ ਤੇ ਇਸਦੀ ਮੁਹਾਵਰੇਦਾਰ ਅੰਲਕਾਰਕ ਭਾਸ਼ਾ ਇਸਦੀ ਪੜ੍ਹਣ ਯੋਗਤਾ ਨੂੰ ਵਧਾਉਣ ਵਾਲੀ ਹੈ।  ਇਸ ਨਾਵਲ ਵਿੱਚ ਨਾ ਤਾਂ ਵਾਧੂ ਘਟਨਾਵਾਂ ਦਾ ਖਿਲਾਰਾ ਹੈ ਤੇ ਨਾ ਹੀ ਵਾਧੂ ਪਾਤਰਾਂ ਦੀ ਭਰਮਾਰ ਹੈ। ਸਾਰੇ ਪਾਤਰ ਨਾਵਲ ਦੀ ਕਹਾਣੀ ਦੀਆਂ ਉਦੇਸ਼ਤਾਮਕ ਲੋੜਾਂ ਮੁਤਾਬਿਕ ਹੀ ਆਪਣੇ ਕਾਰਜ਼ ਖੇਤਰ ਵਿਚ ਵਿਚਰਦੇ ਹਨ। ਨਾਵਲਕਾਰ ਦੀ ਬਿਰਤਾਂਤਕ ਭਾਸ਼ਾ ਬਹੁਤ ਚੁਸਤ ਹੈ। ਨਿੱਕੇ ਨਿੱਕੇ ਵਾਕਾਂ ਰਾਹੀ ਭਾਵਪੂਰਤ ਬਿਰਤਾਂਤ ਸਿਰਜਣ ਨਾਲ  ਨਾਵਲ ਦੇ ਕਥਾਨਕੀ  ਸੁਹਜ  ਵਿੱਚ ਭਰਪੂਰ  ਵਾਧਾ ਹੋਇਆ ਹੈ। ਨਾਵਲ ਦੀ ਕਹਾਣੀ ਅੱਗੇ ਕੀ ਮੋੜ ਲਵੇਗੀ ਦੀ ਉਤਸੁਕਤਾ ਨਾਵਲ ਪਾਠ ਵਿੱਚ  ਪਾਠਕਾਂ  ਦੀ ਦਿਲਚਸਪੀ  ਲਗਾਤਾਰ ਬਣਾਈ ਰੱਖਦੀ ਹੈ।  ਇਸ ਨਾਵਲ ਦੇ ਪਾਠ ਰਾਹੀਂ ਨਵੇਂ  ਪੰਜਾਬੀ  ਨਾਵਲ  ਦੀਆਂ ਵਿਸ਼ੇਸ਼ ਪ੍ਰਵਿਰਤੀਆਂ ਤੇ ਵਿਸ਼ੇਸ਼ ਝੁਕਾਵਾਂ ਨੂੰ ਭਲੀ ਭਾਂਤ ਜਾਣਿਆਂ ਜਾ ਸਕਦਾ ਹੈੇ। ਇਸ ਲਈ ਇਸ ਨਾਵਲ ਦੀ ਗੱਲ  ਅੱਗੇ ਤੋਂ ਅੱਗੇ ਤੁਰਨੀ ਚਾਹੀਦੀ ਹੈ।

Leave a Reply

Your email address will not be published. Required fields are marked *