ਚੰਡੀਗੜ੍ਹ 11 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਟੋਲ ਪਲਾਜ਼ਾ ਬੜੌਦੀ ਨੇੜਲੇ ਪਿੰਡਾਂ ‘ਚ ਨਸ਼ੇੜੀ ਚੋਰਾਂ ਨੇ ਕਈ ਦਿਨਾਂ ਤੋਂ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਇਸ ਸਬੰਧੀ ਪਿੰਡ ਦੁਸਾਰਨਾ, ਸੇਖਪੁਰਾ, ਖੈਰਪੁਰ, ਅੰਦਹੇੜੀ ਤੇ ਕਾਦੀਮਾਜਰਾ ਦੇ ਵਸਨੀਕ ਤਰਲੋਚਨ ਸਿੰਘ ਤੋਚਾ ਖੈਰਪੁਰ, ਮੱਘਰ ਸਿੰਘ ਖੈਰਪੁਰ, ਬਹਾਦਰ ਸਿੰਘ ਸ਼ੇਖਪੁਰਾ, ਕਾਕਾ ਸਿੰਘ, ਬਾਰਾ ਸਿੰਘ ਕਾਦੀਮਾਜਰਾ ਤੇ ਹਰਪ੍ਰੀਤ ਸਿੰਘ ਦੁਸਾਰਨਾ ਆਦਿ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਇਨ੍ਹਾਂ ਅੱਧੀ ਦਰਜਨ ਪਿੰਡਾਂ ‘ਚ ਨਸ਼ੇੜੀ ਚੋਰਾਂ ਵੱਲੋਂ ਰਾਤਾਂ ਨੂੰ ਅਤੇ ਬੇਖੌਫ਼ ਹੋ ਕੇ ਦੁਪਹਿਰ ਸਮੇਂ ਮੋਟਰਾਂ ਦੇ ਤਾਲੇ ਤੋੜ ਕੇ ਉਨ੍ਹਾਂ ਦੀਆਂ ਮਹਿੰਗੀਆਂ ਕੇਬਲਾਂ, ਸਟਾਟਰ ਤੇ ਪ੍ਰਵਾਸੀਆਂ ਦੇ ਪੱਖੇ ਆਦਿ ਸਮਾਨ ਚੁੱਕ ਕੇ ਲੈ ਜਾਂਦੇ ਹਨ, ਉਥੇ ਮੋਟਰਾਂ ਤੋਂ ਟਰਾਂਸਫ਼ਾਰਮਰ ਵੀ ਉਤਾਰ ਕੇ ਲੈ ਜਾਂਦੇ ਹਨ।
ਇਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਜਿੱਥੇ ਪੁਲਿਸ ਗੰਭੀਰ ਨਜ਼ਰ ਨਹੀਂ ਆਈ, ਉੱਥੇ ਜਾਣਕਾਰੀ ਦੇਣ ਤੇ ਵੀ ਮੁਲਾਜ਼ਮ ਬਹੁਤ ਲੇਟ ਪੁੱਜੇ। ਇਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਚੋਰਾਂ ਨੂੰ ਨੱਥ ਨਾ ਪਾਈ ਗਈ ਤਾਂ ਨਸ਼ੇੜੀ ਸਾਡੀਆਂ ਮੋਟਰਾਂ ਦੇ ਨੁਕਸਾਨ ਦੇ ਨਾਲ ਨਾਲ ਕਿਸੇ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ। ਇਸ ਬਾਰੇ ਲੋਕ ਹਿੱਤ ਮਿਸ਼ਨ ਦੇ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਭਗਤ ਸਿੰਘ ਭਗਤਮਾਜਰਾ ਤੇ ਸੋਹਣ ਸਿੰਘ ਸੰਗਤਪੁਰਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਜਲਦੀ ਚੋਰ ਗਰੋਹ ਨਾ ਫੜਿਆ ਤਾਂ ਮਿਸ਼ਨ ਧਰਨਾ ਲਗਾਉਣ ਲਈ ਮਜਬੂਰ ਹੋਵੇਗਾ।

