ਨਿਊ ਚੰਡੀਗੜ੍ਹ ‘ਚ ਤੀਜ ਦਾ ਤਿਉਹਾਰ ਮਨਾਇਆ
ਚੰਡੀਗੜ੍ਹ 8 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਊ ਚੰਡੀਗੜ੍ਹ ਦੇ ਈਕੋ ਸਿਟੀ ਵਨ ਸੁਸਾਇਟੀ ਦੀਆਂ ਸਮੂਹ ਔਰਤਾਂ ਵੱਲੋਂ ਸਾਂਝੇ ਤੌਰ ‘ਤੇ ਡਾ ਸੁਨੈਨਾ ਗੁਪਤਾ ਦੀ ਦੇਖਰੇਖ ਹੇਠ (ਤੀਜ) ਤੀਆਂ ਦਾ ਤਿਉਹਾਰ ਚਾਅ ਤੇ ਉਤਸ਼ਾਹ ਨਾਲ ਇਕੋ ਸਿਟੀ ਦੇ ਖੁੱਲ੍ਹੇ ਪਾਰਕ ਵਿੱਚ ਮਨਾਇਆ ਗਿਆ ਹੈ। ਇਸ ਮੌਕੇ ਪਾਰਕ ਵਿੱਚ ਵੱਖ ਵੱਖ ਤਰ੍ਹਾਂ ਦੇ ਔਰਤਾਂ ਦੇ ਪਸੰਦੀਦਾ ਖਾਣ ਪੀਣ ਦੇ ਪਦਾਰਥਾਂ ਦੀਆਂ ਸਟਾਲਾਂ ਸਜਾਈਆਂ ਗਈਆਂ। ਇਸ ਤੋਂ ਇਲਾਵਾ ਔਰਤਾਂ ਦੇ ਹਾਰ – ਸ਼ਿੰਗਾਰ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆ ਸਨ। ਇਸ ਸੁਸਾਇਟੀ ਵਿਚ ਭਾਰਤ ਦੀਆਂ ਵੱਖ ਵੱਖ ਸਟੇਟਾਂ ਤੋਂ ਆ ਕੇ ਲੋਕ ਵਸੇ ਹੋਏ ਹਨ। ਸੁਸਾਇਟੀ ਦੀਆਂ ਔਰਤਾਂ ਆਪਣੇ – ਆਪਣੇ ਵਿਰਸੇ ਮੁਤਾਬਕ ਅਤੇ ਪੰਜਾਬੀ ਵਿਰਸੇ ਨੂੰ ਪ੍ਰਫੁਲਿਤ ਕਰਨ ਲਈ ਪੰਜਾਬੀ ਸੂਟਾਂ ਤੇ ਰੰਗ ਬਰੰਗੀਆਂ ਫੁੱਲਕਾਰੀਆਂ ਲੈ ਕੇ ਸਜ-ਧਜ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ।
ਇਸ ਮੌਕੇ ਪੁਰਾਣੇ ਵਿਰਸੇ ਨਾਲ ਸੰਬੰਧਤ ਚਰਖਾ, ਮਧਾਣੀ, ਪੱਖੀਆਂ, ਚੱਕੀ ਅਤੇ ਹੋਰ ਸਮਾਨ ਪੰਡਾਲ ਵਿੱਚ ਸਜਾਇਆ ਗਿਆ। ਸੁਸਾਇਟੀ ਦੀਆਂ ਸਮੂਹ ਸ਼ਾਮਲ ਔਰਤਾਂ ਨੇ ਇੱਕ ਦੂਜੀ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਤੀਆਂ ਦੇ ਮੇਲੇ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਮਾਤਾ ਅਤੇ ਭਾਬੀ ਸਰਬਜੀਤ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਸਾਰੀਆਂ ਔਰਤਾਂ ਨਾਲ ਮਿਲ ਕੇ ਨੱਚ ਟੱਪ ਕੇ ਅਤੇ ਬੋਲੀਆਂ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ ਸੁਨੈਨਾ ਗੁਪਤਾ ਨੇ ਅੱਜ ਕੱਲ੍ਹ ਦੀਆਂ ਧੀਆਂ ਧਿਆਣੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਤਿਉਹਾਰ ਸਾਨੂੰ ਸਾਰਿਆਂ ਨੂੰ ਰਲ਼ ਕੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਪੰਜਾਬੀ ਸੱਭਿਆਚਾਰ ਨਾਲ ਜੁੜਨ ਦੇ ਨਾਲ ਨਾਲ ਆਪਸੀ ਸਾਂਝਾਂ ਵੀ ਵੱਧਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਨੂੂੰ ਆਪਣੇ ਵਿਰਸੇ ਅਤੇ ਸੱਭਿਅਚਾਰ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਤਿਉਹਾਰ ਆਪਸੀ ਭਾਈਚਾਰਕ ਸਾਂਝ, ਪਿਆਰ ਤੇ ਸਦਭਾਵਨਾ ਦਾ ਸੁਨੇਹਾ ਦਿੰਦੇ ਹਨ। ਮੁਟਿਆਰਾਂ ਵੱਲੋਂ ਗਿੱਧਾ ਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ ਗਿਆ। ਇਸ ਮੌਕੇ ਡਾ ਸੁਨੈਨਾ ਗੁਪਤਾ ਦੀ ਟੀਮ ਤੋਂ ਇਲਾਵਾ ਪੂਨਮ ਗੁਲੇਰੀਆ, ਨਵਨੀਤ ਧਾਲੀਵਾਲ, ਮਾਇਆ ਮਤੋਰੀਆ, ਅੰਜੂ ਠਾਕੁਰ ਸਮੇਤ ਸੁਸਾਇਟੀ ਦੀਆਂ ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

