Breaking
www.sursaanjh.com > ਸਾਹਿਤ > ਪਤਾ ਰੱਖਿਆ ਕਰੋ/ ਗੁਰਭਜਨ ਗਿੱਲ

ਪਤਾ ਰੱਖਿਆ ਕਰੋ/ ਗੁਰਭਜਨ ਗਿੱਲ

ਪਤਾ ਰੱਖਿਆ ਕਰੋ/ ਗੁਰਭਜਨ ਗਿੱਲ
ਸੂਰਜ ਕਿੱਧਰੋਂ ਚੜ੍ਹਦਾ ਹੈ,
ਕਿੱਧਰ ਨੂੰ ਡੁੱਬਣ ਜਾਂਦਾ ਹੈ,
ਪਤਾ ਰੱਖਿਆ ਕਰੋ ।
ਰੰਗ ਦੀਆਂ ਡੱਬੀਆਂ ਲੈ ਕੇ,
ਸਿਰਫ਼ ਮਹਿਲਾਂ ਦੀਆਂ ਕੰਧਾਂ ਹੀ ਪੋਚਦਾ,
ਵੱਡਿਆਂ ਘਰਾਂ ਦੇ ਵਿਹੜੇ ’ਚ,
ਸੁਰਖ਼, ਪੀਲੇ, ਨੀਲੇ, ਤੇ ਹੋਰ,
ਰੰਗਾਂ ਦੇ ਗੁਲਾਬ ਖਿੜਾਉਂਦਾ ਹੈ ।
ਕੱਚੇ ਘਰਾਂ ਕੁੱਲੀਆਂ ਦਾ ਮੂੰਹ ਚਿੜਾਉਂਦਾ ਹੈ ।
ਕਦੇ ਸਾਡੇ ਵਿਹੜੇ ਪੈਰ ਕਿਉਂ ਨਹੀਂ ਪਾਉਂਦਾ ।
ਤਿੱਖੜ ਦੁਪਹਿਰੇ, ਤਾਂਬੇ ਵਾਂਗ ਤਪਦਾ ਹੈ ਜਿਸਮ ।
ਸੁੱਕਦੀ ਹੈ ਅੰਦਰ, ਬਚੀ ਹੋਈ ਥੋੜ੍ਹੀ ਬਹੁਤੀ ਰੱਤ ।
ਮੁੜ੍ਹਕਾ ਪੂੰਝਦਿਆਂ ਮਾਰੀ ਜਾਂਦੀ ਹੈ ਮੱਤ ।
ਤੇਜ਼ ਤਰਾਰ ਕਿਰਨਾਂ ਮਜ਼ਾਕ ਕਰਦੀਆਂ ।
ਆਸਾਂ ਉਮੀਦਾ ਤੜਪ ਤੜਪ ਮਰਦੀਆਂ ।
ਕੁੰਗੜ ਜਾਂਦਾ ਹੈ ਵਜੂਦ ਜਦ ਆਉਣ ਸਰਦੀਆਂ
ਨੰਗ ਧੜੰਗਿਆਂ ਤੇ ਕੀ ਬੀਤਦੀ ਹੈ ।
ਏ, ਬੀ, ਸੀ, ਖਾ ਚੱਲੀ ਹੈ
ਸਿਖ਼ਰ ਦੁਪਹਿਰੇ ਊੜੇ ਤੇ ਜੂੜੇ ।
ਪਾਠਸ਼ਾਲਾ ਦੀਆਂ ਛੱਤਾਂ ਨੂੰ
ਉਡਾਕੇ ਲੈ ਚੱਲਿਐ ਟਾਈ ਵਾਲਾ ਤੂਫ਼ਾਨ ।
ਜੁਗਾਲੀ ਕਰਦਾ ਚਿੰਗਮ-ਗਿਆਨ
ਹਸਪਤਾਲਾਂ ’ਚੋਂ ਇਲਾਜ ਨਹੀਂ,
ਮਰਨ ਦੇ ਪਰਮਾਣ ਪੱਤਰ ਮਿਲਦੇ ਨੇ ।
ਕੌਣ ਲੈ ਗਿਆ ਸਾਡੇ ਨੈਣ ਪਰਾਣ ।
ਗੀਤ ਸੰਗੀਤ ਵਿੱਚ ਕਾਂਜੀ ਕੌਣ ਘੋਲਦਾ ।
ਸੁਰਾਂ ਨੂੰ ਸੂਰਾਂ ਵਾਂਗ ਕੌਣ ਮਧੋਲਦਾ ।
ਸ਼ਬਦ-ਸੱਭਿਆਚਾਰ ’ਚੋਂ ਆਚਾਰ ।
ਜ਼ਿੰਦਗੀ ਦੇ ਹਰ ਟੋਟੇ ’ਚੋਂ ਕਿਰਦਾਰ ।
ਸਾਂਝੇ ਜੀਣ ਮਰਨ ਦਾ ਵਿਹਾਰ ।
ਕਿਸ ਅਜਗਰ ਦੀ ਫੂਕ ਨਾਲ,
ਸਵਾਹ ਹੋਇਆ ।
ਫੁਲਕਾਰੀਆਂ ਨੂੰ ਪਾੜ ਕੇ,
ਚੜ੍ਹਦੇ ਸਿਆਲ ਡੰਗਰਾਂ ਦੀਆਂ, ਝੁੱਲਾਂ ਬਣਨ ਵਾਲੀਆਂ ਹਨ ।
ਵਿਆਹ ਸ਼ਾਦੀ ਦੇ ਮੰਡਪ,
ਬਾਰਾਤ ਦੀਆਂ ਰੰਗ ਬਰੰਗੀਆਂ ਦਸਤਾਰਾਂ,
ਪਰੇਡ ਵਰਗੀਆਂ ਹੋਣਗੀਆਂ ।
ਬਹੁਤ ਹੋ ਗਿਆ ਰੰਗ ਰੰਗ ਖੇਡਣਾ ।
ਕਸ਼ਮੀਰ ਤੋਂ ਕੰਨਿਆ ਕੁਮਾਰੀ ਤੀਕ
ਹੁਣ ਪਤਾ ਲੱਗੂ ਕਿ ਭਾਰਤ ਏਕ ਹੈ ।
ਜੀਭ ਨੂੰ ਹੁਣ ਪਤਾ ਲੱਗੂ ਕਿ
ਬੱਤੀ ਦੰਦਾਂ ਵਿੱਚ ਕਿਵੇਂ ਰਹੀਦੈ ।
ਬਹੁਤ ਹੋ ਗਿਆ ਮਨ ਮਰਜ਼ੀ ਦੇ ਬੋਲਾਂ ਦਾ ਨਾਚ ।
ਸਾਡਾ ਹੀ ਲਿਖਿਆ ਪੜ੍ਹਨਾ ਪਵੇਗਾ ।
ਸਿਲੇਬਸ ਬਦਲ ਗਿਆ ਹੈ
ਲਾਲ ਕਿਲ੍ਹੇ ਦੀ ਫ਼ਸੀਲ ਤੋਂ
ਹੰਕਾਰ ਸਿਰ ਚੜ੍ਹ ਕਿਉਂ ਬੋਲਦਾ ਹੈ ।
ਸਾਬਤ ਕਦਮਾਂ ਦਾ ਈਮਾਨ ਕਿਉਂ ਡੋਲਦਾ ਹੈ ।
ਭੁੱਲ ਜਾਉ! ਕਿ ਮੁਲਕ ਸਿਰਫ਼ ਜਮੈਟਰੀ ਬਕਸ ’ਚੋਂ,
ਕੱਢੀ ਪਰਕਾਰ ਦਾ ਵਾਹਿਆ ਨਕਸ਼ਾ ਹੀ ਹੁੰਦਾ ਹੈ ।
ਬਦਲ ਸਕਦੀਆਂ ਹਨ ਗਲੋਬ ਦੀਆਂ ਫਾੜੀਆਂ ।
ਮੁਲਕ ਵਿੱਚ ਹੋਰ ਬਹੁਤ ਕੁਝ ਹੁੰਦਾ ਹੈ ।
ਜਿਵੇਂ ਫੁੱਲਾਂ ’ਚ ਰੰਗ ਤੇ ਮਹਿਕ
ਅਨਾਰ ਦਾਣਿਆਂ ’ਚ ਰਸ ।
ਜੀਆ ਜੰਤ ’ਚ ਵਿਸਾਹ ਵਿਸ਼ਵਾਸ ।
ਹੱਦਾਂ ਸਰਹੱਦਾਂ ’ਚ ਰਹਿ ਕੇ ਵੀ,
ਵਰਤੋਂ ਭਾਜੀ ਦਾ ਵਿਸਥਾਰ ।
ਕਦੋਂ ਤੇ ਕਿਉਂ ਜੰਗ ’ਚ ਬਦਲਦਾ ਹੈ !
ਧੀਮੀ ਰਫ਼ਤਾਰ ’ਚ ਧੜਕਦਾ ਦਿਲ ।
ਛਲਣੀ ਫੇਫੜਿਆਂ ’ਚ ਜੰਮਿਆ ਗਰਦ ਗੁਬਾਰ ।
ਗੁਰਦਿਆਂ ’ਚ ਜਮ੍ਹਾਂ ਹੋਇਆ ਕਚਰਾ ।
ਤੇ ਹੋਰ ਬਹੁਤ ਕੁਝ ਐਸਾ ਹੁੰਦਿਆਂ,
ਜੇ ਕੋਈ ਤੁਹਾਨੂੰ,
ਚਮੜੀ ਵਾਲੇ ਵੈਦ ਵੱਲ ਤੋਰਦਾ ਹੈ,
ਤਾਂ ਉਸ ਦੀ ਅੱਖ ਵਿਚਲੇ,
ਟੀਰ ਨੂੰ ਜਾਣੋ ਤੇ ਪਛਾਣੋ ।
ਰਾਹੋਂ ਕੁਰਾਹੇ ਕਿਉਂ ਪਾਉਂਦਾ ਹੈ,
ਮੌਸਮ ਦਾ ਹਾਲ ਦੱਸਣ ਵਾਲਿਆਂ ਨੂੰ ਪੁੱਛੋ ਤਾਂ ਸਹੀ
ਸਮੁੰਦਰ ਵਾਂਗ ਜਵਾਰਭਾਟਾ
ਕਦੋਂ ਆਏਗਾ ਸਾਡੇ ਮਨਾਂ ’ਚ ।
ਕਦੋਂ ਪਵੇਗਾ ਆਸਾਂ ਦੇ ਬੂਟੇ ਨੂੰ ਬੂਰ
ਕੁਝ ਤਾਂ ਦੱਸੋ ਹਜ਼ੂਰ
ਸੂਤ ਕੱਤਦੀ ਮੱਕੀ ਦੀਆਂ ਛੱਲੀਆਂ
ਝੋਨੇ ਦੀਆਂ ਮੁੰਜਰਾਂ ਤੇ
ਕਣਕ ਦੀਆਂ ਬੱਲੀਆਂ
ਕਦੋਂ ਤੀਕ ਸ਼ਾਹੂਕਾਰ ਦੀ ਵਹੀ ਦਾ
ਗੁਲੰਮ ਕੱਟਣਗੀਆਂ ।
ਵਹੀ ਖਾਤੇ ਦੇ ਵਰਕਿਆਂ ਤੋਂ
ਸਾਡਾ ਨਾਂ ਕਦ ਤੀਕ ਮਿਟੇਗਾ?
ਪਤਾ ਰੱਖਿਆ ਕਰੋ ।
ਕਿੰਨਾ ਕੁ ਚਿਰ ਹੋਰ।

Leave a Reply

Your email address will not be published. Required fields are marked *