www.sursaanjh.com > ਅੰਤਰਰਾਸ਼ਟਰੀ > ਪਦਮਸ੍ਰੀ ਨਿਰਮਲ ਰਿਸ਼ੀ, ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਪਦਮਸ੍ਰੀ ਨਿਰਮਲ ਰਿਸ਼ੀ, ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਪਦਮਸ੍ਰੀ ਨਿਰਮਲ ਰਿਸ਼ੀ, ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ:

ਬੀਤੇ ਕੱਲ੍ਹ ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦਾ ਆਮ ਇਜਲਾਸ, ਕਿਸਾਨ ਵਿਕਾਸ ਚੈਂਬਰ, ਕਲਕਟ ਭਵਨ, ਏਅਰਪੋਰਟ ਰੋਡ, ਮੋਹਾਲ਼ੀ ਵਿਖੇ ਹੋਇਆ, ਜਿਸ ਵਿੱਚ ਇਕੱਠੇ ਹੋਏ ਸਮੂਹ ਐਸੋਸੀਏਸ਼ਨ ਮੈਂਬਰਾਂ ਦੀ ਹਾਜ਼ਰੀ ਵਿੱਚ ਸੰਸਥਾ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਐਸੋਸੀਏਸ਼ਨ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀ ਸਬੰਧੀ ਵਿਸਥਾਰ-ਪੂਰਵਕ ਚਾਨਣਾ ਪਾਇਆ। ਗੁਰਪ੍ਰੀਤ ਘੁੱਗੀ ਨੇ ਸੰਸਥਾ ਦੇ ਮਹੱਤਵ ਅਤੇ ਸੰਸਥਾਵਾਂ ਦੀ ਲੋੜ ਬਾਰੇ ਜਾਗਰੂਕ ਕੀਤਾ। ਸੰਸਥਾ ਦੀ ਕਾਰਗੁਜ਼ਾਰੀ ਦੀ ਬੇਹਤਰੀ ਲਈ ਮੈਂਬਰਾਂ ਕੋਲੋਂ ਸੁਝਾਅ ਵੀ ਮੰਗੇ ਗਏ। ਬਹੁਤੇ ਮੈਂਬਰਾਂ ਨੇ ਸਭ ਦੇ ਸਾਹਮਣੇ ਸੰਸਥਾ ਦੁਆਰਾ, ਉਨ੍ਹਾਂ ਦੇ ਰੁਕੇ ਕੰਮਾਂ ਵਿੱਚ ਮਦਦ ਕਰਨ ਲਈ ਸੰਸਥਾ ਦਾ ਧੰਨਵਾਦ ਕੀਤਾ ਗਿਆ।

ਸੰਸਥਾ ਦੇ ਪ੍ਰਧਾਨ ਕਰਮਜੀਤ ਅਨਮੋਲ ਨੇ ਪੁਰਾਣੀ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਦਾ ਪੂਰਾ ਸਹਿਯੋਗ ਦੇਣ ਲਈ ਸ਼ੁਕਰੀਆ ਅਦਾ ਕੀਤਾ ਗਿਆ। ਸੀਨੀਅਰ ਮੈਂਬਰ ਸ਼ਿਵੇਂਦਰ ਮਾਹਲ ਨੇ ਸੰਸਥਾ ਦੀ ਸ਼ੁਰੂਆਤ ਅਤੇ ਇਸ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੰਸਥਾ ਅੱਜ ਜਿਸ ਮੁਕਾਮ ‘ਤੇ  ਖੜ੍ਹੀ ਹੈ, ਨਵੇਂ ਤੇ ਪੁਰਾਣੇ ਸਾਰੇ ਮੈਂਬਰਾਂ ਦਾ ਇਸ ਵਿੱਚ ਯੋਗਦਾਨ ਹੈ।

ਸੰਸਥਾ ਦੇ ਮੀਤ ਪ੍ਰਧਾਨ ਬੀਨੂੰ ਢਿੱਲੋਂ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਅੱਜ ਭਾਰਤ ਦੀਆਂ ਬਾਕੀ ਖੇਤਰੀ ਫ਼ਿਲਮਾਂ ਨੂੰ ਟੱਕਰ ਦੇ ਰਹੀ ਹੈ ਅਤੇ ਭਵਿੱਖ ਵਿੱਚ ਇਸਨੂੰ ਹੋਰ ਅੱਗੇ ਲੈ ਕੇ ਜਾਣ ਦੀਆਂ ਭਰਪੂਰ ਸੰਭਾਵਨਾਵਾਂ ਹਨ।

ਇਸ ਮੌਕੇ ਗੁਰਪ੍ਰੀਤ ਘੁੱਗੀ ਦੁਆਰਾ ਨਾਮਜ਼ਦ ਕੀਤੀ ਨਵੀਂ ਕਾਰਜਕਾਰੀ ਕਮੇਟੀ ਵਿੱਚ ਸ਼ਾਮਲ ਕੀਤੇ ਨਾਵਾਂ ਦੀ ਸੂਚੀ ਪੜ੍ਹ ਕੇ ਸੁਣਾਈ ਗਈ, ਜਿਸ ਵਿੱਚ ਚੇਅਰਮੈਨ ਗੁੱਗੂ ਗਿੱਲ ਅਤੇ ਬਲਵਿੰਦਰ ਵਿੱਕੀ ਨੂੰ ਸਰਪ੍ਰਸਤ ਥਾਪਿਆ ਗਿਆ। ਇਨ੍ਹਾਂ ਤੋਂ ਇਲਾਵਾ ਪਦਮਸ੍ਰੀ ਨਿਰਮਲ ਰਿਸ਼ੀ ਨੂੰ ਪ੍ਰਧਾਨ, ਬੀਨੂੰ ਢਿੱਲੋਂ ਨੂੰ ਮੀਤ ਪ੍ਰਧਾਨ ਨਾਮਜ਼ਦ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਦਾ ਅਹੁਦਾ ਬੀ.ਐਨ. ਸ਼ਰਮਾ ਨੂੰ ਅਤੇ ਵਿੱਤ ਸਕੱਤਰ ਭਾਰਤ ਭੂਸ਼ਣ ਵਰਮਾ ਨੂੰ ਬਣਾਇਆ ਗਿਆ। ਇਸੇ ਤਰ੍ਹਾਂ ਪ੍ਰੈੱਸ ਸਕੱਤਰ ਸ਼ਿਵੇਂਦਰ ਮਾਹਲ ਅਤੇ ਰਾਜ ਧਾਲੀਵਾਲ ਨੂੰ ਸਹਾਇਕ ਸਕੱਤਰ ਐਲਾਨਿਆਂ ਗਿਆ। ਸਹਾਇਕ ਵਿੱਤ ਸਕੱਤਰ ਦਾ ਭਾਰ ਪਰਮਜੀਤ ਸਿੰਘ ਭੰਗੂ ਨੂੰ ਦਿੱਤਾ ਗਿਆ ਅਤੇ ਈਵੈਂਟ ਆਰਗੇਨਾਈਜਿੰਗ ਸੈਕਟਰੀ ਡਾ. ਰਣਜੀਤ ਸ਼ਰਮਾ ਅਤੇ ਸਹਾਇਕ ਆਰਗੇਨਾਈਜ਼ਿੰਗ ਸੈਕਟਰ ਪੂਨਮ ਸੂਦ ਨੂੰ ਬਣਾਇਆ ਗਿਆ। ਬਨਿੰਦਰ ਬਨੀ ਅਤੇ ਦੀਦਾਰ ਗਿੱਲ ਨੂੰ ਨਵੇਂ ਮੈਂਬਰਾਂ ਦੇ ਤੌਰ ‘ਤੇ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ।

ਜਾਰੀ ਕੀਤੀ ਗਈ ਸੂਚੀ ਵਿੱਚ ਦਰਜ ਨਾਵਾਂ ਬਾਰੇ, ਸਾਰੇ ਮੈਂਬਰਾਂ ਨੇ ਸਰਵ-ਸੰਮਤੀ ਨਾਲ਼ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟਾਈ ਗਈ। ਇਸ ਤੋਂ ਇਲਾਵਾ ਇੱਕ ਐਡਵਾਈਜ਼ਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸੁਨੀਤਾ ਧੀਰ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਮਲਕੀਤ ਰੌਣੀ, ਵਿਨੋਦ ਸ਼ਰਮਾ, ਸੰਜੂ ਸੋਲੰਕੀ, ਨਵਦੀਪ ਕੌਰ ਨੀਲੂ ਅਤੇ ਇਹਾਨਾ ਢਿੱਲੋਂ ਦੇ ਨਾਂ ਸ਼ਾਮਿਲ ਹਨ। ਆਖ਼ੀਰ ਵਿੱਚ ਬਲਵਿੰਦਰ ਵਿੱਕੀ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਕਾਸ਼ ਗਾਧੂ, ਪਰਵਿੰਦਰ ਸ਼ਰਮਾ, ਤੇਜਿੰਦਰ ਤੂਰ, ਨਿਰਭੈ ਧਾਲੀਵਾਲ, ਹਰਵਿੰਦਰ ਔਜਲਾ, ਇਕੱਤਰ ਸਿੰਘ, ਜਸਗੁਣ ਕੌਰ, ਪ੍ਰੀਤੀ ਜੈਨ, ਅਨੀਤਾ ਸ਼ਬਦੀਸ਼, ਮਨਦੀਪ ਦੀਪ, ਅਨੀਤਾ ਖੰਨਾ, ਪ੍ਰਭਜੋਤ ਕੌਰ, ਸੰਗੀਤਕਾਰ ਜੈਦੇਵ ਕੁਮਾਰ, ਭੁਪਿੰਦਰ ਬਰਨਾਲ਼ਾ ਅਤੇ ਅਮਨ ਜੌਹਲ ਆਦਿ ਸ਼ਾਮਲ ਹੋਏ।

Leave a Reply

Your email address will not be published. Required fields are marked *