ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਗਸਤ:


ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੀਨੀਅਰ ਆਗੂ ਅਤੇ ਚੇਅਰਮੈਨ ਯੂਥ ਆਫ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਸਮੇਤ ਹੋਰ ਅਨੇਕਾਂ ਆਜ਼ਾਦੀ ਘੁਲਾਟੀਆਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਸਮੇਤ ਘਰ ਪਰਿਵਾਰ ਵੀ ਵਾਰ ਦਿੱਤਾ। ਆਜ਼ਾਦੀ ਦਾ ਮਤਲਬ ਹੈ ਕਿ ਹਰ ਇਨਸਾਨ ਆਪਣੀ ਮਰਜ਼ੀ ਨਾਲ ਜੀਵਨ ਜੀਅ ਸਕੇ। ਆਪਣੇ ਰਾਜਨੀਤਿਕ ਆਗੂ ਆਪਣੀ ਮਰਜ਼ੀ ਨਾਲ ਚੁਣ ਸਕਣ। ਇਸੇ ਕਾਰਨ ਦੇਸ਼ ਵਾਸੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ ਤਾਂ ਕਿ ਲੋਕਤੰਤਰ ਖੁਸ਼ਹਾਲ ਬਣ ਸਕੇ, ਪਰ ਹੁਣ ਜਦੋਂ ਪਤਾ ਲੱਗ ਰਿਹਾ ਕਿ ਵੋਟ ਦਾ ਅਧਿਕਾਰ ਹੀ ਚੋਰੀ ਹੋ ਰਿਹਾ ਹੈ, ਫਿਰ ਆਜ਼ਾਦੀ ਦੇ ਮਾਇਨੇ ਕੀ ਰਹਿ ਗਏ?
ਉਨ੍ਹਾਂ ਕਿਹਾ ਕਿ ਸਾਨੂੰ ਫਿਰ ਉਨੀਵੀਂ ਸਦੀ ਵਾਂਗ ਇੱਕ ਹੋਣਾ ਪੈਣਾ ਹੈ ਤਾਂ ਕਿ ਦੁਬਾਰਾ ਆਜ਼ਾਦੀ ਲਈ ਜਾ ਸਕੇ। ਲੋਕਤੰਤਰ ਵਿੱਚ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਜਦੋਂ ਸੱਤਾਧਾਰੀ ਧਿਰ ਨੂੰ ਇੱਕ ਪਾਸੜ ਹਮਾਇਤ ਮਿਲ ਜਾਵੇ ਤਾਂ ਨਾਗਰਿਕਾਂ ਦੇ ਹੱਕਾਂ ਉਪਰ ਡਾਕਾ ਵੱਜਣਾ ਸੁਭਾਵਿਕ ਹੈ। ਇਸ ਲਈ ਹੁਣ ਆਪਣੀ ਜਾਤ-ਪਾਤ, ਧਰਮ, ਫਿਰਕੇ, ਰੰਗ-ਭੇਦ ਤੋਂ ਉਪਰ ਉੱਠ ਕੇ ਇੱਕ ਹੋਣਾ ਪਵੇਗਾ ਤਾਂ ਕਿ ਆਪਣੀ ਆਜ਼ਾਦੀ ਨੂੰ ਬਚਾਇਆ ਜਾ ਸਕੇ ਅਤੇ ਸਾਡੀ ਆਜ਼ਾਦੀ ਲਈ ਆਪਣਾ ਸਭ ਕੁਝ ਵਾਰਨ ਵਾਲੇ ਸ਼ਹੀਦਾਂ ਦੀ ਕੁਰਬਾਨੀ ਦੇ ਕਾਰਨ ਨੂੰ ਸੰਭਾਲਿਆ ਜਾ ਸਕੇ। ਜੇਕਰ ਅੱਜ ਵੀ ਅਸੀਂ ਇੱਕ ਨਾ ਹੋਏ ਤਾਂ ਫੇਰ ਫਿਰ ਸਾਨੂੰ ਸਾਡੇ ਪੁਰਖਿਆਂ ਅਤੇ ਸ਼ਹੀਦਾਂ ਨੇ ਕਦੇ ਮਾਫ ਨਹੀਂ ਕਰਨਾ। ਅੱਜ ਦੇ ਸਮੇਂ ਸਾਡੀ ਆਜ਼ਾਦੀ ਦਾ ਹਥਿਆਰ ਸਾਡੇ ਕੋਲ ਸਾਡੀ ਵੋਟ ਹੈ। ਜਦੋਂ ਸਾਡੀ ਵੋਟ ਤੇ ਹੀ ਡਾਕਾ ਪੈ ਗਿਆ ਫਿਰ ਸਾਡੇ ਪੱਲੇ ਰਹਿ ਕੀ ਗਿਆ ਹੈ। ਇਸ ਲਈ ਆਪਸੀ ਮਤਭੇਦ ਤੋਂ ਉਪਰ ਉੱਠ ਕੇ ਅਪਣਾ ਵੋਟ ਬੈਂਕ ਆਜ਼ਾਦ ਕਰਵਾਉਣਾ ਪਵੇਗਾ। ਇਸ ਲਈ ਜਾਗੋ ਤੇ ਹੋਰਾਂ ਨੂੰ ਵੀ ਜਗਾਓ।
ਬੇਨਤੀ ਕਰਤਾ – ਪਰਮਦੀਪ ਸਿੰਘ ਬੈਦਵਾਣ, ਚੇਅਰਮੈਨ – ਯੂਥ ਆਫ ਪੰਜਾਬ, ਸੀਨੀਅਰ ਆਗੂ – ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ)।

