ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਾਰਚ:


‘ਪੰਜਾਬੀ ਸਾਹਿਤਕ ਸਭਿਆਚਾਰਕ ਵਿਚਾਰ ਮੰਚ, ਸਰੀ, ਬੀ. ਸੀ. ਤੇ ਅਦਾਰਾ ‘ਕਹਾਣੀ ਧਾਰਾ’ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ‘ਪਾਠਕ ਪੁਰਸਕਾਰ’ ਤੇ ਪ੍ਰੇਮ ਪ੍ਰਕਾਸ਼ ਕਹਾਣੀ ਪੁਰਸਕਾਰ ਦਿੱਤੇ ਗਏ। ਸਭ ਤੋਂ ਪਹਿਲਾਂ ਪੁਰਸਕਾਰ ਪ੍ਰਬੰਧੰਕ ਤੇ ਕਹਾਣੀਕਾਰ ਭਗਵੰਤ ਰਸੂਲਪੂਰੀ ਹੋਰਾਂ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਅਮਰਜੀਤ ਚਾਹਲ ਹੋਰਾਂ ਨੇ ਪੁਰਸਕਾਰ ਦੇਣ ਦੀ ਵਿਧੀ ਤੇ ਰੂਪ-ਰੇਖਾ ਦੱਸਦੇ ਹੋਏ ਕਿਹਾ ਕਿ ਸਨਮਾਨ, ਪੜ੍ਹਨ ਦੀ ਦਿਲਚਸਪੀ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾ ਰਹੇ ਨੇ ਤਾਂ ਕਿ ਹੋਰ ਪਾਠਕ ਪੈਦਾ ਕੀਤੇ ਜਾਣ। ਇਸ ਤੋਂ ਬਾਅਦ ਉੱਘੇ ਪ੍ਰਕਾਸ਼ਕ ਤੇ ਲੇਖਕ ਹਰੀਸ਼ ਜੈਨ ਹੋਰਾਂ ਨੇ ”ਪੁਸਤਕ ਸਭਿਆਚਾਰ ਤੇ ਪੜ੍ਹਨ ਦੀ ਰੁਚੀ ਦਾ ਰੁਝਾਨ’ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਨੌਕਰੀ ਦੀ ਮੁਕਾਬਲੇਬਾਜ਼ੀ ਦੀਆਂ ਜ਼ਿਆਦਾ ਕਿਤਾਬਾਂ ਜ਼ਿਆਦਾ ਛਪ ਰਹੀਆਂ ਹਨ ਅਤੇ ਲਾਇਬ੍ਰੇਰੀਆਂ ਵੀ ਉਹਨਾਂ ਦੀਆਂ ਹੀ ਖੁੱਲ੍ਹ ਰਹੀਆਂ ਹਨ। ਉਹਨਾਂ ਇਕ ਲੇਖ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੜ੍ਹਨ ਦੀ ਰੁਚੀ ਲਗਾਤਾਰ ਘੱਟ ਰਹੀ ਹੈ ਅਤੇ ਪੁਸਤਕ ਮੇਲਿਆਂ ਵਿਚ ਵੀ ਗੀਤ-ਸੰਗੀਤ ਭਾਰੂ ਹੈ।
ਸਮਾਗਮ ਦੇ ਅਗਲੇ ਦੌਰ ਵਿਚ ਉੱਘੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਿੰਡਾਂ ਵਿਚ ਪੁਸਤਕ ਸਭਿਆਚਾਰ ਲਗਾਤਾਰ ਘੱਟ ਰਿਹਾ ਹੈ। ਉਹਨਾਂ ਅਗਾਂਹ ਕਿਹਾ ਕਿ ਸਾਹਿਤਕ ਸਭਾਵਾਂ ਦਾ ਸਾਹਿਤ ਪ੍ਰਤੀ ਯੋਗਦਾਨ ਪਹਿਲੇ ਸਮਿਆਂ ਦੀਆਂ ਸਭਾਵਾਂ ਨਾਲੋਂ ਬਹੁਤ ਘੱਟ ਹੈ। ਪਹਿਲਾਂ ਕਿਤਾਬਾਂ ਅਤੇ ਰਚਨਾਵਾਂ ਉੱਤੇ ਸਭਾਵਾਂ ਵਿਚ ਚਰਚਾ ਹੁੰਦੀ ਸੀ। ਉਹਨਾਂ ਕਿਤਾਬਾਂ ਤੋਂ ਦੂਰੀ ਦਾ ਕਾਰਨ ਪ੍ਰਕਾਸ਼ਕ ਤੇ ਪ੍ਰੋਫੈਸਰਾਂ ਨੂੰ ਮੰਨਿਆਂ। ਇਸ ਤੋਂ ਬਾਅਦ ਸਮਾਗਮ ਦੇ ਅਗਲੇ ਪੜਾਅ ਵਿਚ ਨਵਨੀਤ ਸਿੰਘ ਤੇ ਬੂਟਾ ਰਾਮ ਮਸਾਣੀ ਨੂੰ ਪਾਠਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਉੱਘੇ ਕਹਾਣੀਕਾਰ ਬਲੀਜੀਤ ਨੂੰ ਪ੍ਰੇਮ ਪ੍ਰਕਾਸ਼ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਨੂੰ ਦਿੱਤੇ ਜਾਣ ਵਾਲ਼ੇ ਸਨਮਾਨ-ਪੱਤਰ ਕਰਮਵਾਰ ਜਗਦੀਪ ਸਿੱਧੂ, ਸੁਰਜੀਤ ਸੁਮਨ ਤੇ ਭਗਵੰਤ ਰਸੂਲਪੁਰੀ ਨੇ ਪੜ੍ਹੇ। ਇਸ ਮੌਕੇ ਡਾ. ਗੁਰਪਾਲ ਸਿੰਘ ਸੰਧੂ, ਡਾ. ਸੁਖਦੇਵ ਸਿੰਘ ਸਿਰਸਾ, ਅਮਰਜੀਤ ਚਾਹਲ, ਪਰਮਜੀਤ ਮਾਨ, ਮੋਹਨ ਗਿੱਲ, ਜਸਵੀਰ ਮਾਹਲ, ਗੁਲ ਚੌਹਾਨ ਆਦਿ ਹਾਜ਼ਰ ਸਨ।
ਆਖ਼ਰ ਵਿਚ ਉੱਘੇ ਕਹਾਣੀਕਾਰ ਬਲੀਜੀਤ ਨੇ ਆਪਣੀ ਕਹਾਣੀ ਦੇ ਸਫ਼ਰ ਬਾਰੇ ਦੱਸਿਆ। ਪਾਠਕ ਪੁਰਸਕਾਰ ਪ੍ਰਾਪਤ ਨਵਜੀਤ ਸਿੰਘ ਨੇ ਆਪਣੀ ਪੜ੍ਹਨ ਦੀ ਰੁਚੀ ਬਾਰੇ ਚਾਨਣਾ ਪਾਇਆ। ਬੂਟਾ ਰਾਮ ਮਸਾਣੀ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਇਹ ਪੁਰਸਕਾਰ ਉਹਨਾਂ ਸਾਰਿਆਂ ਨੂੰ ਸਮਰਪਿਤ ਹਨ, ਜਿਨ੍ਹਾਂ ਨੂੰ ਉਸ ਨੇ ਪੜ੍ਹਿਆ ਹੈ। ਇਸ ਸਮਾਗਮ ਦਾ ਸੰਚਾਲਨ ਉੱਘੀ ਆਲੋਚਕਾ ਡਾ. ਸੁਖਪਾਲ ਕੌਰ ਨੇ ਬਾਖੂਬੀ ਕੀਤਾ। ਸਰੋਤਿਆਂ ਵਿਚ ਚਰਨਜੀਤ ਬਾਠ, ਪਾਲ ਅਜਨਬੀ, ਗੋਵਰਧਨ ਗੱਬੀ, ਸਰੂਪ ਸਿਆਲ਼ਵੀ, ਗੁਰਮੀਤ ਸਿੰਗਲ, ਪ੍ਰਿੰ. ਸਤਨਾਮ ਸਿੰਘ ਸ਼ੋਕਰ, ਜੇ.ਐਸ. ਮਹਿਰਾ, ਗੁਰਪ੍ਰੀਤ ਡੈਣੀ, ਸਰੋਜ, ਸਤਨਾਮ ਸਿੰਘ ਸ਼ੋਕਰ, ਜੇ. ਐਸ. ਮਹਿਰਾ, ਸਰੂਪ ਸਿਆਲਬੀ, ਪ੍ਰੀਤਮ ਰੁਪਾਲ, ਭੋਲਾ ਕਲਿਹਿਰੀ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।

