Breaking
www.sursaanjh.com > ਅੰਤਰਰਾਸ਼ਟਰੀ > ‘ਪਾਠਕ ਪੁਰਸਕਾਰ’ ਤੇ ਪ੍ਰੇਮ ਪ੍ਰਕਾਸ਼ ਪੁਰਸਕਾਰ’ ਦੇਣ ਦਾ ਐਲਾਨ – ਭਗਵੰਤ ਰਸੂਲਪੁਰੀ

‘ਪਾਠਕ ਪੁਰਸਕਾਰ’ ਤੇ ਪ੍ਰੇਮ ਪ੍ਰਕਾਸ਼ ਪੁਰਸਕਾਰ’ ਦੇਣ ਦਾ ਐਲਾਨ – ਭਗਵੰਤ ਰਸੂਲਪੁਰੀ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 16 ਫਰਵਰੀ:

ਪੰਜਾਬੀ ਸਾਹਿਤਕ ਸਭਿਆਚਾਰਕ ਵਿਚਾਰ ਮੰਚ, ਸਰੀ, ਬੀ. ਸੀ. ਤੇ ਅਦਾਰਾ ‘ਕਹਾਣੀ ਧਾਰਾ’ ਵੱਲੋਂ ਦਿੱਤੇ ਜਾਣ ਵਾਲੇ ਦੂਜੇ ‘ਪਾਠਕ ਪੁਰਸਕਾਰ’ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2026 ਦੇ ਲਈ ਸਾਹਿਤ ਦੇ ਦੋ ਪਾਠਕਾਂ ਨਵਨੀਤ ਸਿੰਘ ਤੇ ਬੂਟਾ ਰਾਮ ਮਸਾਣੀ ਦੀ ਚੋਣ ਕੀਤੀ ਗਈ ਹੈ। ਇਹ ਪੁਰਸਕਾਰ ਨਿਰੋਲ ਪਾਠਕਾਂ ਨੂੰ ਦਿੱਤਾ ਜਾ ਰਿਹਾ ਹੈ, ਲੇਖਕ-ਪਾਠਕ ਨੂੰ  ਨਹੀਂ। ਪੁਰਸਕਾਰ ਦੇ ਕਨਵੀਨਰ ਭਗਵੰਤ ਰਸੂਲਪੁਰੀ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਇਹ ‘ਪਾਠਕ ਪੁਰਸਕਾਰ’ ਦੇਣੇ ਸ਼ੁਰੂ ਕੀਤੇ ਹਨ। ਇਸ ਪੁਰਸਕਾਰ ਵਿੱਚ ਨਗਦ ਰਾਸ਼ੀ, ਸਨਮਾਨ-ਪੱਤਰ ਤੇ ਕਿਤਾਬਾਂ ਦਾ ਇਕ ਸੈੱਟ ਦਿੱਤਾ ਜਾਵੇਗਾ। ਇਸ ਵਾਰ ਇਹ ਪੁਰਸਕਾਰ ਸਮਾਗਮ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਿਖੇ ਮਿਤੀ 2 ਮਾਰਚ, 2026, ਦਿਨ ਸੋਮਵਾਰ ਨੂੰ  12 ਵਜੇ ਆਰੰਭ ਹੋਣ ਜਾ ਰਹੇ ਸਮਾਗਮ ਵਿੱਚ ਦਿੱਤੇ ਜਾਣਗੇ। ਇਸ ਸਮਾਗਮ ਵਿੱਚ ‘ਪੁਸਤਕ ਸਭਿਆਚਾਰ ਤੇ ਪੜ੍ਹਨ ਰੁਚੀ ਦਾ ਰੁਝਾਨ’ ਵਿਸ਼ੇ ‘ਤੇ ਦੋ ਵਿਦਵਾਨ ਹਰੀਸ਼ ਪੁਰੀ ਤੇ ਡਾ. ਸਰਬਜੀਤ ਸਿੰਘ ਦੇ ਲੈਕਚਰ ਰੱਖੇ ਗਏ ਹਨ। ਇਸ ਦੇ ਨਾਲ ਅਦਾਰਾ ‘ਕਹਾਣੀ ਧਾਰਾ’ ਵੱਲੋਂ ਪਲੇਠਾ ‘ਪ੍ਰੇਮ ਪ੍ਰਕਾਸ਼ ਪੁਰਸਕਾਰ’ ਪਿਛਲੇ ਤਿੰਨ ਦਹਾਕਿਆਂ ਤੋਂ ਕਹਾਣੀ ਲਿਖਦੇ ਆ ਰਹੇ ਪ੍ਰਸਿੱਧ ਕਥਾਕਾਰ ਬਲੀਜੀਤ ਨੂੰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ‘ਪਾਠਕ ਪੁਰਸਕਾਰ’ ਲਈ ਪਾਠਕਾਂ ਦੀ ਪਛਾਣ ਕਰਨ ਹਿੱਤ ਉਨ੍ਹਾਂ ਕੋਲੋਂ ਪਾਠਕ ਹੋਣ ਦੇ ਵੇਰਵੇ ਨਿਯਮ ਤੇ ਸ਼ਰਤਾਂ ਤਹਿਤ ਮੰਗੇ ਗਏ ਸਨ। ਤਕਰੀਬਨ ਦੋ ਦਰਜਨ ਪਾਠਕਾਂ ਨੇ ਆਪਣੇ ਵੇਰਵੇ ਲਿਖ ਕੇ ਭੇਜੇ। ਉਨ੍ਹਾਂ ਵਿੱਚੋਂ ਦੋ ਗੰਭੀਰ ਕਿਸਮ ਦੇ ਪਾਠਕਾਂ ਦੀ ਚੋਣ ਕੀਤੀ ਗਈ। ਪਹਿਲਾ ਪਾਠਕ ਨਾਭਾ (ਪਟਿਆਲਾ) ਦੇ ਨਵਨੀਤ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਪੁਸਤਕਾਂ ਤੇ ਰਸਾਲੇ ਪੜ੍ਹਦੇ ਆ ਰਹੇ ਹਨ ਤੇ ਉਨ੍ਹਾਂ ਦੀ ਨਿੱਜੀ ਲਾਇਬਰੇਰੀ ਵਿੱਚ 5000 ਤੋਂ ਵੱਧ ਕਿਤਾਬਾਂ ਹਨ। ਉਹ ਨਵੀਆਂ ਛਪ ਰਹੀਆਂ ਪੁਸਤਕਾਂ ਤੇ ਸਮਕਾਲੀ ਰਸਾਲਿਆਂ ਨਾਲ ਨਿਰੰਤਰ ਜੁੜੇ ਹੋਏ ਹਨ। ਦੂਜੇ ਪਾਠਕ ਫਿਲੌਰ ਦੇ ਨਜ਼ਦੀਕ ਇਕ ਪਿੰਡ ਮਸਾਣੀ ਦੇ  ਬੂਟਾ ਰਾਮ ਮਸਾਣੀ ਪਿਛਲੇ ਕੁਝ ਸਾਲਾਂ ਤੋਂ ਪੁਸਤਕਾਂ ਪੜ੍ਹਦੇ ਆ ਰਹੇ ਹਨ ਤੇ ਉਨ੍ਹਾਂ ਦੀ ਨਿੱਜੀ ਲਾਇਬਰੇਰੀ ਵਿੱਚ 2000 ਤੋਂ ਵੱਧ ਕਿਤਾਬਾਂ ਹਨ। ਉਹ ਮੁੱਖ ਤੌਰ ਤੇ ਨਾਵਲ ਖਰੀਦ ਕੇ ਪੜ੍ਹਦੇ ਆ ਰਹੇ ਹਨ। ਪੁਰਸਕਾਰ ਦੇ ਸੰਚਾਲਕ ਅਮਰਜੀਤ ਚਾਹਲ ਤੇ ਸਰਬਜੀਤ ਹੁੰਦਲ ਦਾ ਕਹਿਣਾ ਹੈ ਕਿ ਜਦੋਂ ਅਜੋਕੇ ਸਮੇਂ ਵਿੱਚ ਲੇਖਕ ਵੱਧ ਰਹੇ ਤੇ ਪਾਠਕ ਘੱਟ ਰਹੇ ਹੋਣ, ਉਦੋਂ ਅਜਿਹੇ ਪੁਰਸਕਾਰਾਂ ਦੀ ਸਾਰਥਕਤਾ ਹੋਰ ਵੀ ਵੱਧ ਜਾਂਦੀ ਹੈ। ਨਵੇਂ ਪਾਠਕ ਪੈਦਾ ਕਰਨ ਲਈ ਇਹ ਪੁਰਸਕਾਰ ਅਸੀਂ ਆਰੰਭ ਕੀਤਾ ਹੈ। ਪੁਰਸਕਾਰ ਕਨਵੀਨਰ ਭਗਵੰਤ ਰਸੂਲਪੁਰੀ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਲੇਖਕਾਂ ਨਾਲੋਂ ਪਾਠਕਾਂ ਨੂੰ ਉਤਸ਼ਾਹਿਤ ਕਰਨ ਦਾ ਸਮਾਂ ਅਹਿਮ ਹੈ।

ਭਗਵੰਤ ਰਸੂਲਪੁਰੀ (ਪੁਰਸਕਾਰ ਕਨਵੀਨਰ ਤੇ ਸੰਪਾਦਕ ‘ਕਹਾਣੀ ਧਾਰਾ’)
ਮੁਬਾਇਲ 94170-64350

Leave a Reply

Your email address will not be published. Required fields are marked *