www.sursaanjh.com > ਅੰਤਰਰਾਸ਼ਟਰੀ > ‘ਪਾਣੀ ‘ਤੇ ਲਿਖੇ ਹਰਫ਼’ ਅਤੇ ‘ਹਰਫ਼ਾਂ ਦੀ ਹਲਚਲ’ ‘ਤੇ ਹੋਈ ਵਿਚਾਰ ਚਰਚਾ

‘ਪਾਣੀ ‘ਤੇ ਲਿਖੇ ਹਰਫ਼’ ਅਤੇ ‘ਹਰਫ਼ਾਂ ਦੀ ਹਲਚਲ’ ‘ਤੇ ਹੋਈ ਵਿਚਾਰ ਚਰਚਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ:
ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅੱਜ ਕਲਾ ਭਵਨ ਸੈਕਟਰ 16 ਵਿਖੇ ਸ਼ਾਇਰ ਸੁਖਰਾਜ ਸਿੰਘ ਦੇ ਦੋ ਕਾਵਿ-ਸੰਗ੍ਰਹਿ ‘ਪਾਣੀ ‘ਤੇ ਲਿਖੇ ਹਰਫ਼ ਅਤੇ ਹਰਫ਼ਾਂ ਦੀ ਹਲਚਲ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਸ਼ਾਇਰ ਸੁਖਰਾਜ ਹੋਰਾਂ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਇਸ ਉਪਰੰਤ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਹੋਰਾਂ ਨੇ ਕਿਹਾ ਕਿ ‘ਪਾਣੀ  ‘ਤੇ ਲਿਖੇ ਹਰਫ਼’ ਦੀ ਕਵਿਤਾ ਸਿਰਫ਼ ਸ਼ਬਦਾਂ ਦੇ ਅਰਥ ਤਕ ਸੀਮਤ ਨਹੀਂ। ਉਹਨਾਂ ਅਗਾਂਹ ਕਿਹਾ ਕਿ ਇਸ ਕਵਿਤਾ ਵਿਚ ਕਾਇਨਾਤ ਪੂਰਕ ਰੂਪ ਵਿੱਚ ਆਉਂਦੀ ਹੈ ਅਤੇ ਇਹ ਕਵਿਤਾ ਮੁਹੱਬਤ ਦਾ ਫਲਸਫਾ ਪੇਸ਼ ਕਰਦੀ ਹੈ।
ਇਸ ਤੋਂ ਬਾਅਦ ਮੁੱਖ ਸੁਰ ਭਾਸ਼ਨ ਵਿੱਚ ਉੱਘੇ ਕਵੀ, ਨਾਵਲਕਾਰ ਤੇ ਆਲੋਚਕ ਡਾ. ਮਨਮੋਹਨ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਇਹ ਪ੍ਰੌੜ ਭਾਵਾਂ ਦੀ ਕਵਿਤਾ ਹੈ; ਪ੍ਰੌੜ ਅਵਸਥਾ ਦੇ ਭਾਵ ਇਕ ਵੱਖਰੀ ਪਛਾਣ ਬਣਾਉਂਦੇ ਹਨ। ਉਹਨਾਂ ਅਗਾਂਹ ਕਿਹਾ ਕਿ ਇਹਨਾਂ ਕਵਿਤਾਵਾਂ ਵਿਚ ਵਾਤਾਵਰਨ ਚਿੰਤਾ ਤੇ ਜ਼ਿੰਮੇਵਾਰੀ ਦੇ ਅਹਿਸਾਸ ਦੀ ਪੇਸ਼ਕਾਰੀ ਵੀ ਹੈ। ਉਹਨਾਂ ਕਵਿਤਾ ਦੇ ਸ਼ਿਲਪ, ਰੂਪ ਤੇ ਗਹਿਰਾਈ ਬਾਰੇ ਵੀ ਗੱਲ ਕੀਤੀ। ਸਮਾਗਮ ਦੇ ਆਖ਼ਰ ਵਿੱਚ ਉੱਘੇ ਆਲੋਚਕ ਤੇ ਭਾਰਤੀ ਸਾਹਿਤ ਅਕਾਦਮੀ ਵਿਚ ਪੰਜਾਬੀ ਬੋਰਡ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਕਿਹਾ ਕਿ ਕਵੀ ਪੁਲਿਸ ਵਿਭਾਗ ਵਿੱਚ ਰਿਹਾ ਹੈ, ਇਸ ਲਈ ਉਸ ਨੂੰ ਆਮ ਕਵੀਆਂ ਜਿਹਾ ਅਭਿਆਸ ਨਹੀਂ ਹੈ, ਪਰ ਕਵੀ ਨੇ ਪਰੰਪਰਕ ਕਵਿਤਾ ਦਾ ਢਾਂਚਾ ਤੋੜ ਨਵਾਂ ਉਸਾਰਨਾ ਹੁੰਦਾ ਹੈ। ਉਹਨਾਂ ਅਗਾਂਹ ਕਿਹਾ ਕਿ ਕਵਿਤਾ ਵਿੱਚ ਕਵੀ ਆਪਣੇ ਆਪ ਨੂੰ ਲੱਭ ਰਿਹਾ ਹੈ। ਉੱਘੇ ਲੇਖਕ, ਪੱਤਰਕਾਰ ਤੇ ਕਲਾ ਪਰਿਸ਼ਦ ਦੇ ਨੁਮਾਇਦੇ ਪ੍ਰੀਤਮ ਰੁਪਾਲ ਹੋਰਾਂ ਸਾਰੇ ਆਏ ਦੋਸਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦਾ ਮੰਚ ਸੰਚਾਲਨ ਸ਼ਾਇਰ ਤੇ ਸਵਪਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ। ਵਿਚਾਰ ਚਰਚਾ ਵਿੱਚ ਸ਼ਾਇਰ ਗੁਰਦੇਵ ਚੌਹਾਨ, ਸੁਰਜੀਤ ਸੁਮਨ, ਭੁਪਿੰਦਰ ਮਲਿਕ, ਗੁਰਦੀਪ ਸਿੰਘ, ਡਾ. ਸੁਰਿੰਦਰ ਗਿੱਲ, ਸ਼ਾਇਰ ਭੱਟੀ, ਸੁਖਵਿੰਦਰ ਸਿੱਧੂ, ਪਾਲ ਅਜਨਬੀ, ਅਵਤਾਰ ਪਤੰਗ, ਪ੍ਰਵੇਸ਼ ਸ਼ਰਮਾ, ਕ੍ਰਿਪਾਲ ਸਿੰਘ, ਓਂਕਾਰ ਨਾਥ, ਮਨਜੀਤ ਪਾਲ ਸਿੰਘ, ਚਰਨਜੀਤ ਬਾਠ, ਹਰਬੰਸ ਕੌਰ ਗਿੱਲ, ਸੁਧਾ ਮਹਿਤਾ, ਪਰਮਜੀਤ ਮਾਨ, ਗੁਰਦੇਵ ਗਿੱਲ, ਗੁਰਬਚਨ ਸਿੰਘ ਰਿਟਾਇਰ ਡੀ. ਜੀ. ਪੀ, ਐੱਚ ਐੱਸ ਭੱਟੀ, ਬੀ. ਐੱਸ ਸੰਧੂ, ਕੁਲਵੰਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *