Breaking
www.sursaanjh.com > ਚੰਡੀਗੜ੍ਹ/ਹਰਿਆਣਾ > ਪਿੰਡ ‘ਚ ਜੇਲ ਵਿਰੁੱਧ ਹੋਏ ਸੁਹਾਲੀ ਵਾਸੀ

ਪਿੰਡ ‘ਚ ਜੇਲ ਵਿਰੁੱਧ ਹੋਏ ਸੁਹਾਲੀ ਵਾਸੀ

ਚੰਡੀਗੜ੍ਹ 19 ਫ਼ਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਸੁਹਾਲੀ ਵਿਖੇ ਪੰਜਾਬ ਸਰਕਾਰ ਵੱਲੋਂ ਜੇਲ੍ਹ ਬਣਾਉਣ ਦੇ ਪ੍ਰਸਤਾਵ ਨੂੰ ਪਿੰਡ ਦੇ ਲੋਕਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਸੁਹਾਲੀ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਅੱਜ ਪਿੰਡ ਵਿੱਚ ਐਸਡੀਐਮ ਖਰੜ ਗੁਰਮੰਦਰ ਸਿੰਘ ਅਤੇ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੌਰਾ ਕੀਤਾ ਗਿਆ ਅਤੇ ਪਿੰਡ ਵਾਸੀਆਂ ਅੱਗੇ ਪਿੰਡ ਦੀ ਪੱਚੀ ਏਕੜ ਜ਼ਮੀਨ ਜੇਲ੍ਹ ਬਣਾਉਣ ਲਈ ਮੰਗੀ ਗਈ।
ਇਸ ਸਬੰਧੀ ਪਿੰਡ ਵਾਸੀਆਂ ਦੀ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਸੀ ਕਿ ਪਿੰਡ ਵਿੱਚ ਇਹ ਜੇਲ੍ਹ ਨਹੀਂ ਬਣਨ ਦਿੱਤੀ ਜਾਵੇਗੀ। ਇਸ ਲਈ ਮੌਕੇ ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜੇਲ੍ਹ ਬਣਾਉਣ ਲਈ ਜ਼ਮੀਨ ਦੇਣ ਲਈ ਕੋਰੀ ਨਾਂਹ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੁੱਜੇ ਅਧਿਕਾਰੀਆਂ ਵੱਲੋਂ ਜੇਲ੍ਹ ਬਣਾਉਣ ਦੇ ਨਾਲ ਨਾਲ ਪਿੰਡ ਨੂੰ ਹੋਰ ਸਹੂਲਤਾਂ ਦੇਣ ਦੀ ਵੀ ਗੱਲ ਆਖੀ ਗਈ ਕਿ ਜੇਕਰ ਪਿੰਡ ਵਿੱਚ ਜੇਲ੍ਹ ਬਣਦੀ ਹੈ ਤਾਂ ਪਿੰਡ ਨੂੰ ਸਟੇਡੀਅਮ ਜਾਂ ਖੇਡ ਅਕੈਡਮੀ ਆਦਿ ਵੀ ਬਣਾ ਕੇ ਦਿੱਤਾ ਜਾਵੇਗਾ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪਿੰਡ ਵਿੱਚ ਜੇਲ੍ਹ ਬਣਦੀ ਹੈ ਤਾਂ ਇਸ ਨਾਲ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਕਿਉਂਕਿ ਇਸ ਦਾ ਅਸਰ ਆਸ – ਪਾਸ ਦੇ ਪਿੰਡਾਂ ਦੇ ਨੌਜਵਾਨਾਂ ਉੱਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੁਝ ਬਣਾਉਣਾ ਚਾਹੁੰਦੀ ਹੈ ਤਾਂ ਪਿੰਡ ਦੀਆਂ ਲੋੜਾਂ ਅਨੁਸਾਰ ਕੋਈ ਢੁੱਕਵੀਂ ਉਸਾਰੀ ਕਰੇ, ਜਿਸ ਦਾ ਪਿੰਡ ਵਾਲਿਆਂ ਨੂੰ ਵੀ ਫਾਇਦਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਜ਼ਮੀਨ ਦੀ ਜੇਲ੍ਹ ਬਣਾਉਣ ਲਈ ਮੰਗ ਕੀਤੀ ਜਾ ਰਹੀ ਹੈ, ਉਨ੍ਹਾਂ ਜਮੀਨਾਂ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਤੇ ਇਹ ਜ਼ਮੀਨ ਅਜੇ ਤੱਕ ਪੰਚਾਇਤ ਦੇ ਨਾਂ ਉੱਤੇ ਨਹੀਂ ਕੀਤੀ ਗਈ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਇਸ ਜ਼ਮੀਨ ਸਬੰਧੀ ਕੀ ਫੈਸਲਾ ਆਉਂਦਾ ਹੈ, ਇਹ ਕੋਰਟ ਤੈਅ ਕਰੇਗਾ। ਫਿਲਹਾਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪਿੰਡ ਵਿੱਚ ਜੇਲ੍ਹ ਬਣਾਉਣ ਲਈ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਪਿੰਡ ਵਾਸੀ ਇਲਾਕੇ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਖ਼ਤ ਵਿਰੋਧ ਕਰਨਗੇ ਅਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਵਿੱਚ ਡੰਪਿੰਗ ਗਰਾਊਂਡ ਬਣਾਉਣ ਲਈ ਜ਼ਮੀਨ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਵੀ ਪਿੰਡ ਵਾਸੀਆਂ ਵੱਲੋਂ ਵਿਰੋਧ ਜਿਤਾ ਕੇ ਰੋਕਿਆ ਗਿਆ ਸੀ। ਇਸ ਮੌਕੇ ਪਿੰਡ ਦੇ ਸਰਪੰਚ ਗੁਰਿੰਦਰ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ ਬਿੱਟੂ, ਕੁਲਵਿੰਦਰ ਸਿੰਘ ਬੰਗੜ, ਜਗਦੀਸ਼ ਸਿੰਘ ਪੰਚ, ਬਲਿਹਾਰ ਸਿੰਘ ਪੰਚ, ਗੁਰਮੀਤ ਕੌਰ ਪੰਚ, ਜਗਦੀਪ ਕੌਰ ਪੰਚ, ਗਗਨਦੀਪ ਕੌਰ ਪੰਚ, ਰਣਜੀਤ ਸਿੰਘ ਪੰਚ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਲੋਗੀਆਂ, ਰਾਜੂ ਪੰਚ ਤੇ ਸਵਜੰਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *