ਚੰਡੀਗੜ੍ਹ 5 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਈਕੋ ਸਿਟੀ ਵਨ ਨਿਊ ਚੰਡੀਗੜ੍ਹ ਵਿਖੇ ਸੀ ਆਈ ਏ ਦੀ ਟੀਮ ਵੱਲੋਂ ਵੱਡੀ ਕਾਰਵਾਈ ਕਰਦਿਆਂ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸ ਐਸ ਪੀ ਦੀਪਕ ਪਾਰਕ ਨੇ ਦੱਸਿਆ ਕਿ ਨਵਜੋਤ ਸਿੰਘ ਨਾਂ ਦਾ ਇੱਕ ਵਿਅਕਤੀ ਜੋ ਕਿ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਮਸ਼ਰੂਫ ਸੀ ਤੇ ਪਹਿਲਾਂ ਵੀ ਇਸ ਉੱਤੇ ਤਿੰਨ ਪਰਚੇ ਦਰਜ ਹਨ ਤੇ ਇੱਕ ਆਰਮ ਐਕਟ ਤਹਿਤ ਵੀ ਪਰਚਾ ਦਰਜ ਹੈ। ਇਹ ਨੌਜਵਾਨ ਜੋ ਕਿ ਸ਼ਾਇਦ ਏਥੇ ਆਪਣੇ ਨਿੱਜੀ ਮਕਾਨ ਵਿਚ ਰਹਿ ਰਿਹਾ ਸੀ ਤੇ ਮੁੱਲਾਂਪੁਰ ਗਰੀਬਦਾਸ ਦੇ ਨੇੜਲੇ ਪਿੰਡ ਪੜੋਲ ਦਾ ਦੱਸਿਆ ਗਿਆ ਹੈ। ਮੋਹਾਲੀ ਸੀ ਆਈ ਏ ਦੀ ਟੀਮ ਨੂੰ ਕਈ ਦਿਨਾਂ ਤੋਂ ਇਸ ਦੀ ਏਥੇ ਹੋਣ ਦੀ ਜਾਣਕਾਰੀ ਮਿਲ ਰਹੀ ਸੀ। ਅੱਜ ਜਦੋਂ ਇਸ ਨੂੰ ਇਸ ਮਕਾਨ ਵਿੱਚ ਘੇਰਾ ਪਾ ਕੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਲਈ ਕਿਹਾ ਗਿਆ ਤਾਂ ਇਸ ਵੱਲੋਂ ਪੁਲੀਸ ਤੇ ਫਾਈਰਿੰਗ ਕੀਤੀ ਗਈ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਨਵਜੋਤ ਸਿੰਘ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਹੈ ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫੇਸ ਛੇ ਮੋਹਾਲੀ ਵਿਖੇ ਦਾਖਲ ਕਰਵਾਇਆ ਗਿਆ ਹੈ।
ਸ੍ਰੀ ਪਾਰਿਕ ਨੇ ਦੱਸਿਆ ਕਿ ਇਸ ਕੋਲ ਆਪਣੇ ਹੱਥੀਂ ਬਣਾਈ ਦੇਸੀ ਸਟੇਨਗੰਨ ਸੀ ਅਤੇ ਕੁਝ ਕਾਰਤੂਸ ਵੀ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ ਕੁਝ ਕਾਰਤੂਸ ਇਸ ਦੀ ਆਪਣੀ ਗੰਨ ਦੇ ਅਤੇ ਕੁਝ ਕਿਸੇ ਹੋਰ ਪਿਸਤੌਲ ਦੇ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਕਿਸ ਗੈਂਗ ਨਾਲ ਸਬੰਧਤ ਸੀ, ਇਹ ਪਤਾ ਨਹੀਂ ਪਰ ਉਹ ਹਰ ਵਿਅਕਤੀ ਪੁਲਿਸ ਦੀ ਨਜ਼ਰ ਵਿਚ ਗੁਨਾਹਗਾਰ ਹੈ ਜੋ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਹੈ। ਸ੍ਰੀ ਪਾਰਿਕ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਨਵਜੋਤ ਸਿੰਘ ਕੋਲੋਂ ਹੋਰ ਜੋ ਵੀ ਖੁਲਾਸੇ ਹੋਣਗੇ, ਉਹ ਜਲਦੀ ਹੀ ਪ੍ਰੈਸ ਕਾਨਫਰੰਸ ਰਾਹੀਂ ਦੱਸ ਦਿੱਤੇ ਜਾਣਗੇ। ਇਸ ਮੌਕੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਮੁੱਖ ਅਫਸਰ ਇੰਸਪੈਕਟਰ ਸਤਿੰਦਰ ਸਿੰਘ ਵੀ ਹਾਜ਼ਰ ਸਨ।

