Breaking
www.sursaanjh.com > ਅੰਤਰਰਾਸ਼ਟਰੀ > ਪੁਸਤਕ ਰੱਬ ਰੂਪ ਮਾਂ ਦੀ ਪਰਿਕਰਮਾ ਕਰਦਿਆਂ – ਰਾਜ ਕੁਮਾਰ ਸਾਹੋਵਾਲੀਆ

ਪੁਸਤਕ ਰੱਬ ਰੂਪ ਮਾਂ ਦੀ ਪਰਿਕਰਮਾ ਕਰਦਿਆਂ – ਰਾਜ ਕੁਮਾਰ ਸਾਹੋਵਾਲੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਾਰਚ:
ਇੱਕੋ ਵਿਸ਼ੇ ‘ਤੇ ਏਨੇ ਸ਼ਾਇਰ ਇਕੱਠੇ ਕਰਕੇ ਕੀਤਾ ਕਾਰਜ ਭਾਵੇਂ ਸੌਖਾ ਨਹੀਂ ਸੀ, ਪਰ ਬਾਬੂ ਰਾਮ ਦੀਵਾਨਾ ਵੱਲੋਂ ਆਪਣੇ ਸਿਰੜ੍ਹ ਨਾਲ ਪੁਸਤਕ ‘ਰੱਬ ਰੂਪ ਮਾਂ’ ਦੀ ਪਰਿਕਰਮਾ ਕਰਦਿਆਂ ਇਸ ਕੰਮ ਨੂੰ ਸਹਿਜ ਬਣਾ ਕੇ ਪਾਠਕਾਂ ਨੂੰ ਇੱਕ ਚੰਗੀ ਕਿਤਾਬ ਦਿੱਤੀ ਹੈ। ਇਸ ਕੰਮ ਵਿੱਚ ਉਸਦੀ ਸਹਿਯੋਗੀ ਰਹੀ ਸੁਧਾ ਜੈਨ ਸੁਦੀਪ ਦੀ ਭੂਮਿਕਾ ਵੀ ਸਲਾਹੁਣਯੋਗ ਰਹੀ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤ ਰਸੀਆਂ ਦੀ ਝੋਲੀ ਇੱਕ ਬੇਨਜ਼ੀਰ ਤੋਹਫ਼ਾ ਪਿਆ ਹੈ, ਜਿਸ ਨੂੰ ਸਾਹਿਤ ਦੇ ਵਿਹੜੇ ਜੀ ਆਇਆਂ ਨੂੰ ਕਹਿਣਾ ਬਣਦਾ ਹੈ। ਇਸ ਕਾਰਜ ਬਦਲੇ ਸਮੁੱਚੀ ਟੀਮ ਨੂੰ ਜਿੱਥੇ ਮੈਂ ਵਧਾਈ ਦਿੰਦਾ ਹਾਂ, ਉੱਥੇ ਇਹਨਾਂ ਤੋਂ ਭਵਿੱਖ ਵਿੱਚ ਵੀ ਹੋਰ ਚੰਗਾ ਕਰਨ ਦੀ ਆਸ ਵੀ ਰੱਖਦਾ ਹਾਂ। ਪੁਸਤਕ ਦੀ ਖੂਬਸੂਰਤੀ ਲਈ ਪ੍ਰਕਾਸ਼ਕ ਵੀ ਵਿਸ਼ੇਸ ਤੌਰ ‘ਤੇ ਵਧਾਈ ਦਾ ਹੱਕਦਾਰ ਹੈ, ਜਿਸਨੇ ਪੁਸਤਕ ਨੂੰ ਸੋਹਣੀ ਦਿੱਖ ਦਿੱਤੀ ਹੈ। ਮਾਂ ਭਾਵੇਂ ਵੇਖਣ ਨੂੰ ਛੋਟਾ ਸ਼ਬਦ ਹੈ ਪਰ ਕਿਰਦਾਰ ਵਜੋਂ ਬਹੁਤ ਹੀ ਡੂੰਘਾ ਤੇ ਰਹੱਸ ਭਰਪੂਰ ਸ਼ਬਦ ਹੈ, ਜਿਸ ਦੀਆਂ ਪਰਤਾਂ ਖੋਲ੍ਹਣੀਆਂ ਹਮੇਸ਼ਾਂ ਹੀ ਟੇਢਾ ਕਾਰਜ ਰਿਹਾ ਹੈ। ਕਾਦਰ ਨੇ ਆਪਣੇ ਤੋਂ ਬਾਅਦ ਸ੍ਰਿਸ਼ਟੀ ਨੂੰ ਚਲਾਏਮਾਨ ਰੱਖਣ ਦੀ ਅਹਿਮ ਜ਼ਿੰਮੇਵਾਰੀ ਔਰਤ ਨੂੰ ਦਿੱਤੀ ਹੈ ਤੇ ਮਮਤਾ ਭਰਪੂਰ ਸਮੁੰਦਰ ਰੂਪੀ ਹਿਰਦਾ ਵੀ ਦਿੱਤਾ ਹੈ ਤਾਂ ਜੋ ਜੀਵਾਂ ਦੀ ਸਾਂਭ- ਸੰਭਾਲ ਚੰਗੇ ਢੰਗ ਨਾਲ ਹੋ ਸਕੇ।
ਮੁੱਕਦੀ ਗੱਲ ਹਰੇਕ ਸ਼ਾਇਰ ਨੇ ਆਪਣਾ 100% ਯੋਗਦਾਨ ਪਾ ਕੇ ਪੁਸਤਕ ਨੂੰ ਸੰਵਾਰਨ ਦਾ ਪੁਖਤਾ ਉਪਰਾਲਾ ਕੀਤਾ ਹੈ। ਇਹ ਪੁਸਤਕ ਨਿੱਜੀ ਤੇ ਸਕੂਲੀ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ ਤਾਂ ਜੋ ਨਵੀਂ ਪੀਹੜੀ, ਮਾਂ ਦੇ ਕਿਰਦਾਰ ਨੂੰ ਭਲੀਭਾਂਤ ਜਾਣ ਸਕੇ। ਪੁਸਤਕ ਸੋਹਣੀ ਦਿੱਖ ਵਾਲਾ ਗੁਲਦਸਤਾ ਹੀ ਕਿਹਾ ਜਾ ਸਕਦਾ, ਜਿਸ ਵਿੱਚ ਸ਼ਬਦ ਰੂਪੀ ਵੱਖ ਵੱਖ ਫੁੱਲ ਇਕੱਠੇ ਕੀਤੇ ਗਏ ਹਨ। ਕੁੱਲ-ਮਿਲਾ ਕੇ ਇਸ ਵਧੀਆ ਉਪਰਾਲੇ ਨੂੰ ਇੱਕ ਸਾਰਥਿਕ ਕਦਮ ਕਹਿਣਾ ਸਹੀ ਰਹੇਗਾ। ਤਰਲੋਚਨ ਪਬਲਿਸ਼ਰਜ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਰੱਬ ਰੂਪ ਮਾਂ’ ਇੱਕ ਸਾਂਝਾਂ ਕਾਵਿ ਸੰਗ੍ਰਹਿ ਹੈ। ਇਹ ਉਪਰਾਲਾ ਪ੍ਰੋੜ ਲੇਖਕ ਤੇ ਸ਼ਾਇਰ ਬਾਬੂ ਰਾਮ ਦੀਵਾਨਾ ਦੀ ਮਿਹਨਤ ਸਦਕਾ ਹੋਂਦ ਵਿੱਚ ਆਇਆ ਹੈ। ਪੇਪਰ ਬੈਕ ਦੀ ਇਸ ਪੁਸਤਕ ਵਿੱਚ 69 ਕਵੀਆਂ ਨੇ ਸ਼ਮੂਲੀਅਤ ਕਰਦਿਆਂ ਮਾਂ ਦੇ ਰੂਪ ਨੂੰ ਆਪੋ ਆਪਣੇ ਢੰਗ ਨਾਲ ਕਾਵਿਕ ਸਿਜਦਾ ਬਾਖੂਬੀ ਕੀਤਾ ਹੈ।
ਰਾਜ ਕੁਮਾਰ ਸਾਹੋਵਾਲੀਆ

Leave a Reply

Your email address will not be published. Required fields are marked *