Breaking
www.sursaanjh.com > ਚੰਡੀਗੜ੍ਹ/ਹਰਿਆਣਾ > “ਪੂਰਾ ਪੰਜਾਬ ਲਹਿਰ” ਦੀ ਗੂੰਜ ਘਰ-ਘਰ ਤੱਕ – 80 ਹਜ਼ਾਰ ਤੋਂ ਵੱਧ ਦਸਤਖ਼ਤਾਂ ਨਾਲ ਪੰਜਾਬ ਲਈ ਮਜ਼ਬੂਤ ਅਵਾਜ਼: ਅਜੇਪਾਲ ਸਿੰਘ ਬਰਾੜ

“ਪੂਰਾ ਪੰਜਾਬ ਲਹਿਰ” ਦੀ ਗੂੰਜ ਘਰ-ਘਰ ਤੱਕ – 80 ਹਜ਼ਾਰ ਤੋਂ ਵੱਧ ਦਸਤਖ਼ਤਾਂ ਨਾਲ ਪੰਜਾਬ ਲਈ ਮਜ਼ਬੂਤ ਅਵਾਜ਼: ਅਜੇਪਾਲ ਸਿੰਘ ਬਰਾੜ

ਅਨੰਦਪੁਰ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 3 ਮਾਰਚ:
ਅਜੇਪਾਲ ਸਿੰਘ ਬਰਾੜ, ਪ੍ਰਧਾਨ ਮਿਸਲ ਸਤਲੁਜ (ਇੱਕ ਸਮਾਜਿਕ ਤੇ ਰਾਜਨੀਤਿਕ ਜਥੇਬੰਦੀ ਜੋ ਪੰਜਾਬ ਕੇਂਦਰਿਤ ਰਾਜਨੀਤੀ ਖੜ੍ਹੀ ਕਰਨ ਲਈ ਵਚਨਬੱਧ ਹੈ) ਵੱਲੋਂ ਸ਼ੁਰੂ ਕੀਤੀ ਗਈ “ਪੂਰਾ ਪੰਜਾਬ ਲਹਿਰ” ਤਹਿਤ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਚਲਾਈ ਜਾ ਰਹੀ ਜਨਤਕ ਦਸਤਖ਼ਤ ਪਟੀਸ਼ਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਇਤਿਹਾਸਕ ਮੁਹਿੰਮ ਅਧੀਨ ਹੁਣ ਤੱਕ 80 ਹਜ਼ਾਰ ਤੋਂ ਵੱਧ ਪੰਜਾਬ ਹਿਤੈਸ਼ੀਆਂ ਵੱਲੋਂ ਦਸਤਖ਼ਤ ਕੀਤੇ ਜਾ ਚੁੱਕੇ ਹਨ, ਜੋ ਪੰਜਾਬੀ ਅਸਮਿਤਾ, ਹੱਕਾਂ ਅਤੇ ਸਵਾਭਿਮਾਨ ਪ੍ਰਤੀ ਲੋਕਾਂ ਦੀ ਡੂੰਘੀ ਚੇਤਨਾ ਦਾ ਪ੍ਰਤੀਕ ਹਨ। ਸਰਦਾਰ ਬਰਾੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ  ਟੀਚਾ 1 ਨਵੰਬਰ 2026 ਤੱਕ ਪੰਜ ਲੱਖ ਪੰਜਾਬ ਵਾਸੀਆਂ ਦੇ ਦਸਤਖ਼ਤ ਇਕੱਠੇ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਟੀਚਾ ਪੂਰਾ ਹੋਵੇਗਾ, ਉਸ ਉਪਰੰਤ ਦਿੱਲੀ ਦੇ ਜੰਤਰ-ਮੰਤਰ ਤੋਂ ਭਾਰਤੀ ਸੰਸਦ ਤੱਕ ਪੈਦਲ ਮਾਰਚ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਜਨਤਕ ਪਟੀਸ਼ਨ ਸੌਂਪੀ ਜਾਵੇਗੀ, ਤਾਂ ਜੋ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਰਾਸ਼ਟਰੀ ਪੱਧਰ ‘ਤੇ ਮਜ਼ਬੂਤੀ ਨਾਲ ਰੱਖਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਸਰਵਸ੍ਰੀ ਅਮਰਿੰਦਰ ਸਿੰਘ ਤੂੜ (ਕਨਵੀਨਰ, “ਪੂਰਾ ਪੰਜਾਬ ਲਹਿਰ”), ਬੀਬੀ ਜਸਮੀਤ ਕੌਰ ਚੀਨਾ, ਹਰਦੀਪ ਸਿੰਘ ਡੋਡ (ਯੂਥ ਸਕੱਤਰ), ਯਦਵਿੰਦਰ ਸਿੰਘ ਯੱਦੂ, ਐਡਵੋਕੇਟ ਹਰਪ੍ਰੀਤ ਸਿੰਘ, ਹਰਜੀਤ ਸਿੰਘ ਖਿਜ਼ਰਾਬਾਦ, ਤੇਜਵਿੰਦਰ ਸਿੰਘ ਤੇਜੀ, ਨਰਿੰਦਰਜੋਤ ਕੌਰ, ਬਲਜੀਤ ਸਿੰਘ ਬਿੱਲਾ, ਸੁਖਵਿੰਦਰ ਸਿੰਘ ਜੱਸਾ, ਅਤੇ ਬਾਬਾ ਹਰਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਹਿਤੈਸ਼ੀਆਂ ਵੱਲੋਂ ਇਸ ਜਨਤਕ ਦਸਤਖ਼ਤ ਪਟੀਸ਼ਨ ਪ੍ਰਤੀ ਵਿਆਪਕ ਦਿਲਚਸਪੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜੋ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਆਵਾਜ਼ ਹੁਣ ਇੱਕ ਮਜ਼ਬੂਤ ਲੋਕ ਅੰਦੋਲਨ ਦਾ ਰੂਪ ਧਾਰ ਰਹੀ ਹੈ। “ਪੂਰਾ ਪੰਜਾਬ ਲਹਿਰ” ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਪੰਜਾਬ ਦੇ ਹੱਕਾਂ, ਅਸਮਿਤਾ ਅਤੇ ਭਵਿੱਖ ਲਈ ਸਮਰਪਿਤ ਇੱਕ ਸੰਕਲਪ ਹੈ।

Leave a Reply

Your email address will not be published. Required fields are marked *