www.sursaanjh.com > ਅੰਤਰਰਾਸ਼ਟਰੀ > ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਬਠਿੰਡਾ ਵੱਲੋਂ ਅੱਜ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ  ਦਾ ਰੂਬਰੂ ਸਮਾਗਮ ਅਤੇ ਸਨਮਾਨ ਸਮਾਰੋਹ ਹੋਇਆ – ਸੁਖਦਰਸ਼ਨ ਗਰਗ

ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਬਠਿੰਡਾ ਵੱਲੋਂ ਅੱਜ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ  ਦਾ ਰੂਬਰੂ ਸਮਾਗਮ ਅਤੇ ਸਨਮਾਨ ਸਮਾਰੋਹ ਹੋਇਆ – ਸੁਖਦਰਸ਼ਨ ਗਰਗ

ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਬਠਿੰਡਾ ਵੱਲੋਂ ਅੱਜ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ  ਦਾ ਰੂਬਰੂ ਸਮਾਗਮ ਅਤੇ ਸਨਮਾਨ ਸਮਾਰੋਹ ਹੋਇਆ – ਸੁਖਦਰਸ਼ਨ ਗਰਗ
ਬਠਿੰਡਾ ((ਸੁਰ ਸਾਂਝ ਡਾਟ ਕਾਮ ਬਿਊਰੋ), 16 ਸਤੰਬਰ:
ਅੱਜ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਬਠਿੰਡਾ ਵੱਲੋਂ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ, ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲੀ ਦਾ ਰੂਬਰੂ ਸਮਾਗਮ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਬਾਲਿਆਂਵਾਲੀ ਬਠਿੰਡਾ ਵਿਖੇ ਕੀਤਾ ਗਿਆ। ਠੀਕ ਸਵੇਰੇ 10 ਵਜੇ ਜਸਪਾਲ ਸਿੰਘ ਦੇਸੂਵੀ ਦਾ ਸਵਾਗਤ ਸਾਹਿਤ ਸਭਾ ਬਾਲਿਆਂਵਾਲੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਬੜੀ ਗਰਮਜੋਸ਼ੀ ਅਤੇ ਪਿਆਰ ਨਾਲ ਕੀਤਾ ਗਿਆ। ਚਾਹ ਪਾਣੀ ਤੋਂ ਬਾਅਦ ਠੀਕ ਸਾਢੇ ਦਸ ਵਜੇ ਸੂਝਵਾਨ ਸਰੋਤਿਆਂ ਦੀ ਕਚਹਿਰੀ ਵਿੱਚ ਰੂਬਰੂ ਸਮਾਗਮ ਸ਼ੁਰੂ ਹੋਇਆ।
ਪ੍ਰਧਾਨਗੀ ਮੰਡਲ ਵਿੱਚ ਜਸਪਾਲ ਸਿੰਘ ਦੇਸੂਵੀ ਜੀ ਤੋਂ ਇਲਾਵਾ ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ, ਨਾਮਵਰ ਗ਼ਜ਼ਲਗੋ ਅਮਰਜੀਤ ਸਿੰਘ ਜੀਤ ਬਠਿੰਡਾ, ਦਰਸ਼ਨ ਸਿੰਘ ਸਿੱਧੂ ਅਤੇ  ਅਜਮੇਰ ਸਿੰਘ ਦੀਵਾਨਾ ਸੁਸ਼ੋਭਿਤ ਹੋਏ। ਮਾਸਟਰ ਜਗਨਨਾਥ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਭ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਪ੍ਰਧਾਨ ਸੁਖਦਰਸ਼ਨ ਗਰਗ ਨੇ ਸਭ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਇਸ ਉਪਰੰਤ ਸ. ਅਮਰਜੀਤ ਸਿੰਘ ਜੀਤ ਨੇ ਜਸਪਾਲ ਸਿੰਘ ਦੇਸੂਵੀ ਬਾਰੇ ਸਰੋਤਿਆਂ ਨੂੰ ਸੰਖੇਪ ਜਾਣਕਾਰੀ ਦਿੱਤੀ ਗਈ ਅਤੇ ਮੰਚ ਸੰਚਾਲਕ ਮਾਸਟਰ ਜਗਨਨਾਥ ਨੇ ਜਸਪਾਲ ਸਿੰਘ ਦੇਸੂਵੀ ਨੂੰ ਸਰੋਤਿਆਂ ਦੇ ਰੂਬਰੂ ਹੋਣ ਲਈ ਬੁਲਾਇਆ। ਜਸਪਾਲ ਸਿੰਘ ਦੇਸੂਵੀ ਨੇ ਆਪਣੇ ਜੀਵਨ, ਪਿਛੋਕੜ ਅਤੇ ਸਾਹਿਤਕ ਸਫ਼ਰ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਅਤੇ ਆਪਣਾ ਸਾਹਿਤਕ ਜੀਵਨ ਦਾ ਮਨੋਰਥ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਦਸਦਿਆਂ ਕਿਹਾ ਕਿ ਅੱਜ ਸਾਰੇ ਸਾਹਿਤਕਾਰਾਂ ਨੂੰ ਭਾਵੇਂ ਉਹ ਸਾਹਿਤ ਦੀ ਕਿਸੇ ਵਿਧਾ ਵਿਚ ਸਾਹਿਤਕ ਰਚਨਾ ਕਰਦੇ ਹੋਣ ਇਕੱਠੇ ਹੋ ਕੇ ਹੰਭਲਾ ਮਾਰਨ ਅਤੇ ਪੰਜਾਬੀ ਮਾਂ ਬੋਲੀ ਦੀ ਨੁਹਾਰ ਅਤੇ ਵਕਾਰ ਸਾਂਭਣ ਦੇ ਉਪਰਾਲੇ ਕਰਨ ਦੇ  ਵੱਖ ਵੱਖ ਪਹਿਲੂਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਾਡੇ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਇਕੱਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ ਤਾਂ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਾਂਤਿਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਬਣਦਾ ਸਥਾਨ ਅਤੇ ਦਿਵਾ ਸਕੀਏ। ਪੰਜਾਬੀ ਨੂੰ ਤਕਨੀਕੀ ਸਿੱਖਿਆ ਤੇ ਕੰਮ ਕਾਰ ਦੀ ਭਾਸ਼ਾ ਬਣਾਉਣ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਵਿਧਾਨਕ, ਅਦਾਲਤੀ , ਦਫ਼ਤਰੀ, ਤਕਨੀਕੀ ਅਤੇ (ਸਿਹਤ) ਮੈਡੀਕਲ ਸਿੱਖਿਆ ਦੇ ਖੇਤਰ ਵਿਚ ਸਲੇਬਸ ਪੁਸਤਕਾਂ ਦਾ ਪੰਜਾਬੀ ਭਾਸ਼ਾ ਦੀ ਨਰੋਈ ਸ਼ਬਦਾਵਲੀ ਨਾਲ ਉਲਥਾ ਕੀਤਾ ਜਾਵੇ ਤਾਂ ਕਿ ਉਹ ਪੁਸਤਕਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਉਪਲਬਧ ਕਰਵਾਈਆਂ ਜਾ ਸਕਣ, ਕਿਉਂਕਿ ਅੱਜ ਦੀ ਖੋਜ ਦੱਸਦੀ ਹੈ ਕਿ ਜਿਹੜੀਆਂ ਕੌਮਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਆਪਣੀ ਮਾਤਭਾਸ਼ਾ ਵਿਚ ਸਥਾਪਤ ਕੀਤਾ ਹੈ, ਉਨ੍ਹਾਂ ਨੇ ਹੀ ਹਰ ਖੇਤਰ ਵਿਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ।
ਜਦੋਂ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਬਣ ਜਾਵੇਗੀ ਤਾਂ ਹੀ ਪੰਜਾਬ ਤੋਂ ਹੋ ਰਹੇ ਬੌਧਿਕ ਪ੍ਰਵਾਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਨੇ ਸੰਸਥਾ ਦੇ ਸਾਹਿਤਕ ਉਪਰਾਲਿਆਂ ਲਈ ਹਰ ਪ੍ਰਕਾਰ ਦਾ ਸਹਿਯੋਗ ਕਰਨ ਦੀ ਸੇਵਾ ਦਾ ਬਚਨ ਕੀਤਾ, ਜਿਸ ਦੀ ਸਾਰਿਆਂ ਨੇ ਤਾੜੀਆਂ ਨਾਲ ਖ਼ੁਸ਼ੀ ਪ੍ਰਗਟ ਕੀਤੀ। ਜਸਪਾਲ ਸਿੰਘ ਦੇਸੂਵੀ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਬਹੁਤ ਠਰ੍ਹੰਮੇਂ ਪ੍ਰਭਾਵੀ ਢੰਗ ਨਾਲ ਦੇ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਨੇ ਆਪਣੀਆਂ ਅਤੇ ਗਿਆਨ ਸਿੰਘ ਦਰਦੀ ਦੀਆਂ ਕਾਵਿ ਪੁਸਤਕਾਂ ਲਾਇਬਰੇਰੀ ਲਈ ਭੇਂਟ ਕੀਤੀਆਂ। ਸਮਾਗਮ ਦੌਰਾਨ ਸੁਖਦਰਸ਼ਨ ਗਰਗ  ਦੇ ਕਾਵਿ (ਰੁਬਾਈ) ਸੰਗ੍ਰਹਿ “ਕੋਵਿਡ -ਕੋਵਿਡ” ਦਾ ਲੋਕ ਅਰਪਣ ਤਾੜੀਆ ਦੀ ਗੂੰਜ ਵਿੱਚ ਕੀਤਾ ਗਿਆ। ਸਾਰਾ ਪ੍ਰੋਗਰਾਮ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਹੋਇਆ ਅਤੇ ਮਾਸਟਰ ਜਗਨਨਾਥ ਨੇ ਮੰਚ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਕੀਤਾ। ਕਵੀਸ਼ਰ ਸਤਪਾਲ ਸਿੰਘ ਗਿੱਲ ਨੇ ਆਪਣੀਆਂ ਰਚਨਾਵਾਂ ਤਰੰਨਮ ਵਿਚ ਪੇਸ਼ ਕੀਤੀਆਂ। ਸਭਾ ਵੱਲੋਂ ਜਸਪਾਲ ਸਿੰਘ ਦੇਸੂਵੀ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਅਖੀਰ ਵਿੱਚ ਪ੍ਰਧਾਨ ਸੁਖਦਰਸ਼ਨ ਗਰਗ ਨੇ ਸਾਰੇ ਅਦੀਬਾਂ ਦਾ ਧੰਨਵਾਦ ਕੀਤਾ। ਸਮੁੱਚਾ ਪ੍ਰੋਗਰਾਮ ਨਿਵੇਕਲ਼ੀਆਂ ਪੈੜਾਂ ਪਾਉਂਦਾ ਹੋਇਆ ਯਾਦਗਾਰੀ ਹੋ ਨਿੱਬੜਿਆ।

Leave a Reply

Your email address will not be published. Required fields are marked *