Breaking
www.sursaanjh.com > ਅੰਤਰਰਾਸ਼ਟਰੀ > ਪ੍ਰਲੇਸ਼ ਵੱਲੋਂ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ’ ਤੇ ਗੋਸ਼ਟੀ

ਪ੍ਰਲੇਸ਼ ਵੱਲੋਂ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ’ ਤੇ ਗੋਸ਼ਟੀ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਮਾਰਚ:
ਬੀਤੇ ਦਿਨੀਂ ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵੱਲੋਂ ਯੁਵਾ ਚਿੰਤਕ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ-ਹਰੀ ਕ੍ਰਾਂਤੀ ਦੇ ਆਰ-ਪਾਰ’ ਉੱਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗੋਸ਼ਟੀ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਡਾ. ਸੇਵਾ ਸਿੰਘ ਨੇ ਕੀਤੀ। ਕਿਤਾਬ ‘ਤੇ ਪੇਪਰ ਪੜ੍ਹਦਿਆਂ ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਿਤਾਬ ਇਹ ਕਹਿੰਦੀ ਹੈ ਕਿ ਹਰੀ ਕ੍ਰਾਂਤੀ ਲੋਕ ਮਨ ਦੀ ਜ਼ਮੀਨ ਨੂੰ ਬੰਜ਼ਰ ਕਿਵੇਂ ਬਣਾਉਂਦੀ ਹੈ ਤੇ ਹਰੀ ਕ੍ਰਾਂਤੀ ਫੋਕ ਤੇ ਲੋਕ ਦੇ ਅਰਥ ਕਿਵੇਂ ਬਦਲਦੀ ਹੈ। ਇਹ ਕਿਤਾਬ ਕਿਸੇ ਮਸਲੇ ਦੀਆਂ ਜੜ੍ਹਾਂ ਲੱਭਦੀ ਤੇ ਗਾਇਕੀ ਰਾਹੀ ਸਮਝਦੀ ਹੋਈ ਨਾਲ ਹੀ ਸੌ ਸਾਲ ਦੇ ਇਤਿਹਾਸ ਦਾ ਅਧਿਐਨ ਵੀ ਕਰਦੀ ਹੈ। ਮੰਡੀ ਸੰਗੀਤ ‘ਚ ਆ ਕੇ ਸਮਾਜ ਆਪਣਾ ਜਮਾਤੀ ਅਰਥ ਕਿਵੇਂ ਗਵਾ ਲੈਂਦਾ ਹੈ। ਅੱਗੇ ਕਿਤਾਬ ਇਹ ਵੀ ਦੱਸਦੀ ਹੈ ਕਿ ਜਦੋਂ ਸਮਾਜ ਜਾਂ ਸੰਗੀਤ ਦਾ ਰਿਸ਼ਤਾ ਸੁਸਾਇਟੀ ਨਾਲੋਂ ਟੁੱਟਦਾ ਹੈ ਤਾਂ ਉਹ ਸੁਸਾਇਟੀ ਬੰਜ਼ਰ ਕਿਵੇਂ ਹੁੰਦੀ ਹੈ। ਸੱਤਾ ਸ਼ਬਦ ਨੂੰ ਆਪਣੇ ਪ੍ਰਵਚਨ ਵਿੱਚ ਕਿਵੇਂ ਢਾਲ਼ਦੀ ਹੈ। ਇਨ੍ਹਾਂ ਥੀਸਿਸ ਨਾਲ ਤਸਕੀਨ ਪੰਜਾਬ, ਇਤਿਹਾਸ ਤੇ ਕਲਚਰ ਦੀ ਹਿਸਟ੍ਰੋਗ੍ਰਾਫੀ ਕਰਦਾ ਹੈ। ਕਿਤਾਬ ‘ਤੇ ਕਿੰਤੂ ਕਰਦਾ ਉਹ ਅੱਗੇ ਕਹਿੰਦਾ ਹੈ ਕਿ ਇਹ ਗਾਇਕੀ ਜੋ ਖਪਤਵਾਦੀ ਕਲਚਰ ਪੈਦਾ ਕਰਦੀ ਹੈ, ਇਹਨੂੰ ਲੋਕ ਸੰਗੀਤ ਕਹਿਣਾ ਕਿੰਨਾ ਕੁ ਜਾਇਜ਼ ਹੈ? ਗੋਸ਼ਟੀ ਦੀ ਵਿਉਂਤਬੰਦੀ ਤੇ ਸਟੇਜ ਸੰਚਾਲਨਾ ਸੰਘ ਦੇ ਜਰਨਲ ਸਕੱਤਰ ਭਗਵੰਤ ਰਸੂਲਪੁਰੀ ਨੇ ਸੁਚੱਜੇ ਢੰਗ ਨਾਲ ਨਿਭਾਈ।
ਗੋਸ਼ਟੀ ਦਾ ਆਰੰਭ ਕਰਦਿਆਂ ਪ੍ਰੋ. ਐੱਚ. ਐੱਸ. ਡਿੰਪਲ ਨੇ ਕਿਤਾਬ ਦੇ ਹਵਾਲੇ ਨਾਲ ਕਿਹਾ ਕਿ ਇਕ ਪਾਸੇ ਅਜਿਹੀ ਗਾਇਕੀ ਸੀ ਜੋ ਲੋਕਾਂ ਨਾਲ ਜੁੜੀ ਹੋਈ ਸੀ। ਜਦੋਂ ਗਾਇਕੀ ‘ਚ ਮੰਡੀ ਦਾ ਦਖ਼ਲ ਵਧਣ ਨਾਲ ਬੁੱਧੀਜੀਵੀ ਵਰਗ ਇਕ ਪਾਸੇ ਹੋ ਜਾਂਦਾ ਏ, ਜਿਸ ਨਾਲ ਗਾਇਕੀ ‘ਚ ਬੌਧਿਕ ਤੇ ਸਮਾਜਿਕ ਸਰੋਕਾਰ ਇਕ ਪਾਸੇ ਹੋ ਜਾਂਦੇ ਹਨ। ਇਹ ਜੋ ਖਲਾਅ ਪੈਦਾ ਹੁੰਦਾ ਏ। ਇਹ ਖਪਤ ਸਭਿਆਚਾਰ ਦੇ ਹਵਾਲੇ ਹੋ ਜਾਂਦਾ ਏ। ਦੋਹਾਂ ਦੇ ਦੋਫਾੜ ਹੋਣ ਦਾ ਨਿਖੇੜਾ ਪਹਿਲੀ ਵਾਰ ਤਸਕੀਨ ਦੇ ਕਿਤਾਬ ਵਿਚ ਪੇਸ਼ ਚਿੰਤਨ ਵਿੱਚ ਦਿਖਾਈ ਦਿੰਦਾ ਹੈ। ਨਾਵਲਕਾਰ ਬਲਬੀਰ ਪਰਵਾਨਾ ਨੇ ਬਹਿਸ ਨੂੰ ਅੱਗੇ ਤੋਰਦਿਆਂ ਕਿਹਾ ਕਿ ਤਸਕੀਨ ਦੀ ਇਸ ਕਿਤਾਬ ਵਿੱਚ ਵਿਰੋਧਾਭਾਸ ਵੀ ਹੈ। ਜਦੋਂ ਤਸਕੀਨ ਗਾਇਕੀ ਤੇ ਹਰੇ ਇਨਕਲਾਬ ਦੀ ਗੱਲ ਕਰਦਾ ਹੈ ਤਾਂ ਬਹੁਤ ਮੁੱਲਵਾਨ ਗੱਲਾਂ ਕਰਦਾ ਹੈ ਪਰ ਜਦੋਂ ਉਹ ਕਿਤਾਬ ‘ਚ ਕੇਂਦਰੀ ਪੰਜਾਬ ਦਾ ਇਤਿਹਾਸ ਤੇ ਸਾਂਝੀਵਾਲਤਾ ਜਾਂ ਕਿਸਾਨੀ ਅੰਦੋਲਨ ਦੀ ਗੱਲ ਕਰਦਾ ਹੈ ਤਾਂ ਉਹ ਗੱਲਾਂ ਉਹਦੇ ਥੀਸਿਸ ਦੇ ਖਿਲਾਫ਼ ਚਲੇ ਜਾਂਦੀਆਂ ਹਨ। ਉਹ ਆਪਣੇ ਹੀ ਥੀਸਿਸ ਨੂੰ ਕਿਤੇ ਨਾ ਕਿਤੇ ਰੱਦ ਕਰਦਾ ਹੈ। ਇਸ ਕਿਤਾਬ ਵਿੱਚ ਇਹ ਅੰਤਰ ਵਿਰੋਧ ਬਹੁਤ ਵੱਡਾ ਹੈ। ਹਰੀ ਕ੍ਰਾਂਤੀ ਵਾਲਾ ਲੇਖ ਬਹੁਤ ਕਮਾਲ ਦਾ ਹੈ। ਡਾ. ਸ਼ੈਲਸ ਨੇ ਬੋਲਦਿਆਂ ਕਿਹਾ ਕਿ ਤਸਕੀਨ ਦਾ ਯਤਨ ਬਹੁਤ ਅੱਛਾ ਹੈ ਪਰ ਕਿਤਾਬ ਵਿੱਚ ਨਿਰੰਤਰਤਾ ਦੀ ਘਾਟ ਹੈ। ਇਹ ਗੱਲਾਂ ਕਰਦਾ ਕਰਦਾ ਦੂਜੇ ਪਾਸੇ ਚਲਾ ਜਾਂਦਾ, ਤਸਕੀਨ ਕਿਤਾਬ ਵਿੱਚ ਕਹਿੰਦਾ ਹੈ ਗੀਤ-ਗੀਤਕਾਰੀ ਨੂੰ ਹਰੀ ਕ੍ਰਾਂਤੀ ਬਦਲਦੀ ਹੈ, ਗ਼ਲਤ ਹੈ। ਗੀਤਕਾਰ ਨੇ ਗੀਤਾਂ ਦੇ ਸਰੋਤ ਸਮਾਜ ‘ਚੋਂ ਲੈਣੇ ਹੁੰਦੇ ਨੇ। ਹਰੀ ਕ੍ਰਾਂਤੀ ਨੇ ਗੀਤਾਂ ਵਿੱਚ ਬਦਲਾਅ ਨਹੀਂ ਲਿਆਂਦਾ। ਹਰੀ ਕ੍ਰਾਂਤੀ ਨੇ ਸਰਮਾਏਦਾਰੀ ਨੂੰ ਤੇਜ਼ ਕੀਤਾ। ਅੱਗੇ ਤਸਕੀਨ ਇਸ ਸੰਕਟ ਦਾ ਸਾਰਾ ਹੱਲ ਅਤੀਤ ‘ਚੋਂ ਵੇਖਦਾ ਹੈ। ਗੈਂਗਵਾਰ ਦਾ ਵਰਤਾਰਾ ਜਦੋਂ ਗਾਇਕੀ ‘ਚੋਂ ਆਉਂਦਾ ਹੈ, ਉਹਦੀਆਂ ਜੜ੍ਹਾਂ ਕਿੱਥੇ ਹਨ, ਉਹ ਏਥੋਂ ਦੇ ਰਾਜਨੀਤਿਕ, ਸਮਾਜਿਕ ਪ੍ਰਬੰਧ ਵਿੱਚ ਹਨ।
ਹਰਵਿੰਦਰ ਭੰਡਾਲ ਨੇ ਕਿਤਾਬ ਤੇ ਬੋਲਦਿਆਂ ਕਿਹਾ ਕਿ ਤਸਕੀਨ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਨਹੀਂ। ਇਸ ਕਿਤਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ। ਉਸ ਨੇ ਪੰਜਾਬੀ ਗਾਇਕੀ ਨੂੰ ਅਧਾਰ ਬਣਾ ਕੇ ਪੰਜਾਬੀ ਗਾਇਕੀ ਦਾ ਵਿਸ਼ਲੇਸ਼ਣ ਕੀਤਾ, ਇਹ ਪਹਿਲੀ ਵਾਰ ਹੋਇਆ। ਪਰ ਇਹ ਸੰਪੂਰਨ ਨਹੀਂ। ਉਸ ‘ਚ ਸੰਵਾਦ ਦੀਆਂ ਬਹੁਤ ਸੰਭਾਵਨਾਵਾਂ ਹਨ। ਤਸਕੀਨ ਕਿਤਾਬ ਵਿੱਚ ਕਹਿੰਦਾ ਹੈ ਕਿ ਜਿਹੜੀ ਗਾਇਕੀ ਆਈ ਇਸ ਕਰਕੇ ਸਾਡੀ ਰਹਿਤਲ ਇਸ ਤਰ੍ਹਾਂ ਦੀ ਹੋ ਗਈ। ਮੈਂ ਕਹਿੰਦਾ ਕੀ ਹਰੀ ਕ੍ਰਾਂਤੀ ਅਜਿਹੀ ਚੀਜ਼ ਸੀ ਜੋ ਨਵੀ ਤਰ੍ਹਾਂ ਨਾਲ ਵੱਢ ਮਾਰਦੀ ਹੈ। ਇਹ ‘ਪਲਪ’ ਗਾਇਕੀ ਹੈ, ਜਿਸ ਦੀ ਗੱਲ ਹੋਈ ਹੈ। ਇਸ ‘ਪਲਪ’ ਗਾਇਕੀ ਨੇ ਉਸ ਤਰ੍ਹਾਂ ਦੀਆਂ ਕਦਰੲ- ਕੀਮਤਾਂ ਫੈਲਾਉਣੀਆਂ ਹੁੰਦੀਆਂ ਹਨ ਜੋ ਸੱਤਾ ਦੀ ਸਥਾਪਤੀ ਲਈ ਜ਼ਰੂਰੀ ਹੁੰਦੀਆਂ ਹਨ। ਸੰਘ ਦੇ ਮੀਤ ਪ੍ਰਧਾਨ ਜੁਗਿੰਦਰ ਸੰਧੂ ਨੇ ਬੋਲਦਿਆਂ ਕਿਹਾ ਕਿ ਮੈਂ ਕਿਤਾਬ ਇਕ ਪਾਠਕ ਦੇ ਨਜ਼ਰੀਏ ਤੋਂ ਪੜ੍ਹੀ ਹੈ। ਗਾਇਕੀ, ਇਤਿਹਾਸ ਤੇ ਸਭਿਆਚਾਰ ਬਾਰੇ ਅਨੇਕਾਂ ਹਵਾਲੇ, ਵੇਰਵੇ ਪਹਿਲੀ ਵਾਰ ਪੜ੍ਹਨ ਨੂੰ ਮਿਲਦੇੇ ਹਨ। ਕਿਤਾਬ ਇਹ ਸਮਝਾਉਂਦੀ ਹੈ ਕਿ ਹਰੀ ਕ੍ਰਾਂਤੀ ਤੇ ਚਮਕੀਲੇ ਦੀ ਗਾਇਕੀ ਨਾਲ ਪੰਜਾਬ ਤੇ ਕਿਸੇ ਤਰ੍ਹਾਂ ਦਾ ਅਸਰ ਪਿਆ। ਕਿਤਾਬ ਦੇ ਐਨੇ ਪਸਾਰ ਹਨ ਕਿ ਇਕ ਗੋਸ਼ਟੀ ਵਿੱਚ ਸਾਰੀਆਂ ਗੱਲਾਂ ਨਹੀਂ ਹੋ ਸਕਦੀਆਂ। ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਪ੍ਰਸਿੱਧ ਚਿੰਤਕ ਡਾ. ਸੇਵਾ ਸਿੰਘ ਨੇ ਆਪਣੇ ਲੰਮੇ ਤੇ ਵਿਚਾਰ ਉਤੇਜਿਤ ਭਾਸ਼ਣ ਵਿੱਚ ਕਿਹਾ ਕਿ ਅੱਜ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜੇ ਗੀਤ ਲਿਖੇ ਜਾ ਰਹੇ ਨੇ ਇਹ ਕਿਸ ਕਲਾਸ ਲਈ ਲਿਖੇ ਜਾ ਰਹੇ ਨੇ ਤੇ ਇਨ੍ਹਾਂ ਨੂੰ ਕਿਹੜੀ ਕਲਾਸ ਫਾਈਨਾਂਸ ਕਰ ਰਹੀ ਸੀ? ਏਥੇ ਹਰੀ ਕ੍ਰਾਂਤੀ ਸ਼ਬਦ ਦੀ ਵਰਤੋਂ ਨਹੀਂ ਸੀ ਹੋਣੀ ਚਾਹੀਦੀ। ‘ਨਾਓ ਰਿੱਚ’ ਸ਼ਬਦ ਆਉਣਾ ਚਾਹੀਦਾ ਸੀ। ਨਾਓ ਰਿੱਚ ਕਲਾਸ ਹੈ ਹਰੀ ਕ੍ਰਾਂਤੀ ਫਨੋਮਨਾ ਹੈ। ਏਥੇ ਕਿਤਾਬ ਦੇ ਵਿਰੋਧਾਭਾਸ ਦੀ ਗੱਲ ਹੋਈ ਹੈ, ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਵਿਰੋਧਾਭਾਸ ਨਹੀਂ ਪ੍ਰਤੀਰੋਧ ਸੀ। ਪੰਜਾਬ ‘ਚ ਕੀ ਹੋਇਆ ਕਿ ‘ਨਾਓ ਰਿੱਚ’ ਕਲਾਸ ਨੇ ਟਰਾਇਬਲ ਲੋਕਾਂ ਦੇ ਕਲਚਰ ਨੂੰ ਤਬਾਹ ਕੀਤਾ। ਜੋ ਚਮਕੀਲਾ ਜਾਂ ਉਸ ਵਰਗਿਆਂ ਨੇ ਗੀਤ ਲਿਖੇ ਤੇ ਗਾਏ ਉਹ ਟਰਾਇਬਲ ਸੁਸਾਇਟੀ ਨੂੰ, ਸੁਤੰਤਰ ਔਰਤ ਜੋ ਹਰ ਤਰ੍ਹਾਂ ਦਾ ਕੰਮ ਕਰਦੀ ਹੈ, ਸੋਚਦੀ ਹੈ ਵੀ ਹੈ, ਇਹ ਸਾਰਾ ਕਲਚਰ ‘ਨਾਓ ਰਿੱਚ’ ਕਲਾਸ ਨੇ ਤਬਾਹ ਕੀਤਾ। ਇਹ ਗੱਲ ਸਮਝਣ ਦੀ ਲੋੜ ਹੈ। ਗੀਤ ਕਿਵੇਂ ਲਿਖੇ ਜਾਂਦੇ ਨੇ? ਤੁਸੀਂ ਪੈਸਾ ਦਿਓ। ਗੀਤ ਲਿਖਵਾ ਲਓ। ਗੀਤ ਲਿਖਣ ਵਾਲੇ ਕਰਿੰਦੇ ਹੁੰਦੇ ਨੇ, ਇਹ ਕਲਾਸ ਦੇ ਕਰਿੰਦੇ ਨੇ। ਮਸਲਾ ਅਸਲ ਵਿੱਚ ਇਹ ਹੈ। ਜੇਕਰ ਇਸ ਕਲਚਰ ਨੂੰ ਅਸੀਂ ਸਮਝਦੇ ਨਹੀਂ, ਉਦੋਂ ਤੱਕ ਟ੍ਰਾਇਬਲ ਕਲਚਰ ਨੂੰ ਅਸੀਂ ਸਮਝ ਨਹੀਂ ਸਕਦੇ। ਇਹ ਹਿੱਸਾ ਤਸਕੀਨ ਦੀ ਕਿਤਾਬ ਦਾ ਇਹ ਹੈ।
ਦੂਜਾ ਕਿਸਾਨ ਅੰਦੋਲਨ ਹੈ ਜੋ ਰਾਜਨੀਤਿਕ ਨਹੀਂ ਸੀ। ਤਸਕੀਨ ਸਾਨੂੰ ਸਭਿਆਚਾਰਕ ਕ੍ਰਾਂਤੀ ਦਾ ਰਸਤਾ ਦਿਖਾਉਂਦਾ ਹੈ। ਇਹ ਨਾ ਇਤਿਹਾਸ ਬੋਧ ਤੋਂ ਬਗੈਰ ਹੋ ਸਕਦਾ ਹੈ, ਨਾ ਕਲਾਸ ਐਂਗਲ ਤੋਂ ਬਗੈਰ ਹੋ ਸਕਦਾ ਹੈ। ਉਨ੍ਹਾਂ ਅੱਗੇ ਨਿੱਘਰ ਰਹੀ ਬੌਧਿਕਤਾ ਬਾਰੇ ਵੀ ਤਿੱਖੀ ਸੁਰ ਵਿੱਚ ਵਿਚਾਰ ਪ੍ਰਗਟ ਕੀਤੇ। ਕਿਤਾਬ ਦੇ ਲੇਖਕ ਤਸਕੀਨ ਨੇ ਕਿਹਾ ਕਿ ਇਸ ਕਿਤਾਬ ਨੂੰ ਮੈਂ ਤਕਰੀਬਨ ਪੰਦਰਾਂ ਸਾਲਾਂ ‘ਚ ਪੂਰਾ ਕੀਤਾ ਹੈ। ਵੇਖੋ ਹਰ ਬੰਦਾ ਚਾਹੁੰਦਾ ਹੈ ਕਿ ਮੇਰੀ ਸੈਲਫ਼ ਰਿਸਪੈਕਟ ਹੋਵੇ। ਇਸ ਸੰਦਰਭ ‘ਚ ਮੈਂ ਪੰਜਾਬ ਦੇ ਮਨੁੱਖ ਤੇ ਇਤਿਹਾਸ ਦੀ ਸੋਚ ਨੂੰ ਸਮਝਣ ਦਾ ਯਤਨ ਕੀਤਾ ਹੈ। ਮੈਂ ਗਾਇਕੀ ਦੇ ਵਰਤਾਰੇ ਨੂੰ ਉਸ ਤਰ੍ਹਾਂ ਸਮਝਣ ਦਾ ਯਤਨ ਨਹੀਂ ਕੀਤਾ ਜਿਵੇਂ ਸਾਡੇ ਮਾਰਕਸਵਾਦੀ ਸਮਝਦੇ ਹਨ। ਮੇਰੇ ਸਾਹਮਣੇ ਬਾਬਾ ਨਾਨਕ, ਬੁੱਲੇ ਸ਼ਾਹ, ਸ਼ਾਹ ਹੁਸੈਨ ਵੀ ਹੈ। ਸਭ ਦਾ ਵਿਜ਼ਨ ਕਿਤਾਬ ‘ਚ ਹੈ। ਇਤਿਹਾਸ ਨੂੰ ਸਾਨੂੰ ਇਸਲਾਮਿਕ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ। ਮੇਰੀ ਕਿਤਾਬ ਵਿੱਚ ਇਹ ਨਜ਼ਰੀਆ ਤੁਸੀਂ ਵੇਖੋਗੇ। ਬਾਕੀ ਮੈਂ ‘ਨਾਓ ਰਿੱਚ’ ਸ਼ਬਦ ਨਹੀਂ ਵਰਤਿਆ ਬਲਕਿ ‘ਨਵ ਧਨਾਡ’ ਸ਼ਬਦ ਵਰਤਿਆ ਸੀ। ਮੈਂ ਮਹਿਸੂਸ ਕੀਤਾ, ਜਦੋਂ ਹਰੀ ਕ੍ਰਾਂਤੀ ਆਉਂਦੀ ਹੈ ਤਾਂ ਅਰਥਚਾਰਾ ਕਿਵੇਂ ਬਦਲਦਾ ਹੈ। ਸਾਡਾ ਮੱਧਕਾਲ ਸੈਲਫ਼ ਰਿਸਪੈਕਟ ਦੀ ਗੱਲ ਵੀ ਕਰਦਾ ਹੈ। ਮੈਂ ਉਸ ਸੰਦਰਭ ਵਿੱਚ ਗਾਇਕੀ ਨੂੰ ਸਮਝਿਆ ਹੈ। ਪੂੰਜੀ ਕਿਵੇਂ ਮਨੁੱਖੀ ਗੌਰਵ ਨੂੰ ਖਾ ਜਾਂਦੀ ਹੈ। ਮੈਂ ਗੀਤਾਂ ਰਾਹੀ ਉਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ। ਤੁਸੀਂ ਕਿਤਾਬ ਬਾਰੇ ਐਨੀਆਂ ਗੱਲਾਂ ਦੱਸੀਆਂ ਤੁਹਾਡਾ ਧੰਨਵਾਦ। ਗੋਸ਼ਟੀ ਵਿੱਚ ਸੁਰਜੀਤ ਜੱਜ, ਕੁਲਦੀਪ ਸਿੰਘ ਬੇਦੀ, ਇਕਬਾਲ ਚਾਚਾ, ਮਨਜਿੰਦਰ ਕਮਲ, ਬਿੰਦਰ ਬਸਰਾ, ਰਾਕੇਸ਼ ਆਨੰਦ, ਕਾ. ਕੇਸਰ, ਰਮੇਸ਼ ਚੋਹਕਾ ਤੇ ਹੋਰਨਾਂ ਨੇ ਭਾਗ ਲਿਆ।
ਫੋਟੋ ਕੈਪਸ਼ਨ: ਗੋਸ਼ਟੀ ‘ਚ ਹਾਜ਼ਰ ਵਿਦਵਾਨ ਡਾ. ਸੇਵਾ ਸਿੰਘ, ਗੁਰਦੀਪ ਢਿੱਲੋਂ, ਐੱਸ. ਐੱਚ. ਡਿੰਪਲ, ਸੁਰਜੀਤ ਜੱਜ, ਤਸਕੀਨ, ਕੁਲਦੀਪ ਸਿੰਘ ਬੇਦੀ, ਇਕਬਾਲ ਚਾਨਾ, ਭਗਵੰਤ ਰਸੂਲਪੁਰੀ, ਬਲਬੀਰ ਪਰਵਾਨਾ ਤੇ ਹੋਰ।
ਵੱਲੋਂ – ਭਗਵੰਤ ਰਸੂਲਪੁਰੀ (94170-64350)

Leave a Reply

Your email address will not be published. Required fields are marked *