ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਨਵੰਬਰ:


ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਦਫ਼ਤਰ ਸੈਕਟਰ-38 ਚੰਡੀਗੜ੍ਹ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਸ੍ਰ. ਮਨਮੋਹਨ ਸਿੰਘ, ਚੇਅਰਮੈਨ ਚੰਡੀਗੜ੍ਹ ਸਾਹਿਤ ਅਕਾਦਮੀ ਨਾਲ ਮੁਲਾਕਾਤ ਕੀਤੀ ਗਈ ਅਤੇ ਸਨਮਾਨ ਵਜੋਂ ਉਨ੍ਹਾਂ ਨੂੰ ਆਪਣੀ ਨਵੀਂ ਧਾਰਮਿਕ ਪੁਸਤਕ ‘‘ਵਾਹ ! ਧਰਤ ਅਨੰਦਪੁਰੀ ਦੀ’’ ਭੇਟ ਕੀਤੀ। ਇਸ ਮੌਕੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸ੍ਰੀ ਸੁਭਾਸ਼ ਭਾਸਕਰ ਵੀ ਹਾਜ਼ਰ ਸਨ। ਪ੍ਰਿੰ. ਗੋਸਲ ਵਲੋਂ ਪੁਸਤਕ ਦੀ ਇੱਕ ਕਾਪੀ ਸ੍ਰੀ ਸੁਭਾਸ਼ ਭਾਸ਼ਕਰ ਨੂੰ ਵੀ ਸਤਿਕਾਰ ਸਹਿਤ ਭੇਟ ਕੀਤੀ ਗਈ। ਇਸ ਮੌਕੇ ਪ੍ਰਿੰ. ਗੋਸਲ ਨੇ ਇਨ੍ਹਾਂ ਪ੍ਰਸਿੱਧ ਸਾਹਿਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਇਹ ਧਾਰਮਿਕ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਇਸ ਵਿੱਚ 26 ਧਾਰਮਿਕ ਕਵਿਤਾਵਾਂ ਸ਼ਾਮਲ ਕਰਕੇ ਪ੍ਰਸਿੱਧ ਪਬਲਿਸ਼ਰਜ਼ ਤਰਲੋਚਨ ਚੰਡੀਗੜ੍ਹ ਤੋਂ ਵਧੀਆ ਦਿੱਖ ਨਾਲ ਛਪਾਈ ਗਈ ਹੈ। ਇਨ੍ਹਾਂ ਕਵਿਤਾਵਾਂ ਵਿੱਚ ‘‘ਚੱਕ ਨਾਨਕੀ’’ ਤੋਂ ਲੈ ਕੇ ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਦਾ ਮੁੱਖ ਤੌਰ ਤੇ ਵਰਨਣ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪੁਸਤਕ ਦੀ ਵਿਲੱਖਣਤਾ ਇਸ ਗੱਲ ਵਿੱਚ ਵੀ ਹੈ ਕਿ ਇਨ੍ਹਾਂ ਕਵਿਤਾਵਾਂ ਵਿੱਚ ਬਹੁਤ ਹੀ ਸਰਲ ਪੰਜਾਬੀ ਦਾ ਪ੍ਰਯੋਗ ਕੀਤਾ ਗਿਆ ਹੈ ਤਾਂ ਕਿ ਵੱਡਿਆ ਦੇ ਨਾਲ ਸਾਡੇ ਬੱਚੇ ਵੀ ਇਸ ਪੁਸਤਕ ਨੂੰ ਪੜ੍ਹ ਕੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਉਹ ਇਨ੍ਹਾਂ ਕਵਿਤਾਵਾਂ ਨੂੰ ਮੂੰਹ-ਜਬਾਨੀ ਗੁਣ-ਗੁਣਾਂਦੇ ਹੋਏ ਯਾਦ ਕਰ ਸਕਣ। ਚੇਅਰਮੈਨ ਸ੍ਰ. ਮਨਮੋਹਨ ਸਿੰਘ ਅਤੇ ਸਕੱਤਰ ਸ੍ਰੀ ਸੁਭਾਸ਼ ਭਾਸਕਰ ਨੇ ਕਿਹਾ ਕਿ ਇਹ ਪੁਸਤਕ ਬੜੇ ਢੁਕਵੇਂ ਸਮੇਂ ਤੇ ਛਪ ਕੇ ਆਈ ਹੈ ਅਤੇ ਪ੍ਰਿੰ. ਗੋਸਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਇਕ ਵਧੀਆ ਕਾਰਜ ਕੀਤਾ ਹੈ। ਉਨ੍ਹਾਂ ਨੂੰ ਇਹ ਪੁਸਤਕ ਭੇਟ ਕਰਨ ਲਈ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਧੰਨਵਾਦ ਕਰਦੇ ਹੋਏ ਉਮੀਦ ਜ਼ਾਹਿਰ ਕੀਤੀ ਕਿ ਪ੍ਰਿੰ. ਗੋਸਲ ਭਵਿੱਖ ਵਿੱਚ ਹੋਰ ਵੀ ਵਧੀਆ ਕਾਰਜ ਕਰਨਗੇ।
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਸ੍ਰ. ਮਨਮੋਹਨ ਸਿੰਘ ਅਤੇ ਸਕੱਤਰ ਸ੍ਰੀ ਸੁਭਾਸ਼ ਭਾਸਕਰ ਜੀ ਨੂੰ ਨਵੀਂ ਧਾਰਮਿਕ ਪੁਸਤਕ ਭੇਟ ਕਰਦੇ ਹੋਏ।

