ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਈ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਸਥਿਤ ਦਫਤਰ ਤੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਬਲਬੇੜਾ (ਪਟਿਆਲਾ) ਦੀ ਵਿਸ਼ੇਸ਼ ਫੇਰੀ ਸਮੇਂ, ਅਕੈਡਮੀ ਦੀ ਪ੍ਰਿੰਸੀਪਲ ਮੀਰਾ ਵਰਮਾ ਅਤੇ ਦੂਜੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।


ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਅਕਾਲ ਅਕੈਡਮੀ ਬਲਬੇੜਾ ਦੀ ਪ੍ਰਿੰਸੀਪਲ ਮੀਰਾ ਵਰਮਾ ਨੂੰ ਅਕੈਡਮੀ ਦੀ ਲਾਇਬ੍ਰੇਰੀ ਲਈ ਪ੍ਰਿੰ. ਗੋਸਲ ਰਚਿਤ ਪੁਸਤਕਾਂ ਮੁਫਤ ਭੇਟ ਕੀਤੀਆਂ ਤਾਂ ਕਿ ਅਕੈਡਮੀ ਦੇ ਅਧਿਆਪਕ ਅਤੇ ਬੱਚੇ ਪੰਜਾਬੀ ਦੀਆਂ ਇਹਨਾਂ ਵਿਲੱਖਣ ਪੁਸਤਕਾਂ ਦਾ ਲਾਭ ਉਠਾ ਸਕਣ। ਇਸ ਮੌਕੇ ਤੇ ਉਹਨਾਂ ਨਾਲ ਕਰਨਲ ਜਸਜੀਤ ਸਿੰਘ ਕਾਹਲੋਂ, ਡਾ. ਨਿਰਮਲ ਗੋਇਲ, ਮੈਡਮ ਨਵਜੀਤ ਕੌਰ ਅਤੇ ਅਕੈਡਮੀ ਦੇ ਅਧਿਆਪਕ ਵੀ ਹਾਜ਼ਰ ਸਨ। ਪ੍ਰਿੰ. ਗੋਸਲ ਰਚਿਤ ਜਿਹੜੀਆਂ ਪੁਸਤਕਾਂ ਲਾਇਬ੍ਰੇਰੀ ਲਈ ਭੇਟ ਕੀਤੀਆਂ ਗਈਆਂ ਉਹਨਾਂ ਵਿੱਚ “ਮੇਰੇ ਚੌਣਵੇਂ ਲੇਖ”, ‘‘ਪ੍ਰੀਤਾਂ ਪੰਜਾਬੀ ਸੱਭਿਆਚਾਰ ਦੀਆਂ”, “ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ”, “ਸਿੱਖ ਇਤਿਹਾਸ ਦੇ ਅਜਬ ਪੰਨੇ”, “ਸੱਭਿਆਚਾਰਕ ਹਵੇਲੀਆਂ” ਅਤੇ ਕਈ ਬਾਲ ਪੁਸਤਕਾਂ ਵੀ ਸ਼ਾਮਲ ਸਨ।
ਅਕਾਲ ਅਕੈਡਮੀ ਦੀ ਪ੍ਰਿੰਸੀਪਲ ਮੀਰਾ ਵਰਮਾ ਨੇ ਪ੍ਰਿੰ. ਗੋਸਲ ਨੂੰ 100 ਤੋਂ ਵੱਧ ਪੁਸਤਕਾਂ ਲਿਖਣ ਲਈ ਵਧਾਈ ਦੇਂਦੇ ਹੋਏ ਉਹਨਾਂ ਦੀ ਲਾਇਬ੍ਰੇਰੀ ਲਈ ਮੁਫਤ ਪੁਸਤਕਾਂ ਭੇਟ ਕਰਨ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਬਹੁਤ ਹੀ ਰੌਚਿਕ ਪੰਜਾਬੀ ਦੀਆਂ ਪੁਸਤਕਾਂ ਦਾ ਅਕੈਡਮੀ ਦੇ ਸਾਰੇ ਅਧਿਆਪਕ ਅਤੇ ਬੱਚੇ ਖੂਬ ਲਾਭ ਉਠਾਉਣਗੇ ਅਤੇ ਗਿਆਨ ਪ੍ਰਾਪਤ ਕਰਨਗੇ। ਮੈਡਮ ਮੀਰਾ ਵਰਮਾ ਜੀ ਨੇ ਵੀ ਗੋਸਲ ਵਲੋਂ ਲਿਖੀਆਂ ਇਹਨਾਂ ਕਿਤਾਬਾਂ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਪੁਸਤਕਾਂ ਅਧਿਆਪਕਾਂ ਅਤੇ ਬੱਚਿਆਂ ਲਈ ਬਹੁਤ ਲਾਹੇਵੰਦ ਹਨ।ਉਹਨਾਂ ਨੇ ਅਕੈਡਮੀ ਦੇ ਬੱਚਿਆਂ ਨੂੰ ਵੀ ਇਹ ਕਿਤਾਬਾਂ ਲਾਇਬ੍ਰੇਰੀ ਤੋਂ ਲੈ ਕੇ ਪੜਨ ਲਈ ਕਿਹਾ ।ਉਹਨਾਂ ਕਿਹਾ ਕਿ ਪ੍ਰਿੰ. ਗੋਸਲ ਦੀਆਂ ਬੱਚਿਆਂ ਲਈ ਲਿਖੀਆਂ ਪੁਸਤਕਾਂ ਗਿਆਨ ਅਤੇ ਰੌਚਿਕਤਾ ਦਾ ਵੱਡਾ ਭੰਡਾਰ ਹਨ। ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀ 108ਵੀ ਪੁਸਤਕ ਕਰਨਲ ਜਸਜੀਤ ਸਿੰਘ ਕਾਹਲੋਂ ਨੂੰ ਵੀ ਭੇਟ ਕੀਤੀ ਗਈ। ਜਿਹਨਾਂ ਨੇ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਉਹਨਾਂ ਦੀ 108ਵੀ ਅਤੇ ਬਹੁਤ ਹੀ ਗਿਆਨ ਭਰਪੂਰ ਧਾਰਮਿਕ ਲੇਖਾਂ ਲਈ ਵਧਾਈ ਦਿੱਤੀ।
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਅਕਾਲ ਅਕੈਡਮੀ ਬਲਬੇੜਾ (ਪਟਿਆਲਾ) ਦੀ ਪ੍ਰਿੰਸੀਪਲ ਮੀਰਾ ਵਰਮਾ ਨੂੰ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕਰਦੇ ਹੋਏ ਨਾਲ ਖੜੇ ਹਨ ਕਰਨਲ ਜਸਜੀਤ ਸਿੰਘ ਕਾਹਲੋ ਅਤੇ ਡਾ.ਨਿਰਮਲ ਗੋਇਲ।

