ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜਨਵਰੀ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 ਚੰਡੀਗੜ੍ਹ ਸਥਿਤ ਸੰਸਥਾ ਦੇ ਦਫ਼ਤਰ ਵਲੋਂ ਇੱਕ ਪ੍ਰੈਸ ਰੀਲੀਜ਼ ਵਿੱਚ ਦੱਸਿਆ ਗਿਆ ਹੈ ਕਿ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਅਕਾਲ ਅਕੈਡਮੀ ਕਮਾਲਪੁਰ (ਸ੍ਰੀ ਚਮਕੌਰ ਸਾਹਿਬ) ਵਿਖੇ ਪਹੁੰਚੇ।


ਇਸ ਮੌਕੇ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਪੰਜਾਬੀ ਦੇ ਪ੍ਰਚਾਰ ਅਤੇ ਸਿੱਖਿਆ ਸੁਧਾਰਾਂ ਨੂੰ ਲੈ ਕੇ ਅਕੈਡਮੀ ਪ੍ਰਿੰਸੀਪਲ ਅਮਨਦੀਪ ਕੌਰ, ਅਧਿਆਪਕਾ ਪ੍ਰਿਅੰਕਾ, ਮਨਿੰਦਰ ਕੌਰ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਅਤੇ ਪੰਜਾਬੀ ਦੇ ਵਿਸ਼ੇ ਵਿੱਚ 100 ਪ੍ਰਤੀਸ਼ਤ ਨੰਬਰ ਲੈਣ ਦੀ ਪ੍ਰੇਰਣਾ ਦਿੱਤੀ। ਇਸ ਗੱਲ ਦਾ ਅਧਿਆਪਕਾਂ ਅਤੇ ਬੱਚਿਆਂ ਵਲੋਂ ਚੰਗਾ ਹੁੰਗਾਰਾ ਮਿਲਿਆ ਅਤੇ ਉਹਨਾਂ ਨੇ ਵੱਧ ਤੋਂ ਵੱਧ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀਆਂ ਰਚਿਤ ਵੱਖ-ਵੱਖ ਪੁਸਤਕਾਂ ਅਕੈਡਮੀ ਦੀ ਲਾਇਬ੍ਰੇਰੀ ਲਈ ਮੁਫਤ ਭੇਟ ਕੀਤੀਆਂ। ਇਹਨਾਂ ਪੁਸਤਕਾਂ ਵਿੱਚ ਵਿਲੱਖਣ ਸਿੱਖਿਆ ਪ੍ਰਾਜੈਕਟ, ਦੋ ਤੇਰੀਆਂ ਦੋ ਮੇਰੀਆਂ, ਮੇਰੀਆਂ ਸ੍ਰੇਸ਼ਠ ਬਾਲ ਕਵਿਤਾਵਾਂ, ਵਿਰਾਸਤੀ ਦਰਵਾਜ਼ੇ, ਪ੍ਰੀਤਾਂ ਪੰਜਾਬੀ ਸੱਭਿਆਚਾਰ ਦੀਆਂ, ਮੇਰੀਆਂ ਸ੍ਰੇਸ਼ਠ ਬਾਲ ਕਹਾਣੀਆਂ, ਮੇਰਾ ਸਾਹਿਤਕ ਸਫ਼ਰ ਅਤੇ ਹੋਰ ਕਈ ਪੁਸਤਕਾਂ ਵੀ ਸ਼ਾਮਲ ਸਨ।
ਇਸ ਮੌਕੇ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਦੀ ਪ੍ਰਿੰ. ਅਮਨਦੀਪ ਕੌਰ ਨੂੰ ਆਪਣੀ 100ਵੀਂ ਪੁਸਤਕ ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ ਭੇਟ ਕੀਤੀ ਅਤੇ ਬੱਚਿਆਂ ਨੂੰ ਇਸ ਪੁਸਤਕ ਵਿਚੋਂ ਧਾਰਮਿਕ ਕਵਿਤਾਵਾਂ ਤਿਆਰ ਕਰਵਾਉਣ ਨੂੰ ਕਿਹਾ। ਅਕੈਡਮੀ ਦੀ ਪ੍ਰਿੰਸੀਪਲ ਨੇ ਲਾਇਬ੍ਰੇਰੀ ਲਈ ਮੁਫਤ ਪੁਸਤਕਾਂ ਭੇਟ ਕਰਨ ਲਈ ਪ੍ਰਿੰਸੀਪਲ ਗੋਸਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਕੈਡਮੀ ਦੇ ਸਮੂਹ ਅਧਿਆਪਕ ਅਤੇ ਬੱਚੇ ਇਹਨਾਂ ਪੁਸਤਕਾਂ ਦਾ ਅਨੰਦ ਲੈਣਗੇ ਅਤੇ ਲਾਭ ਉਠਾਉਣਗੇ।
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਅਕਾਲ ਅਕੈਡਮੀ ਕਮਾਲਪੁਰ ਦੀ ਪ੍ਰਿੰਸੀਪਲ ਅਤੇ ਬੱਚਿਆਂ ਨੂੰ ਲਾਇਬ੍ਰੇਰੀ ਲਈ ਮੁਫਤ ਪੁਸਤਕਾਂ ਭੇਟ ਕਰਦੇ ਹੋਏ।

