www.sursaanjh.com > ਅੰਤਰਰਾਸ਼ਟਰੀ > ਪ੍ਰੇਮ ਮਾਨ, ਹਰਕੀਰਤ ਕੌਰ ਚਾਹਲ ਤੇ ਜਗਜੀਤ ਬਰਾੜ ਦੇ ਕਹਾਣੀ ਸੰਗ੍ਰਹਿ ਲੋਕ ਅਰਪਣ

ਪ੍ਰੇਮ ਮਾਨ, ਹਰਕੀਰਤ ਕੌਰ ਚਾਹਲ ਤੇ ਜਗਜੀਤ ਬਰਾੜ ਦੇ ਕਹਾਣੀ ਸੰਗ੍ਰਹਿ ਲੋਕ ਅਰਪਣ

ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਾਰਚ:
ਬੀਤੇ ਦਿਨੀਂ ਅਮਰੀਕਾ ਤੋਂ ਸਾਹਿਤਕਾਰ ਡਾ.ਪ੍ਰੇਮ ਮਾਨ, ਕੈਨੇਡਾ ਤੋਂ ਗਲਪਕਾਰ ਹਰਕੀਰਤ ਕੌਰ ਚਹਿਲ ਆਪਣੀਆਂ ਨਵੀਆਂ ਪੁਸਤਕਾਂ ਲੋਕ ਅਰਪਣ ਕਰਨ ਆਏ। ਇਸ ਮੌਕੇ  ਇੱਕ ਸਥਾਨਕ ਹੋਟਲ ਵਿੱਚ ਪ੍ਰੇਮ ਮਾਨ ਵੱਲੋਂ 2024 ਦੀਆਂ ਚੋਣਵੀਆਂ 14 ਕਹਾਣੀਆਂ ਦਾ ਸੰਗ੍ਰਹਿ ‘ਨਿੱਤਰੇ ਪਾਣੀਆਂ ਜਿਹੀਆਂ ਕਹਾਣੀਆਂ’, ਪ੍ਰੇਮ ਮਾਨ ਦੀ ਹੀ ਵਾਰਤਕ ਪੁਸਤਕ ‘ਨਿੱਕੀਆਂ -ਵੱਡੀਆਂ ਗੱਲਾਂ’ ਦਾ ਦੂਜਾ ਐਡੀਸਨ, ਹਰਕੀਰਤ ਕੌਰ ਚਹਿਲ ਵੱਲੋਂ ਜਾਨਵਰ ਪਾਤਰਾਂ ਨਾਲ ਸੰਬੰਧਤ ਸੰਪਾਦਤ ਕਹਾਣੀ ਸੰਗ੍ਰਹਿ ‘ਤੇਰੇ ਨਾਲ਼ ਮੁਹੱਬਤ ਡਾਢੀ’, ਜਗਜੀਤ ਬਰਾੜ ਦੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ‘ਮੁੱਲ ਦੀ ਨੀਂਦ’ ਅਤੇ 2023 ਦੀਆਂ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ‘ਗੱਲਾਂ ਕਰਨ ਕਹਾਣੀਆਂ’ ਦੇ ਹਿੰਦੀ ਅਨੁਵਾਦ ਨੂੰ ਪੰਜਾਬ ਭਰ ਤੋਂ ਆਏ ਕਹਾਣੀਕਾਰਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀਆਂ ਗਈਆਂ।
ਇਸ ਮੌਕੇ ਪ੍ਰੇਮ ਮਾਨ ਨੇ ਕਿਹਾ ਕਿ ਬੀਤੇ ਵਰ੍ਹੇਂ ਦੀਆਂ ਇਹ 14 ਕਹਾਣੀਆਂ ਮੇਰੀ ਪਸੰਦੀ ਦੀਆਂ ਹਨ ਪਰ ਨਿਸਚੇ ਹੀ ਪਾਠਕਾਂ ਵੱਲੋਂ ਵੀ ਇਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਅਜਮੇਰ ਰੋਡੇ, ਸਵਾਮੀ ਸਰਬਜੀਤ, ਸਿਮਰਨ ਧਾਲੀਵਾਲ, ਸੁਰਿੰਦਰ ਨੀਰ, ਹਰਕੀਰਤ ਕੌਰ ਚਹਿਲ, ਜਸਪਾਲ ਕੌਰ, ਜਸਵਿੰਦਰ ਰੱਤੀਆਂ, ਜਗਜੀਤ ਬਰਾੜ, ਨਿਰੰਜਣ ਬੋਹਾ, ਪਰਵੇਜ਼ ਸੰਧੂ, ਪ੍ਰੇਮ ਮਾਨ, ਭਗਵੰਤ ਰਸੂਲਪੁਰੀ, ਰਮਨਦੀਪ ਵਿਰਕ ਤੇ ਲਖਵਿੰਦਰ ਵਿਰਕ ਦੀਆਂ ਕਹਾਣੀਆਂ ਪੁਸਤਕ ਵਿੱਚ ਸ਼ਾਮਲ ਹਨ। ਇਨ੍ਹਾਂ ਦੀ ਚੋਣ ਮੈਂ 11 ਪੰਜਾਬੀ ਦੇ ਸਿਰਕੱਢ ਮੈਗਜ਼ੀਨਾਂ ‘ਚੋ ਕੀਤੀ ਹੈ। ਹਰ ਕਹਾਣੀ ਦੇ ਨਾਲ ਲੇਖਕ ਦਾ ਸਵੈ-ਕਥਨ ਵੀ ਦਿੱਤਾ ਗਿਆ ਹੈ। ਪੰਜਾਬੀ ਵਿੱਚ ਲਿਖੀ ਜਾ ਰਹੀ ਚੰਗੀ ਕਹਾਣੀ ਪਾਠਕਾਂ ਨੂੰ  ਦੇਣ ਦਾ ਮੇਰਾ ਉਦੇਸ਼ ਹੈ।
ਇਸ ਮੌਕੇ ਹਰਕੀਰਤ ਕੌਰ ਚਹਿਲ ਨੇ ਕਿਹਾ ਕਿ ਮੇਰੇ ਵੱਲੋਂ ਸੰਪਾਦਤ ਕੀਤੇ ਕਹਾਣੀ ਸੰਗ੍ਰਹਿ ਦਾ ਮਕਸਦ ਪੰਜਾਬੀਆਂ ਦੀ ਜਾਨਵਰਾਂ ਪ੍ਰਤੀ ਸੰਵੇਦਨਸ਼ੀਲਤਾ ਨੂੰ ਜ਼ਾਹਰ ਕਰਨਾ ਹੈ। ਪੰਜਾਬੀ ਲੋਕਾਂ ਦੇ ਜਾਨਵਰਾਂ ਪ੍ਰਤੀ ਰਵੱਈਏ ਨੂੰ ਤੁਸੀਂ ਇਨ੍ਹਾਂ ਕਹਾਣੀਆਂ ਰਾਹੀ ਸਮਝ ਸਕਦੇ ਹੋ। ਮਨੁੱਖ ਇਨ੍ਹਾਂ ਜਾਨਵਰਾਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਰਚਾਉਂਦਾ ਹੈ, ਨੂੰ ਵੀ ਤੁਸੀਂ ਇਨ੍ਹਾਂ ਕਹਾਣੀਆਂ ਵਿੱਚ ਪੜ੍ਹ ਸਕਦੇ ਹੋ। ਚਰਨ ਗਿੱਲ, ਹਰਜਿੰਦਰ ਵਾਲੀਆਂ ਨੇ ਸੰਪਾਦਕਾਂ ਦੇ ਇਸ ਯਤਨ ਦੀ ਤਰੀਫ਼ ਕੀਤੀ। ਭਗਵੰਤ ਰਸੂਲਪੁਰੀ ਨੇ ਕਿਹਾ ਕਿ ਇਨ੍ਹਾਂ ਸੰਪਾਦਤ ਕਿਤਾਬਾਂ ਨਾਲ ਪਾਠਕਾਂ ਨੂੰ ਉੱਤਮ ਦਰਜੇ ਦੀਆਂ ਕਹਾਣੀਆਂ ਮਿਲ ਜਾਣਗੀਆਂ। ਸਤਪਾਲ ਭੀਖੀ ਨੇ ਕਿਹਾ ਕਿ ਦੋਹਾਂ ਸੰਪਾਦਕਾਂ ਨੇ ਜੋ ਕਹਾਣੀਆਂ ਸੰਪਾਦਤ ਕੀਤੀਆਂ, ਉਨ੍ਹਾਂ ਵੱਡੀਆਂ ਕਹਾਣੀਆਂ ਹਨ।
ਨਿਰੰਜਣ ਬੋਹਾ ਨੇ ਕਿਹਾ ਕਿ ਪ੍ਰੇਮ ਮਾਨ ਤੇ ਚਹਿਲ ਪੰਜਾਬੀ ਕਹਾਣੀਕਾਰਾਂ ਨੂੰ ਨਵੇਂ ਪਾਠਕਾਂ ਤੱਕ ਲਿਜਾਣ ਦਾ ਉਪਰਾਲਾ ਕਰ ਰਹੇ ਹਨ। ਇਸ ਮੌਕੇ ਉੱਤੇ ਕਹਾਣੀਕਾਰ ਜਤਿੰਦਰ ਸਿੰਘ ਹਾਂਸ, ਪਰਮਜੀਤ ਮਾਨ, ਲਖਵਿੰਦਰ ਵਿਰਕ, ਕਮਲ ਸੇਖੋਂ, ਰਮਨਦੀਪ ਵਿਰਕ, ਜਸਬੀਰ ਭੁੱਲਰ, ਸੁਖਵਿੰਦਰ, ਡਾ. ਪੁਸਵਿੰਦਰ ਕੌਰ, ਆਰ. ਪੀ. ਸਿੰਘ ਆਦਿ ਨੇ ਲੋਕ ਅਰਪਣ ਹੋਈਆਂ ਪੁਸਤਕਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੀ। ਪੁਸਤਕ ਦੇ ਪ੍ਰਕਾਸ਼ਕ ਨਿਸ਼ਾਂਤ ਸੂਦ ਨੇ ਗਰੇਸ਼ੀਅਸ ਪ੍ਰਕਾਸ਼ਨ ਪਟਿਆਲਾ ਵੱਲੋਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *