ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 26 ਫਰਵਰੀ:
ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਖਾਲਸਾ ਸਕੂਲ ਵਿਖੇ ਹੋਈ। ਸਭਾ ਦੇ ਮੀਡੀਆ ਸਕੱਤਰ ਭੁਪਿੰਦਰ ਸਿੰਘ ਭਾਗੋਮਾਜਰਾ ਅਨੁਸਾਰ ਸਭਾ ਦਾ ਅਰੰਭ ਜੇਈ ਕੁਲਵੰਤ ਸਿੰਘ ਮਾਵੀ ਨੇ ‘ਸਾਰਾ ਪਰਿਵਾਰ ਗੁਰਾਂ ਨੇ ਵਾਰ ਦਿੱਤਾ’ ਨਾਲ ਕੀਤਾ। ਜਸਵਿੰਦਰ ਸਿੰਘ ਰਾਓ ਨੇ ਸਦਾਚਾਰ ਬਾਰੇ ਕਵਿਤਾ ਪੜ੍ਹੀ। ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਨਤਾ ਨੂੰ ਜਾਬਰ, ਭ੍ਰਿਸ਼ਟ ਰਾਜਿਆਂ ਤੋਂ ਮੁਕਤ ਕਰਵਾਉਣ ਲਈ ਅਜ਼ਾਦ ਸਿੱਖ ਰਾਜ ਦੇ ਅਨੰਦਪੁਰੀ ਸੰਕਲਪ ਨੂੰ ਪੇਸ਼ ਕੀਤਾ। ਭੁਪਿੰਦਰ ਸਿੰਘ ਭਾਗੋਮਾਜਰਾ ਨੇ ਵਿੱਦਿਆ ਦੀ ਵਰਤਮਾਨ ਦਸ਼ਾ ਬਾਰੇ ਕਵਿਤਾ ਪੜ੍ਹੀ।


ਸਭਾ ਦੀ ਮੀਤ ਸਕੱਤਰ ਬੀਬੀ ਅਮਰਜੀਤ ਕੌਰ ਨੇ ਪੰਜਾਬੀ ਬੋਲੀ ਦੀ ਮਹਿਮਾ ਦਾ ਮੰਡਨ ਕੀਤਾ। ਰੂਪਨਗਰ ਤੋਂ ਉਚੇਚੇ ਤੌਰ ਤੇ ਪਹੁੰਚੇ ਬੀਬੀ ਯਤਿੰਦਰ ਕੌਰ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਮੁੱਖ ਰੱਖਦਿਆਂ ਪੰਜਾਬੀ ਦੀ ਮਹਾਨ ਵਿਰਾਸਤ ਤੇ ਦਰਪੇਸ਼ ਚਣੌਤੀਆਂ ਦੇ ਸਮਾਧਾਨ ਬਾਰੇ ਵਿਦਵਤਾ ਭਰਪੂਰ ਭਾਸ਼ਣ ਦਿੱਤਾ। ਸਭਾ ਦੇ ਉਪ ਮੀਡੀਆ ਸਕੱਤਰ ਨਿਰਮਲ ਸਿੰਘ ਅਧਰੇੜਾ ਨੇ ‘ਹੀਰਾ ਜਨਮ ਤੇ ਗੁਰੂ ਦੀ ਸੰਗਤ’ ਗੀਤ ਗਾਇਆ। ਕੁਲਵਿੰਦਰ ਖੈਰਾਬਾਦੀ ਨੇ ‘ਜ਼ਿੰਦਗੀ ਦੇ ਸੂਟ ਨੂੰ ਖੁਸ਼ੀ ਦੇ ਖੀਸੇ’ ਖੂਬਸੂਰਤ ਅੰਦਾਜ਼ ਵਿੱਚ ਗੀਤ ਪੇਸ਼ ਕੀਤਾ। ਖਜ਼ਾਨਚੀ ਜਸਕੀਰਤ ਸਿੰਘ ਨੇ ‘ਮਾਸੂਮ ਚਿਹਰੇ’ ਕਵਿਤਾ ਪੜ੍ਹੀ। ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਮਾਤ ਭਾਸ਼ਾ ਪੰਜਾਬੀ ਦੇ ਜੀਵਨ ਨਾਲ ਸਬੰਧ ਅਤੇ ਦਫਤਰਾਂ ਵਿੱਚ ਵਰਤੋਂ ਬਾਰੇ ਜਾਗਰੂਕ ਕੀਤਾ। ਮੰਚ ਸੰਚਾਲਨ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਕੀਤਾ।

