www.sursaanjh.com > Uncategorized > ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਬਾਰੇ ਅਫ਼ਵਾਹਾ ਨਾ ਫੈਲਾਓ – ਪਾਲੀ ਦੇਤਵਾਲ਼ੀਆ

ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਬਾਰੇ ਅਫ਼ਵਾਹਾ ਨਾ ਫੈਲਾਓ – ਪਾਲੀ ਦੇਤਵਾਲ਼ੀਆ

ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਬਾਰੇ ਅਫ਼ਵਾਹਾ ਨਾ ਫੈਲਾਓ – ਪਾਲੀ ਦੇਤਵਾਲ਼ੀਆ
ਚੰਡੀਗੜ੍ਹ 11 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਛਿੰਦਾ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ‘ਤੇ ਗਾਇਕ ਦੀ ਮੌਤ ਦੀ ਖ਼ਬਰ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਗਾਇਕ ਦੇ ਬੇਟੇ ਨੇ ਫੇਸਬੁੱਕ ‘ਤੇ ਲਾਈਵ ਆ ਕੇ ਅਫਵਾਹਾਂ ਨਾਂ ਫੈਲਾਉਣ ਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ।
ਗਾਇਕ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੇ ਬੇਟੇ ਮਨਿੰਦਰ ਛਿੰਦਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਬਿਲਕੁਲ ਠੀਕ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਲੁਧਿਆਣਾ ਦੇ ਨਿੱਜੀ ਹਸਪਤਾਲ ਤੋਂ ਇਲਾਜ ਚਲ ਰਿਹਾ ਸੀ, ਜਿਸ ਕਰਕੇ ਉਨ੍ਹਾਂ ਨੂੰ ਇੱਥੇ ਲੈ ਕੇ ਆਏ ਸੀ ਪਰ ਉਹ ਬਿਲਕੁਲ ਠੀਕ ਹਨ। ਛਿੰਦਾ ਦੇ ਬੇਟੇ ਮਨਿੰਦਰ ਛਿੰਦਾ ਨੇ ਫੈਨਜ਼ ਨੂੰ ਕਿਹਾ ਕਿ ਗ਼ਲਤ ਅਫ਼ਵਾਹਾਂ ‘ਤੇ ਯਕੀਨ ਨਾ ਕੀਤਾ ਜਾ ਜਾਏ। ਜੇਕਰ ਕੋਈ ਵੀ ਉਨ੍ਹਾਂ ਦੇ ਪਿਤਾ ਬਾਰੇ ਹੈਲਥ ਅਪਡੇਟ ਚਾਹੁੰਦੇ ਹਨ, ਉਹ ਪਹਿਲਾਂ ਪਰਿਵਾਰ ਨਾਲ ਸੰਪਰਕ ਕਰਨ।
ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਪੰਜਾਬੀ ਸਿਨੇਮਾ ਜਗਤ ਦੇ ਕਈ ਕਲਾਕਾਰ ਵੀ ਗਾਇਕ ਦਾ ਹਾਲ ਜਾਨਣ ਪਹੁੰਚੇ। ਕਲਾਕਾਰਾਂ ਨੇ ਮੀਡੀਆ ਸਾਹਮਣੇ ਆ ਕੇ ਦੱਸਿਆ ਕਿ ਗਾਇਕ ਸੁਰਿੰਦਰ ਛਿੰਦਾ ਦੀ ਸਿਹਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਮੌਕੇ ਗਾਇਕ ਪਾਲੀ ਦੇਤਵਾਲ਼ੀਆ ਨੇ ਕਿਹਾ ਕਿ ਛਿੰਦਾ ਜੀ ਨੂੰ ਪੇਟ ਦੀ ਪ੍ਰੋਬਲਮ ਹੈ, ਕਿਰਪਾ ਕਰਕੇ ਉਨ੍ਹਾਂ ਦੇ ਦਿਹਾਂਤ ਦੀਆਂ ਗ਼ਲਤ ਖਬਰਾਂ ਚਲਾਉਣ ਦੀ ਬਜਾਏ, ਉਨ੍ਹਾਂ ਲਈ ਅਰਦਾਸ ਕਰਨ ਤੇ ਦੁਆ ਕਰੋ ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਣ ਹੈ। ਪੰਜਾਬੀ ਕਲਾਕਾਰਾਂ ਨੇ ਫੈਨਜ਼ ਤੇ ਚਾਹੁਣ ਵਾਲਿਆਂ ਨੂੰ ਗਾਇਕ ਦੀ ਸਿਹਤਯਾਬੀ ਲਈ ਦੁਆ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਜ ਸਭਾ ਮੈਂਬਰ ਹੰਸਰਾਜ ਹੰਸ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ, ਉਨ੍ਹਾਂ ਨੂੰ ਮਿਲਣ ਆਏ ਸਨ। ਸੁਰਿੰਦਰ ਛਿੰਦਾ ਨੇ ‘ਪੁਤ ਜੱਟਾਂ ਦੇ’, ‘ਟਰੱਕ ਬਿੱਲੀਆ’, ‘ਬਲਬੀਰੋ ਭਾਬੀ’, ‘ਕੇਹਰ ਸਿੰਘ ਦੀ ਮੌਤ’ ਆਦਿ ਕਈ ਹਿੱਟ ਫਿਲਮਾਂ ਵਿੱਚ ਗੀਤ ਦਿੱਤੇ ਹਨ। ਸੁਰਿੰਦਰ ਛਿੰਦਾ ਮਰਹੂਮ ਪੰਜਾਬੀ ਗਾਇਕ ਲੋਕ ਕੁਲਦੀਪ ਮਾਣਕ ਦੇ ਸਹਿਯੋਗੀ ਰਹੇ ਹਨ। ਉਨ੍ਹਾਂ ਨੇ ਚਰਚਿਤ ਗਾਇਕ ਗਿੱਲ ਹਰਦੀਪ, ਪੁੱਤਰ ਮਨਿੰਦਰ ਸ਼ਿੰਦਾ ਅਤੇ ਅਤੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਨੂੰ ਵੀ ਸੰਗੀਤ ਦੀ ਸਿੱਖਿਆ ਦਿੱਤੀ।

Leave a Reply

Your email address will not be published. Required fields are marked *