www.sursaanjh.com > ਸਾਹਿਤ > ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਾਹਿਤਕ ਸਮਾਗਮ ਕਰਵਾਇਆ

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਾਹਿਤਕ ਸਮਾਗਮ ਕਰਵਾਇਆ

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਾਹਿਤਕ ਸਮਾਗਮ ਕਰਵਾਇਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ:
ਪੰਜਾਬੀ ਸਾਹਿਤ ਸਭਾ ਖਰੜ ਦਾ ਸਾਹਿਤਕ ਸਮਾਗਮ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਬਲਜੀਤ ਸਿੰਘ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਪ੍ਰਿੰਸੀਪਲ ਖਰੜ ਗੁਰਮੀਤ, ਨਾਵਲਕਾਰ ਸੰਤਵੀਰ ਤੇ ਦਿਲਜੀਤ ਕੌਰ ਦਾਊਂਂ ਸ਼ਾਮਲ ਹੋਏ। ਪ੍ਰਿੰਸੀਪਲ ਗੁਰਮੀਤ ਨੇ ਸਵਾਗਤੀ ਸ਼ਬਦ ਕਹੇ। ਸਭਾ ਵੱਲੋਂ ਪਿਛਲੇ ਦਿਨੀਂ ਸੜਕ ਹਾਦਸੇ ਵਿੱਚ ਵਿਛੋੜਾ ਦੇ ਗਏ ਉੱਘੇ ਰੰਗਕਰਮੀ, ਫਿਲਮਕਾਰ ਤੇ ਲੇਖਕ ਮਾਸਟਰ ਤਰਲੋਚਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਦਲਜੀਤ ਕੌਰ ਦਾਊਂ ਦੀ ਕਾਵਿ ਪੁਸਤਕ ‘ਜੀਰਾਂਦਿ’  ਲੋਕ ਅਰਪਣ ਕੀਤੀ ਗਈ। ਪੁਸਤਕ ਉੱਤੇ ਪਰਚਾ ਡਾ. ਸਿਮਰਜੀਤ ਕੌਰ ਨੇ ਭਾਵ ਪੂਰਤ ਢੰਗ ਨਾਲ ਪੇਸ਼ ਕੀਤਾ। ਉਹਨਾਂ ਪੁਸਤਕ ਵਿਚਲੀਆਂ ਕਵਿਤਾਵਾਂ ਨੂੰ ਸਾਦਗੀ ਤੇ ਚਿੰਤਨ ਦਾ ਸੁਮੇਲ ਆਖਦਿਆਂ ਕਿਹਾ ਕਿ ਇਸ ਵਿੱਚ ਔਰਤ ਦੇ ਸੰਤਾਪ ਦਾ ਵਿਖਿਆਨ ਡੂੰਘੇ ਅਨੁਭਵ ਵਾਲਾ ਹੈ। ਪੁਸਤਕ ਉੱਤੇ ਮਨਮੋਹਨ ਸਿੰਘ ਦਾਊਂ, ਐਡਵੋਕੇਟ ਨੀਲਮ ਨਰੰਗ, ਇੰਦਰਜੀਤ ਕੌਰ ਤੇ ਸਤਵਿੰਦਰ ਸਿੰਘ ਮੜੌਲਵੀ ਨੇ ਵਿਚਾਰ ਚਰਚਾ ਕੀਤੀ।
ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨਿਤ ਨਾਵਲਕਾਰ ਸੰਤਵੀਰ ਨੇ ਆਪਣੇ ਰੂਬਰੂ ਪ੍ਰੋਗਰਾਮ ਵਿੱਚ ਆਪਣੇ ਜੀਵਨ ਦੇ ਅਨੁਭਵ ਅਤੇ ਆਪਣੀ ਰਚਨਾਕਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰਚਨਾਵਾਂ ਦੇ ਦੌਰ ਵਿੱਚ ਸੱਚਾ ਸਿੰਘ ਮਸਤਾਨਾ, ਡਾ.ਸੁਨੀਤਾ ਰਾਣੀ, ਕਰਮਜੀਤ ਬੱਗਾ, ਨੀਲਮ ਨਰੰਗ, ਹਰੀ ਸਿੰਘ ਮੌਜਪੁਰੀ ਤੇ ਗੁਰਦੀਪ ਸਿੰਘ ਵੜੈਚ ਨੇ ਰਚਨਾਵਾਂ ਪੇਸ਼ ਕੀਤੀਆਂ। ਡਾ. ਬਲਜੀਤ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦਿਆ ਸਭਾ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਗਗਨਦੀਪ ਕੌਰ ਤੀੜਾ, ਗੁਰਪ੍ਰੀਤ ਕੌਰ, ਰਣਜੀਤ ਸਿੰਘ ਧਨੋਆ ਅਤੇ ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਸਤਵਿੰਦਰ ਸਿੰਘ ਮੜੌਲਵੀ  ਵਲੋਂ ਕੀਤਾ ਗਿਆ।

Leave a Reply

Your email address will not be published. Required fields are marked *