ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਐਂਕਰ ਤੇ ਸ਼ਾਇਰ ਇਕਬਾਲ ਗੁੰਨੋਮਾਜਰਾ ਦਾ ਰੂਬਰੂ ਕਰਵਾਇਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੂਨ:


ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕਡਰੀ ਸਕੂਲ ਖਰੜ ਵਿਖੇ ਹੋਈ। ਸਭਾ ਦਾ ਇਹ ਪ੍ਰੋਗਰਾਮ ਵਿਛੜ ਗਏ ਪ੍ਰਸਿੱਧ ਸਾਹਿਤਕਾਰ ਡਾ. ਸੁਰਜੀਤ ਪਾਤਰ ਅਤੇ ਅਜਮੇਰ ਸਾਗਰ ਨੂੰ ਸਮਰਪਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ, ਡਾ.ਜਸਪਾਲ ਜੱਸੀ, ਸੁੱਚਾ ਸਿੰਘ ਅਧਰੇੜਾ ਅਤੇ ਇਕਬਾਲ ਗੁੰਨੋਮਾਜਰਾ ਸ਼ਾਮਿਲ ਹੋਏ। ਇਸ ਮੌਕੇ ਨਾਮਵਰ ਐਂਕਰ ਅਤੇ ਸ਼ਾਇਰ ਇਕਬਾਲ ਸਿੰਘ ਗੁੰਨੋਮਾਜਰਾ ਦਾ ਰੂਬਰੂ ਕਰਵਾਇਆ ਗਿਆ। ਗੱਲਬਾਤ ਕਰਦਿਆਂ ਉਨਾਂ ਜਿੱਥੇ ਆਪਣੇ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਖ਼ੂਬਸੂਰਤ ਅੰਦਾਜ਼ ਵਿੱਚ ਜਾਣਕਾਰੀ ਦਿੱਤੀ, ਉੱਥੇ ਆਪਣੀ ਪੁਸਤਕ ਵਿੱਚੋਂ ਕੁਝ ਗ਼ਜ਼ਲਾਂ ਵੀ ਸੁਣਾਈਆਂ।
“ਮੇਰੀ ਪੁਸਤਕ ਮੇਰੀ ਦ੍ਰਿਸ਼ਟੀ” ਪ੍ਰੋਗਰਾਮ ਤਹਿਤ ਸਤਵਿੰਦਰ ਸਿੰਘ ਮੜੌਲਵੀ ਨੇ ਆਪਣੀ ਐਨ ਬੀ ਟੀ ਦਿੱਲੀ ਤੋਂ ਪ੍ਰਕਾਸ਼ਿਤ ਪੁਸਤਕ “ਸ਼ਹੀਦ ਕਾਂਸ਼ੀ ਰਾਮ ਮੜੌਲੀ” ਬਾਰੇ ਗੱਲਬਾਤ ਕਰਦਿਆਂ ਸ਼ਹੀਦ ਕਾਂਸ਼ੀ ਰਾਮ ਮੜੌਲੀ ਦੀ ਦੇਸ਼ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਬਾਰੇ ਜਾਣਕਾਰੀ ਸਾਂਝੀ ਕੀਤੀ। ਸਾਹਿਤਕ ਰਚਨਾਵਾਂ ਦੇ ਦੌਰ ਵਿੱਚ ਜਗਦੇਵ ਸਿੰਘ ਰਡਿਆਲਾ, ਦਲਬੀਰ ਸਿੰਘ ਸਰੋਆ, ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ, ਜਸਪਾਲ ਸਿੰਘ ਕੰਵਲ, ਨਵਦੀਪ ਸਿੰਘ ਭਾਟੀਆ, ਕਰਮਜੀਤ ਸਕਰੁੱਲਾਂਪੁਰੀ, ਮਲਕੀਤ ਸਿੰਘ ਨਾਗਰਾ ਅਤੇ ਸੁੱਚਾ ਸਿੰਘ ਅਧਰੇੜਾ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਸਭਾ ਵੱਲੋਂ ਇਕਬਾਲ ਗੁੰਨੋਮਜਰਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ ਨੇ ਸੁਰਜੀਤ ਪਾਤਰ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਮਰਸੀਆ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਕੌਰ ਅਤੇ ਸੁਰਜਨ ਸਿੰਘ ਜੱਸਲ ਵੀ ਹਾਜ਼ਰ ਸਨ। ਡਾ. ਜਸਪਾਲ ਜੱਸੀ ਨੇ ਆਏ ਹੋਏ ਸਾਰੇ ਹੀ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ।

