ਪੰਜਾਬੀ ਸਾਹਿਤ ਸਭਾ ਮੋਹਾਲ਼ੀ ਦੀ ਮਾਸਿਕ ਇਕੱਤਰਤਾ ਵਿੱਚ ਪੰਜਾਬ ਰਾਜ ਭਾਸ਼ਾ ਐਕਟ ਬਾਰੇ ਹੋਈ ਵਿਚਾਰ ਚਰਚਾ
ਇਸ ਇਕੱਤਰਤਾ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਕੇਂਦਰੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਹੋਏ ਸ਼ਾਮਿਲ
ਸਰਕਾਰੀ ਪੱਧਰ ‘ਤੇ ਪੰਜਾਬੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਰੋਡ ਮੈਪ ਉਲੀਕੇ ਜਾਣ ਦੀ ਜ਼ਰੂਰਤ-ਡਾ. ਦਵਿੰਦਰ ਸਿੰਘ ਬੋਹਾ
ਜਿੰਨਾ ਚਿਰ ਦਫ਼ਤਰੀ ਕੰਮ ਕਾਰ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਸਿਵਲ ਸਰਵਿਸ ਰੂਲਜ ਵਿੱਚ ਲਾਜ਼ਮੀ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ- ਐਡਵੋਕੇਟ ਮਨਜੀਤ ਸਿੰਘ ਖਹਿਰਾ


ਪੰਜਾਬ ਰਾਜ ਭਾਸ਼ਾ ਐਕਟ ਨੂੰ ਲਾਗੂ ਨੂੰ ਨਾ ਕਰਨ ਲਈ ਸਿਆਸੀ ਪਾਰਟੀਆਂ ਜ਼ਿੰਮੇਵਾਰ-ਐਡਵੋਕੇਟ ਪਰਮਿੰਦਰ ਸਿੰਘ ਗਿੱਲ
ਮੁਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 25 ਸਤੰਬਰ:
ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬਰੇਰੀ, ਸੈਕਟਰ 69 ਵਿਖੇ ਸੀਨੀਅਰ ਐਡਵੋਕੇਟ ਸ੍ਰ. ਮਨਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਹੋਇਆਂ ਵਿਚਾਰ ਅਧੀਨ ਵਿਸ਼ੇ ‘ਤੇ ਚਾਨਣਾ ਪਾਇਆ। ਉਨ੍ਹਾਂ ਅਨੁਸਾਰ ‘ਪੰਜਾਬ ਰਾਜ ਭਾਸ਼ਾ ਐਕਟ’ ਵਿੱਚ ਕਈ ਵਾਰ ਸੋਧ ਕਰਨ ਦੇ ਬਾਵਜੂਦ ਵੀ ਸਾਰਥਿਕ ਨਤੀਜੇ ਹਾਸਲ ਨਹੀਂ ਹੋ ਸਕੇ ।
ਸਭਾ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਭਾਸ਼ਾਵਾਂ ਦੇ ਮੁੱਦੇ ‘ਤੇ ਰਾਜਾਂ ਦੇ ਕੀਤੇ ਗਏ ਪੁਨਰਗਠਨ ਵਿੱਚ ਪੰਜਾਬ ਨਾਲ ਕੀਤੇ ਗਏ ਵਿਤਕਰੇ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚੋਂ ਮਹੱਤਵਪੂਰਨ ਇਲਾਕੇ ਕੱਢ ਕੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਦੇਣ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਬਰਾਬਰ ਦੀਆਂ ਜ਼ਿੰਮੇਂਵਾਰ ਦੱਸਿਆ। ਇਸ ਇਕੱਤਰਤਾ ਵਿੱਚ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਏ ਕੇਂਦਰੀ ਲੇਖਕ ਸਭਾ ( ਸੇਖੋ ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਭਾਸ਼ਾ ਐਕਟ ਵਿੱਚ ਸਜ਼ਾ ਦੀ ਧਾਰਾ ਸ਼ਾਮਿਲ ਕਰਵਾਉਣ ਲਈ ਕੀਤੇ ਗਏ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਐਡਵੋਕੇਟ ਮਨਜੀਤ ਸਿੰਘ ਖਹਿਰਾ ਨੇ ਕਿਹਾ ਕਿ ਜਿੰਨਾ ਚਿਰ ਦਫ਼ਤਰੀ ਕੰਮ ਕਾਰ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਸਿਵਲ ਸਰਵਿਸ ਰੂਲਜ ਵਿੱਚ ਲਾਜ਼ਮੀ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ। ਜ਼ਿਲ੍ਹਾ ਭਾਸ਼ਾ ਅਫਸਰ, ਮੁਹਾਲੀ, ਡਾ. ਦਵਿੰਦਰ ਬੋਹਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰੀ ਪੱਧਰ ‘ਤੇ ਪੰਜਾਬੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਰੋਡ ਮੈਪ ਉਲੀਕੇ ਜਾਣ ਦੀ ਜ਼ਰੂਰਤ ਹੈ। ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਪ੍ਰਧਾਨ ਡਾ. ਬਲਕਾਰ ਸਿੱਧੂ ਅਤੇ ਡਾ. ਸਵੈਰਾਜ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸਾਰਥਿਕ ਪਹੁੰਚ ਅਪਣਾਉਣ ਦੀ ਵਕਾਲਤ ਕੀਤੀ।
ਸ਼੍ਰੀ ਉਂਕਾਰ ਨਾਥ ਅਤੇ ਸ਼੍ਰੀ ਸੁਰਜੀਤ ਸੁਮਨ ਹੁਰਾਂ ਵੀ ਇਸ ਵਿਸ਼ੇ ਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਡਾ. ਦੀਪਕ ਮਨਮੋਹਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਸਾਹਿਤ ਸਭਾ, ਮੁਹਾਲੀ ਦੀ ਇਸ ਪਹਿਲ ਕਦਮੀ ਲਈ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਵਿਸ਼ੇਸ਼ ਬਲ ਦਿੱਤਾ ਕਿ ਅਜਿਹੇ ਉਪਰਾਲੇ ਸਾਰੇ ਪੰਜਾਬੀਆਂ ਨੂੰ ਇੱਕਮੁੱਠ ਹੋ ਕੇ ਕਰਨੇ ਚਾਹੀਦੇ ਹਨ। ਇਸ ਇਕੱਤਰਤਾ ਵਿੱਚ ਭੁਪਿੰਦਰ ਸਿੰਘ ਮਟੌਰੀਆ, ਜਸਬੀਰ ਸਿੰਘ ਡਾਵਰ, ਡਾ. ਨਿਰਮਲ ਸਿੰਘ ਬਾਸੀ, ਸ. ਰਘਬੀਰ ਸਿੰਘ ਭੁੱਲਰ ਅਤੇ ਮੁਰਿੰਡਾ ਤੋਂ ਡਾ. ਪਰਮਜੀਤ ਸਿੰਘ ਭੁੱਲਰ ਨੇ ਸ਼ਮੂਲੀਅਤ ਕੀਤੀ ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ, ਪੰਜਾਬੀ ਸਾਹਿਤ ਸਭਾ ਮੋਹਾਲ਼ੀ।

