Breaking
www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਹੋਈ 

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਹੋਈ 

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਕਤੂਬਰ:
ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਸਤੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਪਿਛਲੇ ਐਤਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸ਼ਾਇਰ ਸੁਰਿੰਦਰ ਗਿੱਲ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਏਜੰਡੇ ਮੁਤਾਬਿਕ, ਪਹਿਲੇ ਦੌਰ ਵਿਚ ਟ੍ਰਾਂਸਲੇਸ਼ਨ ਯਾਨੀ ਇਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿਚ ਉਲਥਾਉਣਾ ਜਾਂ ਤਰਜਮਾ ਕਰਨਾ – ਬਾਰੇ ਕੁਝ ਚੋਣਵੇਂ ਵਿਦਵਾਨਾਂ ਦੇ ਵਿਚਾਰ ਸੁਨਣੇ ਸਨ। ਆਰੰਭ ਵਿਚ ਸਿਵਲ ਸਰਵੈਂਟ ਰਿਟਾਇਰਡ ਸ੍ਰੀ ਜੰਗ ਬਹਾਦਰ ਗੋਇਲ, ਜਿਨ੍ਹਾਂ ਨੇ ਵਿਸ਼ਵ ਸਾਹਿਤ ਨੂੰ ਪੰਜਾਬੀ ਰੂਪ ਦੇਣ ਵਿਚ ਵੱਡੀ ਮੁਹਾਰਤ ਹਾਸਲ ਕੀਤੀ ਹੈ, ਟ੍ਰਾਂਸਲੇਟ ਕਰਨ ਬਾਰੇ ਬੜੇ ਵਿਸਥਾਰ ਵਿਚ ਨੁਕਤਾ-ਬਨੁਕਤਾ ਆਪਣੀ ਗੱਲ ਕੀਤੀ। ਉਨ੍ਹਾਂ ਆਖਿਆ ਕਿ ਸਭ ਤੋਂ ਪਹਿਲਾਂ ਉਲਥਾਕਾਰ ਦੋਵਾਂ ਭਾਸ਼ਾਵਾਂ ਦਾ ਗੂਹੜਾ ਗਿਆਨੀ ਹੋਵੇ ਤੇ ਸ਼ਬਦਾਂ ਨੂੰ ਸਤਿਕਾਰ ਤੇ ਪਿਆਰ ਕਰਨ ਵਾਲਾ ਹੋਵੇ। ਉਸ ਨੂੰ ਯੋਗ ਸ਼ਬਦ ਦੀ ਪਛਾਣ ਹੋਵੇ ਤਾਂ ਜੋ ਉਹ ਬਹੁਤੇ ਸੰਬੰਧਿਤ ਸ਼ਬਦਾਂ ਵਿੱਚੋਂ ਢੁੱਕਵਾਂ ਸ਼ਬਦ ਚੁਣ ਸਕੇ। ਤਕਰੀਬਨ ਵੀਹ ਮਿੰਟ ਦੇ ਭਾਸ਼ਨ ਵਿਚ ਉਨ੍ਹਾਂ ਨੇ ਟ੍ਰਾਸਲੇਸ਼ਨ ਦੀਆਂ ਕਈ ਕੜੀਆਂ ਨੂੰ  ਇਕੱਠਿਆਂ ਕੀਤਾ।
ਸ੍ਰੀ ਗੁਰਨਾਮ ਕੰਵਰ ਨੇ ਆਪਣੇ ਭਾਸ਼ਣ ਵਿਚ ਸੋਵੀਅਤ ਸਾਹਿਤ ਦੇ ਤਰਜਮਾਉਣ ਦੀ ਲੰਮੀ ਘਾਲਣਾ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ।
ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਨੇ ਕਾਨੂੰਨ ਦੀਆਂ ਕਿਤਾਬਾਂ ਨੂੰ ਪੰਜਾਬੀ ਵਿਚ ਤਰਜਮਾਉਣ ਦੀ ਗੱਲ ਕੀਤੀ। ਡਾ. ਨਿਰਮਲ ਸਿੰਘ ਬਾਸੀ ਨੇ ਤਕਨੀਕੀ ਟ੍ਰਾਸਲੇਸ਼ਨ ਤੇ ਰਾਜਨੀਤੀ ਅਤੇ ਅਰਥ ਸ਼ਾਸਤਰ ਦੀਆਂ ਪੁਸਤਕਾਂ ਨੂੰ ਉਲਥਾਉਣ ਦਾ ਆਪਣਾ ਵਿਸ਼ਾਲ ਤਜਰਬਾ ਸਾਂਝਾ ਕੀਤਾ। ਡਾ. ਸਵੈਰਾਜ ਸੰਧੂ ਨੇ ਸੋਵੀਅਤ ਸਾਹਿਤ ਦੇ ਹਵਾਲੇ ਨਾਲ ਟ੍ਰਾਸਲੇਸ਼ਨ ਦੇ ਕਈ ਅਹਿਮ ਤੇ ਦਿਲਚਸਪ ਬਿਰਤਾਂਤ ਸਾਂਝੇ ਕੀਤੇ। ਨਾਟਕਰਮੀ ਅਤੇ ਨਾਟਕਕਾਰ ਸ਼ਬਦੀਸ਼ ਨੇ ਦੇਸੀ, ਬਦੇਸ਼ੀ ਨਾਟਕਾਂ ਦੇ ਖੇਡ ਪਾਠਾਂ ਨੂੰ ਪੰਜਾਬੀ ਵਿਚ ਉਲਥਾਉਣ ਦਾ ਆਪਣਾ ਤਜਰਬਾ ਸਾਂਝਾ ਕੀਤਾ। ਦੂਜੇ ਦੌਰ ਵਿਚ ਕਵੀ ਦਰਬਾਰ ਦਾ ਅਰੰਭ ਹੋਇਆ, ਜਿਸ ਵਿਚ ਕ੍ਰਮਵਾਰ ਸਰਵਸ੍ਰੀ ਭੁਪਿੰਦਰ ਮਟੌਰੀਆ, ਹਰਿੰਦਰ ਹਰ, ਮਹਿੰਦਰ ਸਿੰਘ ਗੋਸਲ,  ਭੁਪਿੰਦਰ ਸਿੰਘ ਮਲਿਕ, ਕੰਵਲ ਨੈਣ ਸਿੰਘ ਸੇਖੋਂ, ਰਤਨ ਬਾਬਕਵਾਲਾ, ਦਰਸ਼ਨ ਤਿਉਣਾ, ਮਾਸਟਰ ਸੁਰਿੰਦਰਪਾਲ ਸਿੰਘ ਸਿਰਸਾ ਅਤੇ ਸ੍ਰੀਮਤੀ ਬਲਜੀਤ ਕੌਰ ਬੁੱਟਰ ਢਿੱਲੋਂ ਨੇ ਆਪਣੀਆਂ ਕਾਵਿ ਰਚਨਾਵਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਸਭਾ ਦੇ ਪ੍ਰਧਾਨ ਸੁਰਿੰਦਰ ਗਿੱਲ ਨੇ ਪ੍ਰਧਾਨਗੀ ਭਾਸ਼ਣ ਵਿਚ ਟ੍ਰਾਸਲੇਸ਼ਨ ਵਿਸੇ਼ ਸੰਬੰਧੀ ਹੋਈ ਵਾਰਤਾਲਾਪ ਅਤੇ ਕਾਵਿਕ ਰਚਨਾਵਾਂ ਉਪਰ ਆਪਣੇ ਪ੍ਰਭਾਵ ਸਾਂਝੇ ਕੀਤੇ ਅਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।
ਇੰਦਰ ਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

Leave a Reply

Your email address will not be published. Required fields are marked *