www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਫਰਵਰੀ ਮਹੀਨੇ ਦੀ ਮਾਸਿਕ ਇਕੱਤਰਤਾ – ਇੰਦਰਜੀਤ ਸਿੰਘ ਜਾਵਾ

ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਫਰਵਰੀ ਮਹੀਨੇ ਦੀ ਮਾਸਿਕ ਇਕੱਤਰਤਾ – ਇੰਦਰਜੀਤ ਸਿੰਘ ਜਾਵਾ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਫਰਵਰੀ:
ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਫਰਵਰੀ, 2025 ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 22 ਫਰਵਰੀ, 2025 ਦਿਨ ਸ਼ਨੀਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਡਾਕਟਰ ਬਲਜੀਤ ਸਿੰਘ, ਗੌਰਮਿੰਟ ਕਾਲਜ, ਸੈਕਟਰ 46, ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਸੰਪਨ ਹੋਈ।
ਅਰੰਭ ਵਿੱਚ ਪ੍ਰੀਤਮ ਸਿੰਘ, ਐਮ.ਏ. ਨੇ ਆਪਣੇ ਸਮੇਂ ਦੀ ਪ੍ਰਸਿੱਧ ਹਸਤੀ, ਲੇਖਕ, ਸਮਾਜ ਸੁਧਾਰਕ, ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ, ਕੰਮਾਂ ਅਤੇ ਸਮਾਜ ਸੁਧਾਰਾਂ ਬਾਰੇ ਵਿਸਥਾਰ ਵਿੱਚ ਪਰਚਾ ਪੇਸ਼ ਕੀਤਾ। ਉਨ੍ਹਾਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਤਕਰੀਬਨ 72 ਪੁਸਤਕਾਂ ਦੇ ਲੇਖਕ, ਸਿੱਖ ਵਿਦਵਾਨ ਗਿਆਨੀ ਜੀ ਦੇ ਕੰਮਾਂ, ਉਨ੍ਹਾਂ ਦੀ ਸਮਾਜ ਪ੍ਰਤੀ ਦੇਣ ਨੂੰ ਅੱਜ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਕੁੱਲ ਪੁਸਤਕਾਂ ਵਿੱਚੋਂ ਉਨ੍ਹਾਂ ਨੇ 42 ਪੁਸਤਕਾਂ ਲੱਭ ਲਈਆਂ ਹਨ ਪਰ ਉਨ੍ਹਾਂ ਉਪਰ ਪੀ.ਐਚ.ਡੀ. ਕਰਨ ਵਾਲਿਆਂ ਸਮੇਤ ਹੁਣ ਤੱਕ 43ਵੀਂ ਪੁਸਤਕ ਕਿਸੇ ਨੇ ਨਹੀਂ ਲੱਭੀ। ਇਸ ਪਾਸੇ ਖੋਜਾਰਥੀਆਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ।
ਦੂਜੇ ਦੌਰ ਵਿੱਚ ਕਵੀ ਦਰਸ਼ਨ ਸਿੰਘ ਧਾਲੀਵਾਲ ਦੀ ਕਾਵਿ ਪੁਸਤਕ “ਬਿਰ੍ਹੋਂ ਦੀਆਂ ਪੀੜਾਂ” ਰਿਲੀਜ਼ ਕੀਤੀ ਗਈ। ਇਸ ਕਾਵਿ ਪੁਸਤਕ ਉਪਰ ਸਵੈਰਾਜ ਸੰਧੂ ਨੇ ਵਿਸਥਾਰਪੂਰਵਕ ਪਰਚਾ ਪੇਸ਼ ਕੀਤਾ। ਉਨ੍ਹਾਂ ਨੇ ਕਵਿਤਾ, ਗ਼ਜ਼ਲ, ਸ਼ੀਂਹਰਫੀ, ਕਬਿੱਤ, ਸੋਰਠਾ, ਸਹੋਲਾ, ਕਾਫੀ ਆਦਿ ਕਾਵਿ ਰੂਪਾਂ ਦੀ ਵਿਆਖਿਆ ਕਰਕੇ ਕਵੀ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਕਵੀ ਦੀਆਂ ਕ੍ਰਿਤਾਂ ਵਿੱਚ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਦੀ ਬੇਸ਼ਕ ਉਡਾਣ ਮੌਜੂਦ ਹੈ, ਵਿਸੇ਼ ਵੀ ਵਿਕੋਲਿਤਰੇ, ਸਮਾਜਕ ਸਰੋਕਾਰਾਂ ਵਾਲੇ ਹਨ ਪਰ ਤਕਨੀਕ (ਬਣਤਰ) ਦੀ ਕਮੀ ਥਾਂ ਪੁਰ ਥਾਂ ਰੜਕਦੀ ਹੈ।
ਦੂਜਾ ਪਰਚਾ ਡਾ. ਨਿਰਮਲ ਸਿੰਘ ਬਾਸੀ ਨੇ ਹੁਰਾਂ ਨੇ ਪੜ੍ਹਿਆ, ਜਿਸ ਵਿਚ ਉਨ੍ਹਾਂ ਕਵੀ ਨੂੰ ਕਈ ਸੁਝਾਅ ਦਿੱਤੇ। ਤੀਜੇ ਦੌਰ ਵਿੱਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ, ਜਿਸ ਵਿਚ ਭੁਪਿੰਦਰ ਸਿੰਘ ਮਟੌਰਵਾਲਾ, ਰਤਨ ਬਾਬਕਵਾਲਾ, ਅਮਰਾਓ ਸਿੰਘ, ਸੁਰਿੰਦਰ ਗਿੱਲ, ਹਰਭਜਨ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਅਮਰਜੀਤ ਸਿੰਘ ਸੁਖਗੜ, ਸਰਬਜੀਤ ਸਿੰਘ, ਮਹਿੰਦਰ ਸਿੰਘ ਗੋਸਲ, ਬੀਬੀ ਸੁਰਜੀਤ ਬੈਂਸ, ਦਿਲਪ੍ਰੀਤ ਚਾਹਲ, ਨੀਲਮ ਨਾਰੰਗ ਆਦਿ ਕਵੀਆਂ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ। ਪ੍ਰਧਾਨਗੀ ਭਾਸ਼ਣ ਵਿਚ ਡਾ. ਬਲਜੀਤ ਸਿੰਘ ਨੇ ਪੇਸ਼ ਪਰਚਿਆਂ ਅਤੇ ਕਾਵਿ ਰਚਨਾਵਾਂ ਉਪਰ ਆਪਣਾ ਪ੍ਰਤੀਕਰਮ ਸਾਂਝਾ ਕੀਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

Leave a Reply

Your email address will not be published. Required fields are marked *