ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਮਾਰਚ:


ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਰਚ, 2025 ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 22 ਮਾਰਚ, 2025 ਦਿਨ ਸ਼ਨੀਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਡਾ. ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਅੱਜ ਕੱਲ੍ਹ ਕਨੇਡਾ ਜਾ ਵਸੇ ਪੰਜਾਬੀ ਲੇਖਕ ਗੁਰਦੇਵ ਚੌਹਾਨ ਜੋ ਕੁੱਝ ਸਮੇਂ ਤੋਂ ਮੁਹਾਲੀ ਰਹਿ ਰਹੇ ਹਨ, ਦਾ “ਰੂਬਰੂ” ਕਰਵਾਇਆ ਗਿਆ। ਉਨ੍ਹਾਂ ਨੇ ਆਪਣੇ ਬਚਪਨ ਤੋਂ ਕਾਲਜਾਂ ਦਾ ਸਫ਼ਰ ਤਹਿ ਕਰਦਿਆਂ ਆਪਣੇ ਜੀਵਨ ਦੇ ਵਿਭਿੰਨ ਮਰਹਲਿਆਂ ਅਤੇ ਕਵਿਤਾ ਦੇ ਲੇਖਣ ਕਾਰਜ ਦਾ ਵੇਰਵਾ ਸਾਂਝਾ ਕੀਤਾ। ਆਖਿਰ ਵਿੱਚ ਉਨ੍ਹਾਂ ਨੇ ਆਪਣੀਆਂ ਪੰਜ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ। ਉਨ੍ਹਾਂ ਦੀ “ਮਕਾਨ” ਨਾਮ ਦੀ ਨਜ਼ਮ ਬਹੁਤ ਹੀ ਸਲਾਹੀ ਗਈ।
ਉਸ ਤੋਂ ਉਪਰੰਤ ਡਾ. ਸ਼ਿੰਦਰਪਾਲ ਸਿੰਘ ਵੱਲੋਂ ਪ੍ਰਸਿੱਧ ਚਿੰਤਕ ਡਾ਼ ਰਣਜੀਤ ਸਿੰਘ ਬਾਜਵਾ ਦੁਆਰਾ ਲਿਖੀ ਪੁਸਤਕ “Community And Violence In Contemporary Punjab” ਰਿਲੀਜ਼ ਕੀਤੀ ਗਈ। ਕਿਤਾਬ ਉਪਰ ਲੇਖਕ ਦੇ ਖੁਦ ਬਾਹਰ ਹੋਣ ਕਾਰਨ ਡਾ. ਸ਼ਿੰਦਰਪਾਲ ਸਿੰਘ ਨੇ ਪੁਸਤਕ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਅੰਗਰੇਜ਼ੀ ਭਾਸ਼ਾ ਵਿੱਚ ‘ਭਾਸਾ਼ ਵਿਗਿਆਨ’ ਉਪਰ ਇਹ ਪੁਸਤਕ ਲੇਖਕ ਦੀ ਦੂਜੀ ਲੜੀ ਹੈ।
ਤੀਜੇ ਦੌਰ ਵਿੱਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ, ਜਿਸ ਵਿਚ ਸਰਵ ਸ਼੍ਰੀ ਭੁਪਿੰਦਰ ਸਿੰਘ ਮਟੌਰਵਾਲਾ, ਹਰਿੰਦਰ ਸਿੰਘ ਹਰ, ਮਹਿੰਦਰ ਸਿੰਘ ਗੋਸਲ ਨੇ ਸ਼ਹੀਦੇ ਆਜ਼ਮ ਸ.ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਬਾਰੇ ਆਪਣਾ ਕਲਾਮ ਸਾਂਝਾ ਕੀਤਾ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਸ਼ਿੰਦਰਪਾਲ ਸਿੰਘ ਨੇ ਪੜ੍ਹੀਆਂ ਗਈਆਂ ਰਚਨਾਵਾਂ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਦਿਆਂ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

