ਪੰਜਾਬੀ ਸੱਭਿਆਚਾਰਕ ਥੀਏਟਰ ਗਰੁੱਪ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਇਆ ਗਿਆ ਬਹੁਰੰਗਾ ਪ੍ਰੋਗਰਾਮ “ਰੰਗ ਪੰਜਾਬ ਦੇ”
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਯੋਗਰਾਜ, ਉਪ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਦੀਨਾ ਨਾਥ (ਨੱਚ ਬੱਲੀਏ ਫੇਮ) ਹੋਏ ਸ਼ਾਮਿਲ
ਪੰਜਾਬ ਦੇ ਲੋਕ ਨਾਚਾਂ ਅਤੇ ਲੋਕ ਸੰਗੀਤ ਨੂੰ ਸਮਰਪਿਤ ਰਿਹਾ ਇਹ ਸਮਾਗਮ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਸਤੰਬਰ:


ਪੰਜਾਬੀ ਸੱਭਿਆਚਾਰਕ ਥੀਏਟਰ ਗਰੁੱਪ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਬਹੁਰੰਗਾ ਪ੍ਰੋਗਰਾਮ “ਰੰਗ ਪੰਜਾਬ ਦੇ” ਨਾਂ ਹੇਠ ਲੋਕ ਨਾਚਾਂ ਤੇ ਲੋਕ ਗੀਤਾਂ ਸੰਗ ਇਥੋਂ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਦੇ ਡਾ ਰੰਧਾਵਾ ਐਡੀਟੋਰੀਅਮ ਵਿਚ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਯੋਗਰਾਜ ਉਪ ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ ਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਦੀਨਾ ਨਾਥ ( ਨੱਚ ਬੱਲੀਏ ਫ਼ੇਮ) ਹਾਜ਼ਰ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ “ਬੋਲੇ ਸੋ ਨਿਹਾਲ” ਨਾਲ ਦਮਦਾਰ ਤਰੀਕੇ ਨਾਲ ਹੋਈ, ਜਿਸ ਵਿੱਚ ਗਾਇਕ ਸਰਬੰਸ ਪ੍ਰਤੀਕ ਸਿੰਘ ਤੇ ਅਜੈਵੀਰ ਨੇ 15 ਕਲਾਕਾਰਾਂ ਸਮੇਤ ਅਵਤਾਰ ਸਿੰਘ ਖੀਵੇ ਤੇ ਦੀਪ ਢੋਲੀ ਦੇ ਸੰਗੀਤ ਵਿਚ ਹਾਲ ਗੁੰਜਣ ਲਾ ਦਿੱਤਾ। ਅਜੈਵੀਰ ਨੇ ਬਾਬਾ ਬੁੱਲ੍ਹੇ ਸ਼ਾਹ ਦੀ ਕਾਫ਼ੀ ਸੁਣਾਈ ਅਤੇ ਸਰਬੰਸ ਪ੍ਰਤੀਕ ਸਿੰਘ ਨੇ ਸੋਹਣੀ ਮਹੀਂਵਾਲ ਪ੍ਰੀਤ ਕਿੱਸੇ ਵਿਚਲੇ ਗੀਤ, “ਮੈਨੂੰ ਪਾਰ ਲੰਘਾ ਦੇ ਵੇ ਘੜਿਆਂ ਮਿੰਨਤਾਂ ਤੇਰੀਆਂ ਕਰਦੀ” ਨਾਲ ਮੁੱਢ ਬੰਨਿਆ।
ਇਸ ਤੋਂ ਬਾਅਦ ਲੋਕ ਨਾਚ ਲੁੱਡੀ ਅਤੇ ਬੈਲੇ “ਵੰਗਾਂ ਦਾ ਵਣਜਾਰਾ” ਨੇ ਪੁਰਾਣੇ ਪੰਜਾਬ ਦੀ ਬਾਤ ਪਾਈ। ਪ੍ਰੋਗਰਾਮ ਵਿੱਚ ਹਰਪ੍ਰੀਤ ਮੰਜੂ, ਸੁੱਖਪ੍ਰੀਤ ਸਿੰਘ, ਤੇਜਿੰਦਰ ਪਾਲ ਸਿੰਘ, ਅਜੈਦੀਪ ਸਿੰਘ, ਓਂਕਾਰ ਮੋਹਨ ਸਿੰਘ, ਵੰਸ਼ ਪ੍ਰੀਤ ਸਿੰਘ,ਕਾਜਲ, ਗੁਰਨੂਰ, ਅਰੂਸ਼ੀ,ਕੌਮਲ,ਅਵਨੀਤ ਕਲਾਕਾਰ ਨਿਭੇ। ਕਰਮਵੀਰ ਸਿੰਘ ਦਾ ਤੂੰਬਾ, ਸੰਦੀਪ ਸਿੰਘ ਦਾ ਢੋਲ ਰੰਗ ਬੰਨਣ ਵਿਚ ਸਹਾਈ ਹੋਏ। ਨਰਿੰਦਰ ਪਾਲ ਸਿੰਘ ਨੀਨਾ ਦੁਆਰਾ ਮੰਚ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ ਸਮੁੱਚਾ ਪ੍ਰੋਗਰਾਮ ਕੁਲਦੀਪ ਸਿੰਘ ਭੱਟੀ ਦੀ ਨਿਰਦੇਸ਼ਨਾ ਹੇਠ ਹੋਇਆ।

