Breaking
www.sursaanjh.com > ਚੰਡੀਗੜ੍ਹ/ਹਰਿਆਣਾ > ਪੰਜਾਬ ਦੀਆਂ ਮੰਗਾਂ ਅਤੇ ਸੰਵਿਧਾਨਕ ਹੱਕਾਂ ਪ੍ਰਤੀ ਰਾਜਸੀ ਪਾਰਟੀਆਂ ਆਪਣਾ ਸਟੈਂਡ ਸਪੱਸ਼ਟ ਕਰਨ : ਅਜੇਪਾਲ ਸਿੰਘ ਬਰਾੜ

ਪੰਜਾਬ ਦੀਆਂ ਮੰਗਾਂ ਅਤੇ ਸੰਵਿਧਾਨਕ ਹੱਕਾਂ ਪ੍ਰਤੀ ਰਾਜਸੀ ਪਾਰਟੀਆਂ ਆਪਣਾ ਸਟੈਂਡ ਸਪੱਸ਼ਟ ਕਰਨ : ਅਜੇਪਾਲ ਸਿੰਘ ਬਰਾੜ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 20 ਫਰਵਰੀ:
ਪੂਰਾ ਪੰਜਾਬ ਲਹਿਰ ਦੇ ਚੌਥਾ ਦਿਨ ਵੀ ਪੰਜਾਬ ਪ੍ਰਸਤ ਲੋਕਾਂ ਦੀ ਸੋਚ ਨਾਲ ਭਰਪੂਰ ਰਿਹਾ। ਗੁਰੂਦੁਆਰਾ ਅੰਬ ਸਾਹਿਬ ਮੁਹਾਲੀ ਦੇ ਸਾਹਮਣੇ ਪੰਜਾਬ ਦੀਆਂ ਹੱਕੀ, ਜਾਇਜ਼ ਸੰਵਿਧਾਨਕ ਮੰਗਾਂ ਨੂੰ ਲੈਕੇ ਮਿਸਲ ਸਤਲੁਜ ਦੀ ਅਗਵਾਈ ਹੇਠ ਜਾਰੀ ਪੂਰਾ ਪੰਜਾਬ ਲਹਿਰ ਨੂੰ ਵੱਡਾ ਹੁੰਗਾਰਾ ਮਿਲਣਾ ਜਾਰੀ ਹੈ। ਅੱਜ ਮੰਚ ਤੋਂ ਬੋਲਦਿਆਂ ਬੁਲਾਰਿਆਂ ਨੇ ਕਿਹਾ, ਪੂਰਾ ਪੰਜਾਬ ਲਹਿਰ ਨੇ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਨੂੰ ਨਵਾਂ ਰੂਪ ਦੇਣਾ ਹੈ। ਗੈਰ ਰਾਜਨੀਤਿਕ ਏਜੰਡੇ ਹੇਠ ਪੰਜਾਬ ਦੀਆਂ ਮੰਗਾਂ ਨੂੰ ਸੁਹਿਰਦਤਾ ਦਾ ਨਾਲ ਉਠਾਉਣਾ ਸਮੇਂ ਦੀ ਮੁੱਖ ਲੋੜ ਸੀ।
ਇਸ ਮੌਕੇ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰਾ ਪੰਜਾਬ ਲਹਿਰ ਦੇ ਕੌਮੀ ਕਨਵੀਨਰ ਅਮਰਿੰਦਰ ਸਿੰਘ ਤੁੜ ਦੀ ਅਗਵਾਈ ਹੇਠ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ। ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਦਫਤਰ ਨੂੰ ਪਾਰਟੀ ਪ੍ਰਧਾਨ ਦੇ ਮੁਖੀ ਨਾਮ ਹੇਠ ਸੱਦਾ ਪੱਤਰ ਭੇਜਿਆ ਜਾਵੇਗਾ।
ਸਾਰੀਆਂ ਸਿਆਸੀ ਜਮਾਤਾਂ ਲਈ ਇੱਕ ਦਿਨ ਰਾਖਵਾਂ ਰੱਖਿਆ ਜਾਵੇਗਾ। ਸੋਸ਼ਲ ਮੀਡੀਆ ਪਲੇਟਫਾਰਮ ਉਪਰ ਮੀਡੀਆ ਰਾਹੀਂ ਸਾਰੇ ਸਿਆਸੀ ਦਲਾਂ ਦੀ ਪੰਜਾਬ ਪ੍ਰਤੀ ਸੋਚ ਅਤੇ ਏਜੰਡੇ ਨੂੰ ਲਿਆਂਦਾ ਜਾਵੇਗਾ। ਸਰਦਾਰ ਅਜੇਪਾਲ ਸਿੰਘ ਬਰਾੜ ਨੇ ਅਪੀਲ ਕੀਤੀ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਜਮਾਤਾਂ ਦੇ ਆਗੂ “ਪੂਰਾ ਪੰਜਾਬ” ਲਹਿਰ ਦੇ ਮੰਚ ਤੇ ਆਕੇ ਆਪਣਾ ਪੱਖ ਜਰੂਰ ਪੇਸ਼ ਕਰਨ। ਪੂਰਾ ਪੰਜਾਬ ਲਹਿਰ ਦੇ ਕੌਮੀ ਕਨਵੀਨਰ ਅਮਰਿੰਦਰ ਸਿੰਘ ਤੁੜ ਨੇ ਮਹੱਤਵਪੂਰਨ ਜਾਣਾਕਰੀ ਦਿੰਦਿਆਂ ਕਿਹਾ ਕਿ ਓਹਨਾਂ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਲਈ ਸੱਦਾ ਪੱਤਰ ਤਿਆਰ ਕਰ ਲਿਆ ਗਿਆ ਹੈ। ਉਹ ਨਿੱਜੀ ਤੌਰ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਦਫਤਰ ਜਾ ਕੇ ਸੱਦਾ ਪੱਤਰ ਦੇਣਗੇ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਤੁੜ ਨੇ ਜਾਣਕਾਰੀ ਦਿੰਦੇ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਮੈਬਰ ਪਾਰਲੀਮੈਂਟ ਨੂੰ ਵੀ ਜਨਤਕ ਦਸਤਖ਼ਤ ਪਟੀਸ਼ਨ ਭੇਜੀ ਜਾ ਰਹੀ ਹੈ। ਪੂਰਾ ਪੰਜਾਬ ਲਹਿਰ ਦੇ ਮੰਚ ਤੋਂ ਅੱਜ ਮੁੱਖ ਬੁਲਾਰਿਆਂ ਵਿੱਚ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਬੀਬੀ ਨਰਿੰਦਰ ਜੋਤ ਕੋਰ ਢਿਲਵਾ ਜੈਤੋ ਅਤੇ ਤੇਜਵਿੰਦਰ ਸਿੰਘ ਤੇਜੀ ਮਾਂਗਟ ਨਵਾਂ ਸ਼ਹਿਰ ਸਨ।

Leave a Reply

Your email address will not be published. Required fields are marked *