www.sursaanjh.com > ਚੰਡੀਗੜ੍ਹ/ਹਰਿਆਣਾ > ਪੰਜਾਬ ਦੇ ਮਹਾਮਹਿਮ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਕੀਤੀ ਗਈ ਪੰਜਾਬ ਦੀ ਸਦਭਾਵਨਾ ਮੀਟਿੰਗ 

ਪੰਜਾਬ ਦੇ ਮਹਾਮਹਿਮ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਕੀਤੀ ਗਈ ਪੰਜਾਬ ਦੀ ਸਦਭਾਵਨਾ ਮੀਟਿੰਗ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ:

ਅੱਜ ਪੰਜਾਬ ਦੇ ਮਹਾਮਹਿਮ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੀ ਸਦਭਾਵਨਾ ਮੀਟਿੰਗ ਕੀਤੀ ਗਈ, ਜਿਸ ਲਈ ਵਿਸ਼ੇਸ਼ ਤੌਰ ਤੇ ਹਿੰਦੂ ਵੈਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਸ਼੍ਰੀ ਰਵੀ ਕਾਂਤ ਮੁਨੀ ਜੀ ਨੂੰ ਮੀਟਿੰਗ ਦਾ ਸੱਦਾ ਪੱਤਰ ਮਿਲਿਆ, ਜਿਸ ਤੇ ਮਹੰਤ ਸ਼੍ਰੀ ਰਵੀ ਕਾਂਤ ਮੁਨੀ ਜੀ ਦੀ ਅਗਵਾਈ ਹੇਠ ਹਿੰਦੂ ਵੈਲਫੇਅਰ ਬੋਰਡ ਦੇ ਪ੍ਰਤੀਨਿਧੀਆਂ ਸ਼੍ਰੀ ਐਲ ਐਮ ਗੁਲਾਟੀ ਐਡਵੋਕੇਟ, ਮਹਾਮੰਡਲੇਸ਼ਵਰ ਸ਼੍ਰੀ ਬ੍ਰਹਮਾਨੰਦ ਗਿਰੀ, ਚੇਤਨ ਦੇਵ ਆਦਿ ਨੇ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਮਹੰਤ ਸ਼੍ਰੀ ਰਵੀ ਕਾਂਤ ਮੁਨੀ ਜੀ ਨੇ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਹਰ ਜਿਲਾ, ਸਬ-ਡਵੀਜਨ ਅਤੇ ਬਲਾਕ ਪੱਧਰ ਤੱਕ ਸਿਵਲ ਡਿਫੈਂਸ ਵਿੱਚ ਵਲੰਟੀਅਰਾਂ ਨੂੰ ਸ਼ਾਮਿਲ ਕਰਨ ਅਤੇ ਟ੍ਰੇਨਿੰਗ ਦਾ ਸੁਝਾਅ ਦਿੱਤਾ, ਜਿਸਨੂੰ ਗਵਰਨਰ ਸਾਹਿਬ ਅਤੇ ਬਾਕੀ ਮੌਜੂਦ ਮੈਂਬਰਾਂ ਨੇ ਵੀ ਸਹਿਮਤੀ ਦਿੱਤੀ।

ਮੀਟਿੰਗ ਵਿੱਚ ਮਹੰਤ ਸ਼੍ਰੀ ਰਵੀ ਕਾਂਤ ਮੁਨੀ ਜੀ ਨੇ ਗਵਰਨਰ ਸਾਹਿਬ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਇੱਕ ਬਹਾਦਰ ਸਟੇਟ ਹੈ, ਪੰਜਾਬ ਨੇ ਸਦੀਆਂ ਤੋਂ ਸ਼ੀਲਡ ਬਣ ਕੇ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਹੈ। ਉਹਨਾਂ ਕਿਹਾ ਕਿ ਦੁਨੀਆਂ ਵਿੱਚ ਕਤਲੋਗਾਰਤ ਕਰਦੇ ਅੱਗੇ ਵੱਧ ਰਹੇ ਸਿਕੰਦਰ ਦਾ ਵਿਜੇ ਰਥ ਪੰਜਾਬ ਦੇ ਮਹਾਨ ਸਪੂਤ ਰਾਜਾ ਪੋਰਸ ਨੇ ਹੀ ਰੋਕਿਆ ਅਤੇ ਪੂਰੇ ਭਾਰਤ ਦੀ ਰੱਖਿਆ ਕੀਤੀ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਆਵਦੇ ਜਿਉਂਦੇ ਜੀ ਕਿਸੇ ਹਮਲਾਵਰ ਨੂੰ ਅੱਗੇ ਨੀ ਵਧਣ ਦਿੱਤਾ। ਫੇਰ ਵੀ ਜੇਕਰ ਕੋਈ ਹਮਲਾਵਰ ਅੱਗੇ ਵਧਿਆ ਤਾਂ ਪੰਜਾਬੀਆਂ ਦੀਆਂ ਲਾਸ਼ਾਂ ਤੇ ਚੱਲ ਕੇ ਹੀ ਅੱਗੇ ਵਧਿਆ ਹੋਵੇਗਾ ਪਰੰਤੂ ਪੰਜਾਬ ਨੇ ਕਦੇ ਵੀ ਸਰੈਂਡਰ ਨਹੀਂ ਕੀਤਾ।

ਉਹਨਾਂ ਕਿਹਾ ਕਿ ਸਮੇਂ ਸਮੇਂ ਤੇ ਅਨੇਕ ਧਰਮ, ਮੱਤ, ਪੰਥ, ਸੰਪਰਦਾਵਾਂ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਜਾਂ ਵਧੇ। ਉਹਨਾਂ ਨੇ ਕਿਹਾ ਕਿ ਵੱਖ ਵੱਖ ਧਰਮਾਂ, ਪੰਥਾਂ ਸੰਪਰਦਾਵਾਂ ਵਿੱਚ ਅੰਤਰ ਹੋਣ ਦੇ ਬਾਵਜੂਦ ਸਾਡੇ ਵਿੱਚ ਇੱਕ ਚੀਜ਼ ਸਾਂਝੀ ਹੈ ਕਿ ਸਾਡਾ ਸਾਰੇ ਪੰਜਾਬੀਆਂ ਦਾ ਖੂਨ ਇੱਕ ਹੈ। ਸਰਕਾਰ ਅਤੇ ਮੌਜੂਦ ਧਾਰਮਿਕ ਆਗੂਆਂ ਨੂੰ ਸੰਬੋਧਿਤ ਕਰਦੇ ਹੋਏ ਮਹੰਤ ਸ਼੍ਰੀ ਰਵੀ ਕਾਂਤ ਮੁਨੀ ਜੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਫਿਰਕੂ ਨਫਰਤ ਦੀਆਂ ਬਹੁਤ ਪੋਸਟਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤੇ ਸਰਕਾਰ ਨੂੰ ਇਹਨਾਂ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਾਰੇ ਧਰਮਾਂ ਦੇ ਆਗੂਆਂ ਦਾ ਵੀ ਇਹ ਫਰਜ ਹੈ ਕਿ ਸਾਰੇ ਧਾਰਮਿਕ ਆਗੂ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਸਮਝਾਉਣ ਜਿਸ ਨਾਲ ਨਫਰਤੀ ਪੋਸਟਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਹੋਰ ਧਰਮਾਂ ਸਿੱਖ, ਮੁਸਲਮਾਨ, ਈਸਾਈ, ਜੈਨ ਆਦਿ ਧਰਮਾਂ ਦੇ ਧਾਰਮਿਕ ਆਗੂਆਂ ਨੇ ਆਪਣੇ ਵਿਚਾਰ ਰੱਖੇ। ਮੀਟਿੰਗ ਦੇ ਅੰਤ ਚ ਗਵਰਨਰ ਸਾਹਿਬ ਅਤੇ ਮੁੱਖ ਮੰਤਰੀ ਪੰਜਾਬ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਇੱਕ ਯਾਦਗਾਰੀ ਫੋਟੋ ਵੀ ਖਿੱਚੀ ਗਈ।

Leave a Reply

Your email address will not be published. Required fields are marked *