www.sursaanjh.com > ਚੰਡੀਗੜ੍ਹ/ਹਰਿਆਣਾ > ਪੰਜਾਬ ਨੂੰ ਲਾਂਬੂ ਲਾਉਣ ਦੀਆਂ ਸਾਜ਼ਿਸ਼ਾਂ ਦਾ ਤੁਰੰਤ ਨੋਟਿਸ ਲੈਣ ਕੇਂਦਰੀ ਏਜੰਸੀਆਂ : ਪੁਰਖਾਲਵੀ

ਪੰਜਾਬ ਨੂੰ ਲਾਂਬੂ ਲਾਉਣ ਦੀਆਂ ਸਾਜ਼ਿਸ਼ਾਂ ਦਾ ਤੁਰੰਤ ਨੋਟਿਸ ਲੈਣ ਕੇਂਦਰੀ ਏਜੰਸੀਆਂ : ਪੁਰਖਾਲਵੀ

ਚੰਡੀਗੜ੍ਹ  18 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆਂ ਵੱਲੋਂ ਬੀਤੇ ਦਿਨੀਂ ਮੁਹਾਲੀ ਵਿਖੇ ਇੱਕ ਮਹਿਲਾ ਸੰਮੇਲਨ ਦੌਰਾਨ ਦਿੱਤੇ ਗਏ ਇੱਕ ਵਿਵਾਦਿਤ ਬਿਆਨ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਨੇ ਕਾਫੀ ਨਰਾਜ਼ਗੀ ਜ਼ਾਹਰ ਕਰਦਿਆਂ ਸਮੂਹ ਪੰਜਾਬੀਆਂ ਨੂੰ ਉਨ੍ਹਾਂ ਦੇ ਮੁਕੰਮਲ ਬਾਈਕਾਟ ਦੀ ਅਪੀਲ ਕੀਤੀ ਹੈ।
ਪਾਰਟੀ ਦੇ ਬੁਲਾਰੇ ਤੇ ਸੀਨੀਅਰ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ “ਆਪ” ਆਗੂ ਮਨੀਸ਼ ਸਿਸੋਦੀਆਂ ਲੰਮਾ ਸਮਾਂ ਤਿਹਾੜ ਜੇਲ ਵਿੱਚ ਰਹਿਕੇ ਆਏ ਹਨ, ਜਿੱਥੇ ਹਰ ਕਿਸਮ ਦਾ ਮੁਜ਼ਰਮ ਹਵਾਲਾਤੀ ਤੇ ਸਜ਼ਾ-ਯਾਫਤਾ ਮੌਜੂਦ ਹਨ। ਸੁਭਾਵਿਕ ਹੈ ਕਿ ਜੇਲ੍ਹ ਵਿੱਚ ਸਿਸੋਦੀਆ ਦਾ ਇਨ੍ਹਾਂ ਗ਼ੈਰ-ਸਮਾਜਿਕ ਸ਼ਕਤੀਆਂ ਨਾਲ ਕੋਈ ਵਿਸ਼ੇਸ਼ ਗੱਠਜੋੜ ਬਣਿਆ ਹੋਵੇਗਾ। ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਇਸੇ ਕੁਲਿਹਣੇ ਗੱਠਜੋੜ ਤੋਂ ਉਤਸ਼ਾਹਿਤ ਤੇ ਸ਼ਕਤੀਵਾਨ ਹੋ ਕੇ ਉਨ੍ਹਾਂ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਰ ਹੀਲੇ ਜਿੱਤਣ ਲਈ ਮਹਿਲਾਵਾਂ ਨੂੰ ਹਰ ਤਰ੍ਹਾਂ ਦੇ ਜੁਰਮ ਨੂੰ ਅਮਲ ਵਿੱਚ ਲਿਆਉਣ ਦਾ ਮੰਤਰ ਦਿੱਤਾ ਗਿਆ ਹੋਵੇ।
ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 2017 ਦੀਆਂ ਚੋਣਾਂ ਨੂੰ ਜਿੱਤਣ ਲਈ ਤੱਤਕਾਲੀ ਸੱਤਾਧਾਰੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ 2015 ਵਿੱਚ ਬੇਅਦਬੀਆਂ ਦੀ ਖੇਡ ਖੇਡੀ ਗਈ ਸੀ, ਜਿਸ ਕਾਰਨ ਉਨ੍ਹਾਂ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਮਾਨਯੋਗ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ। ਮੌਜੂਦਾ ਸਮੇਂ ਮਨੀਸ਼ ਸਿਸੋਦੀਆ ਦਾ ਅਜਿਹਾ ਬਿਆਨ ਇਸ ਗੱਲ ਵੱਲ ਸਿੱਧਾ ਇਸ਼ਾਰਾ ਕਰਦਾ ਹੈ ਕਿ ਆਮ ਆਦਮੀ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਲੁੱਟਣ ਲਈ ਪੰਜਾਬ ਵਿੱਚ ਖੂਨੀ ਖੇਡ ਦੇ ਨਾਲ-ਨਾਲ ਫ਼ਿਰਕਾਪ੍ਰਸਤੀ ਦਾ ਪੱਤਾ ਖੇਡਣ ਲਈ ਕਮਰਕੱਸਾ ਕੱਸ ਚੁੱਕੀ ਹੈ, ਜਿਸ ਦਾ ਕੇਂਦਰੀ ਏਜੰਸੀਆਂ ਨੂੰ ਤੁਰੰਤ ਨੋਟਿਸ ਲੈਂਦਿਆਂ ਉਨ੍ਹਾਂ ਵਿਰੁੱਧ ਫੌਜਦਾਰੀ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਜ਼ਮਾਨਤ ਵੀ ਰੱਦ ਕੀਤੀ ਜਾਵੇ। ਉਨ੍ਹਾਂ ਚੋਣ ਕਮਿਸ਼ਨ ਦੇ ਦਖਲ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ ਕਿਉਂਕਿ ਅਜਿਹੇ ਗਰੁੱਪ ਦੇਸ਼ ਅਤੇ ਸਮਾਜ ਲਈ ਗੰਭੀਰ ਖ਼ਤਰਾ ਖੜ੍ਹਾ ਕਰ ਸਕਦੇ ਹਨ। ਸ਼੍ਰੀ ਪੁਰਖਾਲਵੀ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਨਕਲਾਬ ਦੇ ਚੋਲ਼ੇ ਵਿੱਚ ਛੁਪੇ ਇਨ੍ਹਾਂ ਮਵਾਲੀ ਗੁੰਡੇ ਅਤੇ ਮੁਜਰਮਾਂ ਦੀਆਂ ਪੰਜਾਬ ਤੇ ਲੋਕ-ਵਿਰੋਧੀ ਚਾਲਾਂ ਤੋਂ ਸੁਚੇਤ ਰਹਿਣ ਅਤੇ ਦਿੱਲੀ ਦੇ ਇਨ੍ਹਾਂ ਧਾੜਵੀਆਂ ਵੱਲੋਂ ਪੰਜਾਬੀਆਂ ਨੂੰ ਦਿੱਤੀ ਗਈ ਵੰਗਾਰ ਨੂੰ ਚੁਣੌਤੀ ਮੰਨਦੇ ਹੋਏ ਇਸ ਟੋਲੇ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ।

Leave a Reply

Your email address will not be published. Required fields are marked *