ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੂੰ ਪੁਰਸਕਾਰ ਕੀਤਾ ਭੇਟ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਫਰਵਰੀ:


ਪੰਜਾਬ ਨੇ ਵਾਤਾਵਰਣ ਸਿੱਖਿਆ ਅਤੇ ਸਥਿਰਤਾ ਦੇ ਖੇਤਰ ਵਿੱਚ ਮਹੱਤਵਪੂਰਨ ਮੀਲ ਪੱਥਰ ਸਥਾਪਤ ਕਰਦਿਆਂ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਵੱਲੋਂ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਕਰਵਾਏ ਗਏ ਗ੍ਰੀਨ ਸਕੂਲਜ਼ ਅਵਾਰਡਜ਼ 2025 ਵਿੱਚ ਵੱਕਾਰੀ ‘ਬੈਸਟ ਗ੍ਰੀਨ ਸਟੇਟ’ ਅਤੇ ‘ਬੈਸਟ ਗ੍ਰੀਨ ਡਿਸਟ੍ਰਿਕਟ’ ਪੁਰਸਕਾਰ ਹਾਸਲ ਕੀਤਾ ਹੈ। ਇਹ ਪੁਰਸਕਾਰ ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਮ ਵਾਂਗਚੁਕ ਅਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੀ ਮੁਖੀ ਸੁਨੀਤਾ ਨਰਾਇਣ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੇ ਕਾਰਜਕਾਰੀ ਡਾਇਰੈਕਟਰ ਇੰਜੀਨੀਅਰ ਪ੍ਰਿਤਪਾਲ ਸਿੰਘ ਅਤੇ ਜੁਆਇੰਟ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਨੂੰ ਸੌਂਪੇ।
ਦੇਸ਼ ਭਰ ਵਿੱਚ ਰਜਿਸਟਰਡ 11,917 ਸਕੂਲਾਂ ਵਿੱਚੋਂ, ਪੰਜਾਬ ਦੇ 7406 ਸਕੂਲਾਂ ਨੇ ਵਾਤਾਵਰਣ ਆਡਿਟ ਪੂਰੇ ਕੀਤੇ ਹਨ, ਜੋ ਕਿ ਦੇਸ਼ ਭਰ ਵਿੱਚ ਕੀਤੇ ਗਏ ਸਾਰੇ ਆਡਿਟ ਦਾ 84 ਫੀਸਦ ਬਣਦਾ ਹੈ। ਪੰਜਾਬ ਦੇ 196 ਸਕੂਲਾਂ ਨੂੰ ਗ੍ਰੀਨ ਸਕੂਲ ਦਾ ਦਰਜਾ ਦਿੱਤਾ ਗਿਆ, ਜਿਸ ਵਿੱਚ 171 ਸਰਕਾਰੀ ਅਤੇ 25 ਪ੍ਰਾਈਵੇਟ ਸਕੂਲ ਸ਼ਾਮਲ ਹਨ। ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਰਵੋਤਮ ਜ਼ਿਲ੍ਹਾ ਪੁਰਸਕਾਰ ਦਿੱਤਾ ਗਿਆ। ਹੁਸ਼ਿਆਰਪੁਰ ਜ਼ਿਲ੍ਹੇ ਨੇ 1,945 ਸਕੂਲਾਂ ਦਾ ਆਡਿਟ ਪੂਰਾ ਕਰਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ, ਜੋ ਭਾਰਤ ਦੇ ਕਿਸੇ ਵੀ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਹੈ।

