ਵਰਕਸ਼ਾਪ ਦੌਰਾਨ ਆਧਾਰ ਐਕਟ, 2016 ਦੇ ਕਾਨੂੰਨੀ ਉਪਬੰਧਾਂ, ਗੋਪਨੀਯਤਾ ਸਬੰਧੀ ਨਿਯਮਾਂ ਅਤੇ ਤਸਦੀਕ ਵਿਧੀਆਂ ‘ਤੇ ਪਾਇਆ ਚਾਨਣਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੂਨ:


ਆਧਾਰ ਨਿਯਮਾਂ ਦੀ ਬਿਹਤਰ ਸਮਝ ਅਤੇ ਪੁਲਿਸ ਸੇਵਾਵਾਂ ਨਾਲ ਇਸ ਦੇ ਕਾਨੂੰਨੀ ਏਕੀਕਰਨ ਲਈ, ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਨੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਦੇ ਸਹਿਯੋਗ ਨਾਲ ਪੁਲਿਸ ਅਧਿਕਾਰੀਆਂ ਨੂੰ ਪ੍ਰਸ਼ਾਸਨ ਅਤੇ ਕਾਨੂੰਨ ਲਾਗੂਕਰਨ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਜਾਣੂ ਕਰਵਾਉਣ ਲਈ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਸੈਸ਼ਨ ਦਾ ਸੰਚਾਲਨ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਅਤੇ ਸ੍ਰੀ ਰਾਮ ਸਿੰਘ ਏਡੀਜੀਪੀ ਟੀਐਸਐਸ ਦੀ ਮੌਜੂਦਗੀ ਵਿੱਚ ਡੀਡੀਜੀ ਚੰਡੀਗੜ੍ਹ ਕਮਾਂਡਰ ਧੀਰਜ ਸਰੀਂ ਦੀ ਅਗਵਾਈ ਹੇਠ ਯੂਆਈਡੀਏਆਈ ਖੇਤਰੀ ਦਫ਼ਤਰ ਦੀ ਟੀਮ ਵੱਲੋਂ ਕੀਤਾ ਗਿਆ ਜਿਸ ਵਿੱਚ ਪ੍ਰਸ਼ਾਸਨ ਅਤੇ ਕਾਨੂੰਨ ਲਾਗੂਕਰਨ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਸੈਸ਼ਨ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ 100 ਪੁਲਿਸ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।

