ਪੈਨਸ਼ਨ ਅਤੇ ਜੀ.ਪੀ.ਐਫ ਟਰੱਸਟ ਵਿਰੁੱਧ ਲਾਮਵੰਦ ਹੋਣ ਦਾ ਸੱਦਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਫਰਵਰੀ:


ਪੰਜਾਬ ਮੰਡੀਬੋਰਡ ਰਿਟਾਇਰਡ ਇੰਪਲਾਈ ਵੈੱਲਫੇਅਰ ਐਸੋਸੀਏਸ਼ਨ ਦੀ ਇੱਕ ਭਰਵੀਂ ਮੀਟਿੰਗ ਵੀਰਵਾਰ ਨੂੰ ਕਿਸਾਨ ਭਵਨ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਕੈਪਟਨ ਅਮਰਜੀਤ ਸਿੰਘ ਸਿਵੀਆ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਸੈਣੀ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਗਏ। ਸਭ ਤੋਂ ਗੰਭੀਰ ਮੁੱਦਾ ਪੰਜਾਬ ਮੰਡੀਬੋਰਡ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਮਿਲ਼ ਰਹੀ ਪੈਨਸ਼ਨ ਨੂੰ ਇੱਕ ਏਜੰਸੀ ਦੇ ਸਪੁਰਦ ਕਰਕੇ ਪੈਨਸ਼ਨ ਅਤੇ ਜੀ.ਪੀ.ਐਫ ਟਰੱਸਟ ਸਥਾਪਤ ਕਰਨ ਵੱਲ ਸੀ। ਦੱਸਿਆ ਜਾਂਦਾ ਹੈ ਕਿ ਪੰਜਾਬ ਮੰਡੀਬੋਰਡ ਵੱਲੋਂ ਮਿਤੀ 28 ਸਤੰਬਰ, 2021 ਅਤੇ 18 ਨਵੰਬਰ, 2021 ਨੂੰ ਇਸ ਸਬੰਧੀ ਆਪਣੀ ਮੀਟਿੰਗ ਵਿੱਚ ਮਤਾ ਲਿਆਂਦਾ ਸੀ। ਐਸੋਸੀਏਸ਼ਨ ਵੱਲੋਂ ਪੁਰਜ਼ੋਰ ਵਿਰੋਧ ਕਰਨ ਕਰਕੇ ਉਸ ਮਤੇ ਨੂੰ ਉਸ ਵੇਲ਼ੇ ਉਸ ਮਤੇ ਨੂੰ ਵਾਪਸ ਲੈ ਲਿਆ ਗਿਆ। ਰਿਟਾਇਰੀ ਮੁਲਾਜ਼ਮਾਂ ਦੇ ਹਿੱਤਾਂ ਨੂੰ ਤਿਲਾਂਜਲੀ ਦੇ ਕੇ ਹੁਣ ਦੁਬਾਰਾ ਅਜਿਹੀਆਂ ਕੋਝੀਆਂ ਚਾਲਾਂ ਦੀਆਂ ਕਨਸੋਆਂ ਨੇ ਰਿਟਾਇਰੀ ਮੁਲਾਜ਼ਮਾਂ ਦੀਆਂ ਤਲ਼ੀਆਂ ‘ਤੇ ਫਿਰ ਕਾਲ਼ੇ ਤਿਲ ਵਿਛਾਉਣ ਵੱਲ ਕਦਮ ਪੁੱਟਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਜ. ਡੀ.ਐਸ. ਗਿੱਲ ਨੇ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਇਹ ਟਰੱਸਟ ਬਣਦਾ ਹੈ, ਤਾਂ ਕੰਪਨੀ ਕਿਸੇ ਵੇਲ਼ੇ ਵੀ ਆਪਣੇ ਆਪ ਨੂੰ ਦੀਵਾਲ਼ੀਆ ਘੋਸ਼ਿਤ ਕਰਕੇ ਪੈਨਸ਼ਨਰਾਂ ਨੁੰ ਹਵਾ ਵਿੱਚ ਲਟਕਦਿਆਂ ਛੱਡ ਦੇਣਗੀਆਂ। ਉਨ੍ਹਾਂ ਉਦਾਹਰਨ ਦੇ ਕੇ ਦੱਸਿਆ ਕਿ ਕਿਵੇਂ ਪੀ.ਆਰ.ਟੀ.ਸੀ. ਦੇ ਰਿਟਾਇਰੀ ਆਪਣੀ ਪੈਨਸ਼ਨ ਲਈ ਧਰਨੇ ਲਾਉਂਦੇ ਹਨ।
ਇਸ ਮੌਕੇ ਗੁਰਨਾਮ ਸਿੰਘ ਸੈਣੀ ਵੱਲੋਂ ਦੱਸਿਆ ਗਿਆ ਕਿ ਮੁਲਾਜ਼ਮਾਂ ਦੇ ਐਲ.ਟੀ.ਸੀ. ਦਾ ਬਕਾਇਆ ਉਨ੍ਹਾਂ ਦੇ ਖਾਤਿਆਂ ਵਿੱਚ ਪੁਵਾ ਦਿੱਤਾ ਗਿਆ ਹੈ। ਜੇਕਰ ਇਸ ਤੋਂ ਇਲਾਵਾ ਡੀ.ਏ. ਦਾ ਬਕਾਇਆ ਵੀ ਰਹਿੰਦਾ ਹੋਵੇ ਤਾਂ ਉਨ੍ਹਾਂ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਸਮੂਹ ਮੰਡੀਬੋਰਡ ਅਧਿਕਾਰੀਆਂ/ ਕਰਮਚਾਰੀਆਂ/ ਰਿਟਾਇਰੀਆਂ ਵੱਲੋਂ ਪੰਜਾਬ ਮੰਡੀ ਬੋਰਡ ਦੀ ਚੜ੍ਹਦੀ ਕਲਾ ਲਈ ਮਾਰਚ ਦੇ ਮਹੀਨੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਦੇਵੀ ਮਾਤਾ ਦੀ ਚੌਂਕੀ ਲਈ ਵੀ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਬਲਜੀਤ ਕੌਰ, ਨਰਿੰਦਰ ਕੌਰ, ਊਸ਼ਾ ਕੁਮਾਰੀ, ਸੁਖਜੀਤ ਕੌਰ, ਇੰਦਰਪਾਲ ਕੌਰ, ਕਿਰਨ ਪੁਰੀ, ਸਤਿੰਦਰ ਕੌਰ, ਹਰਵਿੰਦਰ ਕੌਰ ਤੋਂ ਇਲਾਵਾ ਚੰਦਰ ਸ਼ੇਖਰ, ਡੀ.ਐਸ. ਗਿੱਲ, ਕਾਕਾ ਸਿੰਘ ਚੀਮਾ, ਨਿਰਮੈਲ ਅਤੇ ਤੇਜਿੰਦਰ ਦੀ ਜੋੜੀ, ਵਿਨੋਦ ਕਪੂਰ, ਚਮਕੌਰ ਸਿੰਘ, ਅਵਤਾਰ ਸਿੰਘ, ਗੁਰਮੁਖ ਸਿੰਘ ਸਕੇਤੜੀ, ਮਨਜੀਤ ਸਿੰਘ ਚੀਮਾ, ਮਲਕੀਤ ਸਿੰਘ, ਕਪੂਰ ਸਿੰਘ ਮਾਨ, ਗੋਪਾਲ ਕ੍ਰਿਸ਼ਨ, ਕੇਵਲ ਕ੍ਰਿਸ਼ਨ, ਹਰਪ੍ਰੀਤ ਸਿੰਘ ਬਰਾੜ ਦੀਦਾਰੇ ਵਾਲ਼ਾ, ਸਤੀਸ਼ ਕੁਮਾਰ ਮਰਵਾਹਾ, ਰਮਨ ਮਹਾਜਨ, ਜਰਨੈਲ ਸਿੰਘ ਮਾਨ (ਅਮਰੀਕਾ), ਅਨਿਲ ਸ਼ਰਮਾ, ਰਘਬੀਰ ਭੁੱਲਰ, ਵਿਨੋਦ ਪ੍ਰਾਸ਼ਰ ਤੋਂ ਇਲਾਵਾ ਇੰਦਰਜੀਤ ਸਿੰਘ ਪ੍ਰੇਮੀ ਸ਼ਾਮਲ ਹੋਏ। ਇਸ ਮੌਕੇ ਇੰਦਰਜੀਤ ਸਿੰਘ ਪਰੇਮੀ ਵੱਲੋਂ ਨਾਮਵਰ ਲੇਖਕਾਂ ਦੀਆਂ ਸਾਹਿਤਕ ਕਿਤਾਬਾਂ ਦਾ ਦੂਜਾ ਵੱਡਾ ਲੰਗਰ ਵੀ ਲਗਾਇਆ ਗਿਆ, ਜਿਸ ਵਿੱਚ 150 ਤੋਂ ਵੀ ਵੱਧ ਸਾਹਿਤਕ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ। ਇਸ ਦੇ ਨਾਲ਼ ਹੀ ਪੈਨਸ਼ਨ ਅਤੇ ਜੀ.ਪੀ.ਐਫ ਟਰੱਸਟ ਸਬੰਧੀ ਅੱਜ ਰਿਟਾਇਰੀ ਕਰਮਚਾਰੀਆਂ ਦੇ ਇੱਕ ਵਫਦ ਨੇ ਮੁੱਖ ਦਫਤਰ ਜਾ ਕੇ ਮੰਡੀਬੋਰਡ ਦੇ ਚੇਅਰਮੈਨ ਅਤੇ ਸਕੱਤਰ ਦੇ ਨਾਂ ਪੱਤਰ ਦੇ ਕੇ ਅਜਿਹੇ ਕਿਸੇ ਵੀ ਫੈਸਲੇ ਨੂੰ ਨੇਪਰੇ ਨਾ ਚਾੜ੍ਹਨ ਦਾ ਬੇਨਤੀ ਪੱਤਰ ਦਿੱਤਾ। ਵਫ਼ਦ ਵਿੱਚ ਅਮਰਜੀਤ ਸਿੰਘ ਸਿਵੀਆ, ਕਾਕਾ ਸਿੰਘ ਚੀਮਾ, ਰਮਨ ਮਹਾਜਨ ਅਤੇ ਵਿਨੋਦ ਪ੍ਰਾਸ਼ਰ ਸ਼ਾਮਲ ਸਨ।

