ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਦਸੰਬਰ:
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਾਹਿਤ ਅਕਾਦਮੀ ਨਵੀਂ ਦਿੱਲੀ, ਚੰਡੀਗੜ੍ਹ ਸਾਹਿਤ ਅਕਾਦਮੀ ਅਤੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ‘ਭੂ-ਸਿਆਸਤ, ਪਛਾਣ ਦਾ ਸੰਕਟ ਅਤੇ ਸਾਹਿਤ’ ਵਿਸ਼ੇ ‘ਤੇ ਦੋ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਮੀਨਾਕਸ਼ੀ ਗੋਇਲ ਡੀਨ ਰਿਸਰਚ ਪੰਜਾਬ ਯੂਨੀਵਰਸਿਟੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਦਾਘਾਟਨੀ ਸੈਸ਼ਨ ਵਿੱਚ ਸਵਾਗਤੀ ਸ਼ਬਦ ਸੰਦੀਪ ਕੌਰ ਦੁਆਰਾ ਆਖੇ ਗਏ, ਜਦਕਿ ਵਿਸ਼ੇ ਨਾਲ਼ ਜਾਣ-ਪਛਾਣ ਡਾ. ਰਵੇਲ ਸਿੰਘ ਨੇ ਕਰਵਾਉਂਦਿਆਂ ਕਿਹਾ ਕਿ ਭੂ-ਸਿਆਸਤ ਨੂੰ ਵਿਚਾਰਨ ਨਾਲ਼ੋਂ ਇਸ ਉੱਪਰ ਲਿਖੇ ਗਏ ਸਾਹਿਤ ਨੂੰ ਵਿਚਾਰਨਾ ਇਸ ਸੈਮੀਨਾਰ ਦਾ ਮੁੱਖ ਮੰਤਵ ਹੈ। ਉਦਾਘਟਨੀ ਸ਼ਬਦਾਂ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਕਿਹਾ ਕਿ ਭਾਰਤ ਅਤੇ ਯੂਰਪ ਦੇ ਸੰਦਰਭ ਵਿੱਚ ਇਸ ਵਿਸ਼ੇ ਨੂੰ ਵੱਖਰੀ ਵੱਖਰੀ ਪਹੁੰਚ ਨਾਲ ਦੇਖਿਆ ਜਾਣਾ ਜ਼ਰੂਰੀ ਹੈ।


ਇਸ ਸੈਮੀਨਾਰ ਵਿੱਚ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਭੁਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਭੂ-ਸਿਆਸਤ ਭੌਤਿਕ ਸਾਧਨਾ ਦੇ ਮੁਕਾਬਲੇ ਬਿਰਤਾਂਤਾਂ ਦਾ ਟਕਰਾਅ ਵਧੇਰੇ ਹੈ ਅਤੇ ਇਕ ਮੁਲਕ ਦੇ ਅੰਦਰ ਵੀ ਸ਼ਕਤੀਸ਼ਾਲੀ ਧਿਰ ਆਪਣੇ ਅੰਦਰਲੇ ਕਮਜ਼ੋਰ ਸਭਿਆਚਾਰਾਂ ਨੂੰ ਦਬਾਉਣ ਲਈ ਬਸਤੀਆਂ ਬਣਾ ਸਕਦੀ ਹੈ। ਇਸ ਮੌਕੇ ਵਿਸ਼ੇਸ਼ੇ ਮਹਿਮਾਨ ਵਜੋਂ ਪਹੁੰਚੇ ਡਾ. ਕੁਲਦੀਪ ਚੰਦ ਅਗਨੀਹੋਤਰੀ ਨੇ ਕਿਹਾ ਕਿ ਭੂ-ਸਿਆਸਤ ਦਾ ਵੱਡਾ ਲੱਛਣ, ਅਧੀਨ ਮਨੁੱਖ ਦੇ ਮਨ ਨੂੰ ਕਾਬੂ ਕਰਨਾ ਵੀ ਹੁੰਦਾ ਹੈ ਅਤੇ ਇਸੇ ਤਹਿਤ ਬਸਤੀਵਾਦ ਨੇ ਭਾਰਤੀ ਸਭਿਅਤਾ ਬਾਰੇ ਜੋ ਵੀ ਨਿਰਣੇ ਲਏ, ਅਸੀਂ ਉਨ੍ਹਾਂ ਨੂੰ ਪ੍ਰਸ਼ਨ ਕਰਨ ਦੀ ਥਾਂ ਪ੍ਰਵਾਨ ਕਰ ਲਿਆ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਹਰੀਸ਼ ਪੁਰੀ ਨੇ ਨਾਵਲ ਦੇ ਹਵਾਲੇ ਨਾਲ਼ ਰੂਸ ਦੇ ਵਿਗਠਨ ਤੋਂ ਬਾਅਦ ਪੂੰਜੀਵਾਦ ਅਤੇ ਸਮਾਜਵਾਦ ਦੇ ਆਪਸੀ ਤਣਾਅ ਨੂੰ ਪੇਸ਼ ਕੀਤਾ, ਜਦਕਿ ਧੰਨਵਾਦੀ ਸ਼ਬਦ ਡਾ. ਮਨਮੋਹਨ, ਪ੍ਰਧਾਨ ਚੰਡੀਗੜ੍ਹ ਸਾਹਿਤ ਅਕਾਦਮੀ ਦੁਆਰਾ ਆਖੇ ਗਏ। ਇਸ ਸੈਸ਼ਨ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਅਕਾਦਮਿਕ ਇੰਚਾਰਜ ਪ੍ਰੋ. ਗੁਰਪਾਲ ਸਿੰਘ ਸੰਧੂ ਦੁਆਰਾ ਨਿਭਾਈ ਗਈ।
ਇਸ ਦੋ ਰੋਜ਼ਾ ਸੈਮੀਨਾਰ ਵਿੱਚ ਅਕਾਦਮਿਕ ਸੈਸ਼ਨ ਵੀ ਆਯੋਜਿਤ ਕਤੇ ਗਏ, ਜਿਨ੍ਹਾਂ ਵਿੱਚ ਡਾ. ਪਰਮਜੀਤ ਢੀਂਗਰਾ, ਡਾ. ਪ੍ਰਵੀਨ ਕੁਮਾਰ, ਕੁਮਾਰ ਸ਼ਮੀਲ, ਡਾ. ਕੁਲਦੀਪ ਸਿੰਘ, ਡਾ. ਵਨੀਤਾ, ਡਾ. ਮਨਜਿੰਦਰ ਸਿੰਘ, ਡਾ. ਸਰਬਜੀਤ ਸਿੰਘ ਮਾਨ, ਡਾ. ਰਵਿੰਦਰ ਕੌਰ ਧਾਲੀਵਾਲ, ਬਲਜੀਤ ਕੌਰ ਰਿਆੜ, ਬਰਿੰਦਰ ਕੌਰ ਅਤੇ ਤੇਜਿੰਦਰ ਸਿੰਘ ਦੁਆਰਾ ਵੱਖ ਵੱਖ ਵਿਸ਼ਿਆਂ ਉੱਪਰ ਖੋਜ ਪੱਤਰ ਪ੍ਰਸਤੁਤ ਕੀਤੇ ਗਏ, ਜਦਕਿ ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਕੁਲਦੀਪ ਸਿੰਘ ਅਤੇ ਡਾ. ਰੇਣੁਕਾ ਸਿੰਘ ਨੇ ਕੀਤੀ। ਇਸ ਸੈਮੀਨਾਰ ਦੇ ਸਮਾਪਤੀ ਸੈਸ਼ਨ ਵਿੱਚ ਸਮਾਪਤੀ ਭਾਸ਼ਣ ਪ੍ਰੋ. ਪੰਪਾ ਮੁਖਰਜੀ ਵੱਲੋਂ ਦਿੱਤਾ ਗਿਆ ਅਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰੋ. ਯੋਜਨਾ ਰਾਵਤ, ਡੀ.ਯੂ.ਆਈ. ਪੰਜਾਬ ਯੂਨੀਵਰਸਿਟੀ ਨੇ ਸੈਮੀਨਾਰ ਦੌਰਾਨ ਆਏ ਡੈਲੀਗੇਟਸ ਵੱਨੋਂ ਪੇਸ਼ ਕੀਤੇ ਗਏ ਪੇਪਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਮੰਤਵ ਨੂੰ ਲੈ ਕੇ ਇਹ ਸੈਮੀਨਾਰ ਕਰਵਾਇਆ ਗਿਆ ਸੀ, ਉਸ ਵਿੱਚ ਇਹ ਬੇਹੱਦ ਸਫ਼ਲ ਰਿਹਾ ਹੈ।
ਸਮਾਗਮ ਵਿੱਚ ਡਾ. ਦੀਪਕ ਮਨਮੋਹਨ, ਸੁਭਾਸ਼ ਭਾਸਕਰ, ਪਰਮਜੀਤ ਸਿੱਧੂ, ਸੰਤੋਸ਼ ਧੀਮਾਨ, ਅਸ਼ਵਨੀ ਸਾਂਡਿਲਯ, ਭੁਪਿੰਦਰ ਮਲਿਕ, ਜਸਪਾਲ ਸਿੰਘ, ਨਿਰਮਲ ਜਸਵਾਲ, ਸਰਦਾਰਾ ਸਿੰਘ ਚੀਮਾ, ਪਰਮਜੀਤ ਮਾਨ, ਪਾਲ ਅਜਨਬੀ, ਗਨੇਸ਼ ਦੱਤ, ਵਰਿੰਦਰ ਚੱਠਾ, ਮਨਜੀਤ ਸਿੰਘ ਖਹਿਰਾ, ਅਮਨਦੀਪ ਸਿੰਘ, ਜਗਤਾਰ ਸਿੰਘ ਜੋਗ, ਦਵਿੰਦਰ ਸਿੰਘ, ਪਰਮਵੀਰ ਸਿੰਘ, ਵੀਰਪਾਲ ਕੌਰ ਅਤੇ ਸੰਜੇ ਕੁਮਾਰ ਵੀ ਹਾਜ਼ਰ ਸਨ।

