ਨਸਬੰਦੀ ਰਾਹੀਂ ਬੇਸਹਾਰਾ ਕੁੱਤਿਆਂ ਦੀ ਸੰਖਿਆ ਤੇ ਕੀਤਾ ਜਾ ਰਿਹਾ ਕੰਟਰੋਲ
ਕੈਬਿਨਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਐਮ.ਐਲ.ਏ. ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਧਿਆਨ ਦਵਾਓ ਮਤੇ ਦਾ ਦਿੱਤਾ ਉੱਤਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਫਰਵਰੀ:
ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਨਰਿੰਦਰ ਕੌਰ ਭਰਾਜ, ਐਮ.ਐਲ.ਏ. ਸੰਗਰੂਰ ਵੱਲੋਂ ਬੇਸਹਾਰਾ ਕੁੱਤਿਆਂ ਦੀ ਦਹਿਸ਼ਤ ਅਤੇ ਆਕਰਮਕਤਾ ਸਬੰਧੀ ਧਿਆਨ ਦਵਾਓ ਪ੍ਰਸਤਾਵ ਦਾ ਉੱਤਰ ਦਿੰਦੇ ਹੋਏ ਸਦਨ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਦਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮੱਸਿਆ ਸਮੁੱਚੇ ਪੰਜਾਬ ਰਾਜ ਦੀ ਸਮੱਸਿਆ ਹੈ। ਇਸ ਮਸਲੇ ਵਿਚ ਸ਼ਹਿਰੀ ਅਤੇ ਦਿਹਾਤੀ ਖੇਤਰ ਸ਼ਾਮਿਲ ਹਨ। ਇਸ ਸਮੱਸਿਆ ਨੂੰ ਨਜਿਠਣ ਸਬੰਧੀ ਸ਼ਹਿਰੀ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਹਾਊਸ ਦੇ ਸਨਮੁੱਖ ਪੇਸ ਕਰਦਿਆਂ ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਰਾਜ ਅੰਦਰ ਬੇਸਹਾਰਾ ਕੁੱਤਿਆਂ ਦੀ ਅਬਾਦੀ ਵਧਣ ਕਰਕੇ ਕੁੱਤਿਆਂ ਵੱਲੋਂ ਆਮ ਪਬਲਿਕ ਨੂੰ ਕੱਟਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਗੰਭੀਰ ਸਮੱਸਿਆ ਸਬੰਧੀ ਵਿਭਾਗ ਸੁਚੇਤ ਹੈ ਅਤੇ ਇਸ ਸਬੰਧੀ ਰਾਜ ਦੀਆਂ ਸਮੂਹ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਇਸ ਸਮੱਸਿਆ ਨੂੰ ਨਜਿੱਠਣ ਲਈ ਉਨ੍ਹਾਂ ਨੂੰ ਖਾਸ ਉਪਰਾਲੇ ਕਰਨ ਲਈ ਲਗਾਤਾਰ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।


ਸਥਾਨਕ ਸਰਕਾਰ ਵਿਭਾਗ ਵੱਲੋਂ ਬੇਸਹਾਰਾ ਜਾਨਵਰਾਂ ਦੀ ਰਜਿਸਟ੍ਰੇਸ਼ਨ, ਪ੍ਰੋਪਰ ਕੰਟਰੋਲ ਅਤੇ ਅਵਾਰਾ ਜਾਨਵਰਾਂ ਦੇ ਅਟੈਕ ਦੇ ਵਿਕਟਮਜ ਨੂੰ ਕੰਪਨਸੇਸ਼ਨ ਦੇਣ ਲਈ ਮਾਡਲ ਬਾਈਲਾਜ ਨੋਟੀਫਿਕੇਸ਼ਨ ਮਿਤੀ : 12-10-2020 ਰਾਹੀਂ ਜਾਰੀ ਕੀਤੇ ਗਏ ਹਨ। ਸਥਾਨਕ ਸਰਕਾਰ ਵਿਭਾਗ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਨਾਲ ਮਿਲਕੇ ਬੇਸਹਾਰਾ ਪਸੂਆਂ ਕਾਰਨ ਹੋਏ ਹਾਦਸਿਆਂ ਦੇ ਸਿਕਾਰ ਲੋਕਾਂ ਨੂੰ ਮੁਆਵਜਾ ਦੇਣ ਲਈ ਰਾਜ ਪੱਧਰ ਤੇ ਦੀ ਪੰਜਾਬ ਕੰਪਨਸੇਸ਼ਨ ਟੂ ਦੀ ਵਿਕਟਿਮਸ ਆਫ ਐਨੀਮਲ ਅਟੈਕ ਐਂਡ ਐਕਸੀਡੈਂਟ ਪਾਲਸੀ 2023 ਤਿਆਰ ਕੀਤੀ ਗਈ ਹੈ। ਇਸ ਪਾਲਿਸੀ ਤਹਿਤ ਅਵਾਰਾ ਪਸੂਆਂ ਕਾਰਨ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਵਾਰਸਾਂ ਨੂੰ 5 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਉਪਬੰਧ ਹੈ ਅਤੇ ਜੇਕਰ ਕੋਈ ਵਿਅਕਤੀ ਸਥਾਈ ਤੌਰ ਤੇ ਅਪਾਹਜ ਹੋ ਜਾਂਦਾ ਹੈ ਤਾਂ ਉਸਨੂੰ 2 ਲੱਖ ਤੱਕ ਦਾ ਮੁਆਵਜਾ ਦੇਣ ਦਾ ਉਪਬੰਧ ਹੈ। ਇਸ ਤੋਂ ਇਲਾਵਾ ਸਥਾਨਕ ਸਰਕਾਰ ਵਿਭਾਗ ਵੱਲੋਂ ਪਾਲਤੂ ਕੁੱਤਿਆਂ ਵਜੋਂ ਰੱਖੀਆਂ ਜਾ ਰਹੀਆਂ ਕੁੱਤਿਆਂ ਦੀਆਂ ਖਤਰਨਾਕ ਪ੍ਰਜਾਤੀਆਂ ਲਈ ਵੱਖਰੇ ਤੌਰ ਤੇ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ। ਬੇਸਹਾਰਾ ਕੁੱਤਿਆਂ ਦੀ ਨਸਬੰਦੀ ਪ੍ਰੋਗਰਾਮ ਵਿੱਚ ਹੋਰ ਤੇਜੀ ਲਿਆਉਣ ਲਈ ਹੋਰ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਜਰੂਰਤ ਹੈ, ਜਿਸ ਤੇ ਵਿਭਾਗ ਵਚਨਬੱਧ ਹੈ ਅਤੇ ਲੋੜੀਂਦੇ ਕਦਮ ਵੀ ਚੁੱਕੇਗਾ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਉਹ ਨਰਿੰਦਰ ਕੌਰ ਭਰਾਜ, ਐਮ.ਐਲ.ਏ. ਸੰਗਰੂਰ ਦੀ ਭਾਵਨਾ ਦੀ ਕਦਰ ਕਰਦੇ ਹਨ ਅਤੇ ਪੂਰਨ ਆਸ਼ਵਾਸ਼ਨ ਦਿੰਦੇ ਹਨ ਕਿ ਅਸੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਪਸੂ ਪਾਲਣ ਵਿਭਾਗ ਨਾਲ ਤਾਲਮੇਲ ਕਰਕੇ ਸੁਚੱਜੇ ਢੰਗ ਨਾਲ ਕੰਮ ਕਰਾਂਗੇ।

