ਨੈਤਿਕਤਾ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਸਬੰਧੀ ਵਿਚਾਰ ਚਰਚਾ ਕਰਾਈ ਗਈ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ) , 21 ਅਪ੍ਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਅਤੇ ਪੰਜਾਬ ਸਟੇਟ ਫ਼ੂਡ ਕਮਿਸ਼ਨ ਦੇ ਚੇਅਰਮੈਨ, ਬਾਲ ਮੁਕੰਦ ਸ਼ਰਮਾ ਵੱਲੋਂ ਜਗਤ ਪੰਜਾਬੀ ਸਭਾ ਕੈਨੇਡਾ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਅਤੇ ਨੈਤਿਕਤਾ ਦੀ ਪ੍ਰਫੁਲਤਾ ਸਬੰਧੀ ਬੋਰਡ ਦੇ ਦਫਤਰ ਵਿਚ ਉਸਾਰੂ ਚਰਚਾ ਕਰਾਈ ਗਈ, ਜਿਸ ਵਿਚ ਜਗਤ ਪੰਜਾਬੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿਸਾ ਲਿਆ। ਹਰਕੀਰਤ ਕੌਰ, ਪ੍ਰਧਾਨ ਪੰਜਾਬ ਅਤੇ ਡਾਕਟਰ ਜਸਵਿੰਦਰ ਸਿੰਘ, ਚੀਫ ਸਲਾਹਕਾਰ ਵਲੋਂ ਚੇਅਰਮੈਨ ਸਾਹਿਬ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਡਾਕਟਰ ਅਮਰਪਾਲ ਸਿੰਘ, ਚੇਅਰਮੈਨ ਸਾਹਿਬ ਨੇ ਸਾਰਿਆਂ ਨੂੰ ਜੀ ਆਇਆ ਨੂੰ ਕਿਹਾ। ਡਾਕਟਰ ਅਮਰਪਾਲ ਸਿੰਘ ਨੇ ਸਮਾਗਮ ਦਾ ਮੰਤਵ ਸਾਂਝਾ ਕਰਦੇ ਹੋਏ ਭਾਸ਼ਾ ਦੇ ਮਹੱਤਵ ਬਾਰੇ ਅਤੇ ਨੈਤਿਕਤਾ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਨੂੰ ਸਾਂਭਣ ਲਈ ਯਤਨ ਕਰਨੇ ਪੈਣਗੇ। ਅੱਜ ਅਸੀ ਸ਼ਰੂਆਤ ਕਰ ਰਹੇ ਹਾਂ, ਭਵਿਖ ਵਿੱਚ ਹੋਰ ਵੱਡੇ ਉਪਰਾਲੇ ਕਰਕੇ ਸਫਲਤਾ ਹਾਸਲ ਕਰਾਂਗੇ।


ਅਜੈਬ ਸਿੰਘ ਚੱਠਾ ਨੇ ਆਨਲਾਈਨ ਜੁੜ ਕੇ ਕਿਹਾ ਕਿ ਸਾਡੇ ਸਮਾਜ ਦੀ ਅਜੋਕੀ ਬਣਤਰ ਵਿੱਚ ਬੱਚੇ ਨੂੰ ਸੰਸਕਾਰਾਂ ਨਾਲ ਜੋੜਨ ਲਈ ਨੈਤਿਕ ਸਿੱਖਿਆ ਜ਼ਰੂਰੀ ਹੈ ਅਤੇ ਛੋਟੇ ਯਤਨਾਂ ਨਾਲ ਅਸੀਂ 35 ਅੱਖਰ ਸਹਿਜੇ ਸਿੱਖ ਸਕਦੇ ਹਾਂ।
ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਨੈਤਿਕਤਾ ਦੇ ਵਿਸ਼ੇ ਉਪਰ ਆਪਣੇ ਵਿਚਾਰ ਦਿਤੇ ਤੇ ਕਿਹਾ ਕਿ ਸਾਨੂੰ ਆਪਣੇ ਪਰਵਾਰ ਤੋਂ ਮਿਲੇ ਸੰਸਕਾਰ ਉਮਰ ਭਰ ਲਈ ਮਿਲੀ ਸੌਗਾਤ ਹੁੰਦੇ ਹਨ। ਆਪਣੇ ਪਰਿਵਾਰ ਅਤੇ ਜ਼ਿੰਦਗੀ ਦੀਆ ਘਟਨਾਵਾਂ ਦੇ ਵੇਰਵੇ ਦੇ ਮੁੱਲਵਾਨ ਗੱਲਾਂ ਕੀਤੀਆਂ। ਡਾਕਟਰ ਜਸਵਿੰਦਰ ਸਿੰਘ, ਵਾਈਸ ਚਾਂਸਲਰ ਸਾਹਿਬ ਨੇ ਪੰਜਾਬੀ ਭਾਸ਼ਾ ਅਤੇ ਨੈਤਿਕਤਾ ਨੂੰ ਸਕੂਲਾਂ ਵਿਚ ਪੜ੍ਹਾਉਣ ਬਾਰੇ ਕਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਮੀਰ ਵਿਰਾਸਤ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਮਾਤ ਭਾਸ਼ਾ ਦਾ ਹਰ ਦੌਰ ਵਿੱਚ ਆਪਣਾ ਇੱਕ ਵਿਸੇਸ਼ ਮਹੱਤਵ ਹੋਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਨੈਤਿਕ ਗੁਣਾਂ ਤੋਂ ਬਿਨਾ ਮਨੁੱਖ ਅਧੂਰਾ ਹੁੰਦਾ ਹੈ। ਡਾਕਟਰ ਜਸਵੀਰ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਆਪਣੇ ਵਿਚਾਰ ਦਿਤੇ। ਉਹਨਾਂ ਕਿਹਾ ਕਿ ਨੈਤਿਕਤਾ ਨੂੰ ਵਿਸੇ ਵਜੋਂ ਆਰੰਭ ਕੀਤੀ ਜਾਣੀ ਚਾਹੀਦੀ ਹੈ।
ਮਨਜੀਤ ਇੰਦਰਾ ਨੇ ਬੋਰਡ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਨੈਤਿਕ ਸਿੱਖਿਆ ਸਭ ਤੋਂ ਪਹਿਲਾ ਆਪਣਿਆਂ ਤੋਂ ਆਰੰਭ ਕੀਤੀ ਜਾਣੀ ਚਾਹੀਦੀ ਹੈ। ਉਹਨਾ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਪ੍ਰੋ. ਤਾਰਾ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਭਾਸ਼ਾ ਬਾਰੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮਾਤ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾ ਰਾਹੀਂ ਆਪਣੀ ਗੱਲ ਦਿਲੋ ਨਹੀਂ ਕੀਤੀ ਜਾ ਸਕਦੀ। ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਵੇ, ਮੁੱਢਲੇ ਪੱਧਰ ਤੱਕ ਅਤੀ-ਜ਼ਰੂਰੀ ਹੈ। ਡਾਕਟਰ ਲੱਖਾ ਲਹਿਰੀ ਦਾ ਵਿਚਾਰ ਸੀ ਕਿ ਘਰਾਂ ਵਿੱਚ ਸਾਨੂੰ ਪੰਜਾਬੀ ਬੋਲਣੀ ਪਵੇਗੀ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਸ਼੍ਰੀਮਤੀ ਹਰਿੰਦਰ ਬਰਾੜ ਨੇ ਆਪਣੇ ਸਮੇਂ ਦੇ ਅਧਿਆਪਕਾਂ ਅਤੇ ਘਰਾਂ ਦੇ ਮਾਹੌਲ ਦੇ ਵਿਚਾਰ ਦੇ ਕੇ ਨੈਤਿਕਤਾ ਅਤੇ ਭਾਸ਼ਾ ਦੀ ਗੱਲ ਕੀਤੀ। ਸਾਨੂੰ ਮਿਲ ਕੇ ਯਤਨ ਕਰਨੇ ਪੈਣਗੇ। ਡਾਕਟਰ ਅਰਵਿੰਦਰ ਢਿੱਲੋਂ ਨੇ ਕਿਹਾ ਮਾਤ ਭਾਸ਼ਾ ਦਾ ਕੋਈ ਬਦਲ ਨਹੀਂ, ਸਾਰੀਆ ਖੋਜਾਂ ਸਿੱਧ ਕਰਦੀਆਂ ਹਨ ਕਿ ਮਾਤ ਭਾਸ਼ਾ ਤੋਂ ਬਿਨਾ ਤੁਸੀਂ ਹੋਰ ਭਾਸ਼ਾ ਅਸਾਨੀ ਨਾਲ ਨਹੀਂ ਸਿੱਖ ਸਕਦੇ। ਨੈਤਿਕ ਕਦਰਾਂ ਕੀਮਤਾਂ ਵੀ ਘਰ ਅਤੇ ਅਧਿਆਪਕ ਰੋਲ ਮਾਡਲ ਬਣ ਕੇ ਸਿਖਾ ਸਕਦੇ ਹਨ। ਵਿਸ਼ਾ ਅਜੋਕੇ ਸਮੇਂ ਦੀ ਲੋੜ ਹੈ। ਇਸ ਮੌਕੇ ਹਰਕੀਰਤ ਕੌਰ, ਮੁਕੇਸ਼ ਕੁਮਾਰ ਤੋਂ ਇਲਾਵਾ ਅਵਿਨਾਸ਼ ਰਾਣਾ, ਗੁਰਵਿੰਦਰ ਸਿੰਘ ਸਰੋਦ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ। ਹਾਜ਼ਰੀਨ ਲੇਖਕਾਂ ਨੇ ਵੀ ਨੈਤਿਕਤਾ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਸਬੰਧੀ ਵਿਚਾਰ ਦਿਤੇ।
ਜਗਤ ਪੰਜਾਬੀ ਸਭਾ ਵਲੋਂ ਡਾਕਟਰ ਅਮਰਪਾਲ ਸਿੰਘ ਅਤੇ ਬਾਲਮੁਕੰਦ ਸ਼ਰਮਾ ਨੂੰ “ਪੰਜਾਬੀ ਨਾਇਕ” ਐਲਾਨਿਆ ਗਿਆ ਤੇ ਐਵਾਰਡ ਦਿਤੇ ਗਏ। ਜਗਤ ਪੰਜਾਬੀ ਸਭਾ ਦੇ ਅਹੁਦੇਦਾਰਾਂ ਵਲੋਂ ਚੇਅਰਮੈਨ ਸਾਹਿਬ ਨੂੰ ਨੈਤਿਕਤਾ ਨੂੰ ਵਿਸ਼ੇ ਦੇ ਤੋਰ ‘ਤੇ ਸਕੂਲਾਂ ਵਿਚ ਪੜ੍ਹਾਉਣ ਲਈ ਮੰਗ ਪੱਤਰ ਦਿਤਾ ਗਿਆ। ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਚੀਫ ਖਾਲਸਾ ਦੀਵਾਨ, ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ, ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਵੀ ਮੰਗ ਪੱਤਰ ਦਿਤੇ ਗਏ। ਡਾਕਟਰ ਮਨਪ੍ਰੀਤ ਕੌਰ, ਡਾਕਟਰ ਗੁਰਪ੍ਰੀਤ ਕੌਰ, ਹਰਕੀਰਤ ਕੌਰ ਅਤੇ ਗੁਰਵੀਰ ਸਿੰਘ ਸਰੌਦ ਵਲੋਂ ਚੇਅਰਮੈਨ ਸਾਹਿਬ ਨੂੰ ਨੈਤਿਕਤਾ ਦੀ ਪੜ੍ਹਾਉਣ ਯੋਗ ਕਿਤਾਬ ਭੇਟ ਕੀਤੀ ਗਈ। ਹੋਰ ਵਿਦਵਾਨਾਂ ਨੇ ਵੀ ਆਪਣੇ ਵਿਚਾਰ ਦਿਤੇ। ਪ੍ਰਭਲੀਨ ਕੌਰ, ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਧੰਨਵਾਦੀ ਸ਼ਬਦ ਕਹੇ। ਇਹ ਵਿਚਾਰ ਚਰਚਾ ਬਹੁਤ ਹੀ ਕਾਮਯਾਬ ਰਹੀ।

