ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਪ੍ਰੈਲ:


ਮੁੱਖ ਮੰਤਰੀ ਦੀ ਕੁਰਸੀ ਲਈ ਤਰਲੋਮੱਛੀ ਹੋ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਤਾਸ਼ ਖੇਡਣ ਅਤੇ ਕਬੂਤਰਬਾਜ਼ੀ ਦੇ ਮੁਕਾਬਲੇ ਕਰਾਉਣ ਦੇ ਐਲਾਨ ਗੁਰਮਤਿ ਵਿਰੋਧੀ ਗੱਲਾਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕ ਸਿੰਘ ਹੈਪੀ ਕਰਦਿਆਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ, ਗੁਰਮਤਿ ਦਾ ਪ੍ਰਚਾਰ ਅਤੇ ਮਨਮਤਿ ਵਿਰੁੱਧ ਪ੍ਰਹਾਰ ਕਰਨ ਲਈ ਬਣਾਇਆ ਸੀ ਨਾ ਕਿ ਜੂਆ ਖੇਡਣ ਦੀ ਪ੍ਰੇਰਣਾ ਦੇਣ ਲਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਤੋਂ ਲੈ ਕੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਤੱਕ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰਿਆਂ ਵਿੱਚ ਸੇਵਾ ਨਿਭਾਉਂਦੇ ਰਹੇ ਹਨ। ਗੁਰਮਤਿ ਦੇ ਰੰਗ ਵਿੱਚ ਰੰਗੇ ਹੋਏ ਇਹਨਾਂ ਆਗੂਆਂ ਦੀ ਅਗਵਾਈ ਵਿੱਚ ਭਾਵੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਜਾ ਨਾ ਬਣੀ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ। ਪੰਥ ਵਿਰੋਧੀ ਸਰਕਾਰਾਂ ਤੇ ਪੰਥ ਵਿਰੋਧੀ ਸ਼ਕਤੀਆਂ ਨਾਲ ਹਮੇਸ਼ਾ ਟੱਕਰ ਲੈਦਾ ਰਿਹਾ ਹੈ । ਹੈਪੀ ਨੇ ਕਿਹਾ ਕਿ ਪੰਜਾਬ ਨੂੰ ਪੰਥਕ ਏਜੰਡੇ ਦੀ ਲੋੜ ਹੈ ਨਾ ਕਿ ਜੂਆ ਖੇਡਣ ਵਾਲੇ ਏਜੰਡੇ ਰਾਹੀਂ ਪੰਜਾਬ ਦੀ ਨੌਜੁਆਨ ਪੀੜ੍ਹੀ ਨੂੰ ਨਸ਼ੇੜੀ ਬਣਾਉਣ ਦੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਦਾਅਵਾ ਬਿਲਕੁਲ ਖੋਖਲਾ ਹੈ ਕਿ ਉਨ੍ਹਾਂ ਕਬੱਡੀ ਕਰੋੜਾਂ ਦੀ ਕਰ ਦਿੱਤੀ, ਜਦਕਿ ਸੱਚ ਇਹ ਹੈ ਕਿ ਇਸ ਨਾਲ ਗੈਂਗਸਟਰਵਾਦ ਪੈਦਾ ਹੋਇਆ। ਹੁਣ ਇਸ ਖੇਡ ਨੂੰ ਮਾਫੀਆ ਗੈਂਗ ਚਲਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਕਬੱਡੀ ਮੈਚਾਂ ਦੌਰਾਨ ਮਾਵਾਂ ਦੇ ਪੁੱਤ ਇਸ ਖੇਡ ਦੀ ਭੇਟ ਚੜ੍ਹ ਰਹੇ ਹਨ। ਅੱਜ ਜਿੱਥੇ ਪੰਜਾਬ ਚਲਾ ਗਿਆ ਹੈ, ਇਸ ਨੂੰ ਬੇਗਮਪੁਰੇ ਵਰਗਾ ਹਲੀਮੀ ਰਾਜ ਸਥਾਪਤ ਕਰਨ ਵਾਲੇ ਏਜੰਡੇ ਦੀ ਜ਼ਰੂਰਤ ਹੈ ਨਾ ਕਿ ਲੋਕ ਲੁਭਾਊ ਸਕੀਮਾਂ ਰਾਹੀਂ ਇੱਕ ਖੋਖਲਾ ਰਾਜ ਸਥਾਪਤ ਕਰਨ ਦੀ। ਹੈਪੀ ਨੇ ਕਿਹਾ ਕਿ ਇੱਕ ਵਾਰ ਸਿੱਖਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਜੀ ਨਸ਼ਾ ਕਿਹੜਾ ਮਾੜਾ ਹੈ? ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਨਸ਼ਾ ਤਾਂ ਰੋਟੀ ਦਾ ਵੀ ਮਾੜਾ ਹੈ। ਬਾਦਲ ਸਾਹਿਬ ਤਾਸ਼ ਅਤੇ ਕਬੂਤਰਬਾਜ਼ੀ ਰਾਹੀਂ ਲੋਕਾਂ ਨੁੰ ਨਸ਼ੇੜੀ ਬਣਾ ਕੇ ਕਿਹੜੀ ਪੰਥਕ ਸੇਵਾ ਕਰ ਰਹੇ ਹਨ?
ਉਨ੍ਹਾਂ ਕਿਹਾ ਕਿ ਬੇਗਮਪੁਰੇ ਦੇ ਹਲੀਮੀ ਰਾਜ ਦਾ ਏਜੰਡਾ ਪੜ੍ਹੋ, ਜਿਸ ਵਿੱਚ ਗੁਰਮਤਿ ਦੇ ਸਿਧਾਂਤ ਦੀ ਖੁਸ਼ਬੂ ਆਉਂਦੀ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਅਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਜਦਕਿ ਪੰਥਕ ਪਾਰਟੀ ਦਾ ਪ੍ਰਧਾਨ ਗੁਰਮਤਿ ਵਿਰੋਧੀ ਗੱਲਾਂ ਕਰੀ ਜਾ ਰਿਹਾ ਹੈ। ਇਸ ਸਮੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੋਟਿਸ ਲੈਣ ਦੀ ਜ਼ੁਰਅਤ ਨਹੀਂ ਕਰ ਰਹੇ, ਫਿਰ ਕੁਰਾਹੇ ਪੈ ਰਹੀ ਇਸ ਲੀਡਰਸਿੱਪ ਨੁੰ ਗੁਰਮਤਿ ਦੀ ਪੱਗਡੰਡੀ ਊੁੱਤੇ ਕੌਣ ਤੋਰੇਗਾ? ਉਨ੍ਹਾਂ ਕਿਹਾ ਕਿ ਬਦਕਿਸਮਤੀ ਤਾਂ ਇਹ ਹੈ ਕਿ ਸੋਹਣੀਆ ਨੀਲੀਆ ਪੱਗਾਂ, ਗਾਤਰੇ, ਕਿਰਪਾਨ ਪਾ ਕੇ, ਸੋਹਣੀਆ ਚਿੱਟੀਆਂ ਦਾਹੜ੍ਹੀਆਂ ਵਾਲੇ ਜਥੇਦਾਰ ਵੀ ਸੁਖਬੀਰ ਸਿੰਘ ਬਾਦਲ ਦਾ ਕੂੜ ਪ੍ਰਚਾਰ ਸੁਣ ਕੇ ਜੈਕਾਰੇ ਛੱਡੀ ਜਾ ਰਹੇ ਹਨ। ਦੂਜਾ ਦੁਖਦਾਇਕ ਪਹਿਲੂ ਇਹ ਹੈ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀਆਂ ਪਾਰਟੀਆ ਵੀ ਹਊਮੈ, ਖੁਦਗਰਜ਼ੀ ਅਤੇ ਪਰਿਵਾਰਵਾਦ ਵਿੱਚ ਉਸੇ ਤਰ੍ਹਾਂ ਫਸੀਆਂ ਨਜ਼ਰ ਆ ਰਹੀਆਂ ਹਨ, ਜਿਵੇਂ ਬਾਦਲ ਦਲ ਫਸਿਆ ਹੋਇਆ ਹੈ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਪੰਥ ਦਾ ਦਰਦ ਰੱਖਣ ਵਾਲੇ ਸਿੱਖ ਕਿਧਰ ਜਾਣ?

