ਫ਼ਿਲਮ ‘ਮੌੜ’ ਨਾਲ਼ ‘ਮੋਹਰ’ ਨੇ ਪੁੱਟੀ ਵੱਡੀ ਪੁਲਾਂਘ/ ਰਾਬਿੰਦਰ ਸਿੰਘ ਰੱਬੀ
ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ:
ਜਤਿੰਦਰ ਮੋਹਰ ਦੀ ਫ਼ਿਲਮ ‘ਮੌੜ’ ਨੇ ਬੌਧਿਕ ਹਲਕਿਆਂ ਵਿੱਚ ਗੱਲ ਛੇੜੀ ਹੈ। ਗਹੁ ਨਾਲ਼ ਝਾਤ ਮਾਰੀ ਜਾਵੇ ਤਾਂ ਕਾਫ਼ੀ ਸਮਿਆਂ ਬਾਅਦ ਕੋਈ ਅਜਿਹੀ ਫ਼ਿਲਮ ਆਉਂਦੀ ਹੈ, ਜਿਸ ਬਾਰੇ ਸਾਹਿਤਕ ਹਲਕਿਆਂ ਵਿੱਚ ਚਰਚਾ ਛਿੜਦੀ ਹੈ। ‘ਮੌੜ’ ਵੀ ਉਨ੍ਹਾਂ ਵਿੱਚੋਂ ਹੀ ਹੈ। ਇੱਕ ਗੱਲ ਸਾਫ਼ ਹੈ ਕਿ ਜਿਊਣੇ ਮੌੜ ਦੀ ਕਹਾਣੀ ਪਹਿਲਾਂ ਹੀ ਦੰਦ ਕਥਾਵਾਂ ਰਾਹੀਂ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ। ਹਰੇਕ ਦੀ ਇਹ ਜਗਿਆਸਾ ਸੀ ਕਿ ਇਸ ਕਹਾਣੀ ਵਿੱਚ ਹੁਣ ਜਤਿੰਦਰ ਮੋਹਰ ਕੀ ਕੁਝ ਨਵਾਂ ਪੇਸ਼ ਕਰ ਸਕੇਗਾ।


‘ਮੌੜ’ ਪਹਿਲੀਆਂ ਪਰੰਪਰਕ ਗੱਲਾਂ ਤੋਂ ਹਟ ਕੇ ਹੈ। ਇਹ ਜਗੀਰਦਾਰੀ ਅਤੇ ਕਿਰਤੀਆਂ ਦੇ ਆਪਸੀ ਸੰਘਰਸ਼ ਦੀ ਕਹਾਣੀ ਹੈ। ਮੁਜ਼ਾਰਿਆਂ ਨੂੰ ਜਗੀਰਦਾਰ ਨਪੀੜਦੇ ਸਨ। ਸਰਕਾਰ ਉਨ੍ਹਾਂ ਦੀ ਸੀ, ਪੁਲਿਸ ਉਨ੍ਹਾਂ ਦੀ ਸੀ। ਗ਼ਰੀਬੀ ਸੀ। ਫਿਰ ਵੀ ਅਣਖ ਵਾਲ਼ਾ ਕੋਈ ਹਰਿਆ ਬੂਟ ਦਿਖਦਾ ਸੀ। ਅਜਿਹਾ ਹੀ ਅਣਖੀਲਾ ਨੌਜਵਾਨ ਸੀ ਕਿਸ਼ਨਾ। ਇਹ ਜਗੀਰਦਾਰਾਂ ਦੀ ਅਧੀਨਤਾ ਸਵੀਕਾਰ ਨਹੀਂ ਕਰਦਾ, ਆਪਣੇ ਘਰਦਿਆਂ ਦੀ ਹੋਈ ਹੇਠੀ ਤੋਂ ਬਾਅਦ ਇਹ ਜਗੀਰਦਾਰਨੀ ਦੇ ਕੰਗਣ ਲੁੱਟ ਕੇ ਜਗੀਰਦਾਰੀ ਨਿਜਾਮ ਨੂੰ ਸਿੱਧਾ ਵੰਗਾਰਦਾ ਹੈ। ਪੁਲਿਸ ਦੀ ਕੁੱਟ ਮਾਰ ਕਾਰਨ ਇਹ ਰੋਹੀਆਂ ਦਾ ਪੁੱਤ ਬਣ ਜਾਂਦਾ ਹੈ। ਉੱਥੇ ਚਤਰੇ ਜਿਹੇ ਹੋਰ ਵੀ ਉਸ ਦੇ ਸਾਥੀ ਨਾਲ਼ ਆ ਜੁੜਦੇ ਹਨ।
ਬਾਗ਼ੀ ਕਿਸ਼ਨਾ ਰੋਹੀਆਂ ਵਿੱਚ ਹੀ ਫਿਰਦੇ ਜਗੀਰਦਾਰ ਨੂੰ ਪਾਰ ਤੋਰ ਦਿੰਦਾ ਹੈ। ਅਹਿਮਦ ਡੋਗਰ ਨਾਲ਼ ਪੱਗ ਵਟਾਉਣ ਦੇ ਬਾਵਜੂਦ ਡੋਗਰ ਉਸ ਨੂੰ ਫੜਾ ਦਿੰਦਾ ਹੈ। ਮਹਾਰਾਜਾ ਇਹ ਚਾਹੁੰਦਾ ਹੈ ਕਿ ਬਾਗ਼ੀਆਂ ਨੂੰ ਇਹ ਇਲਮ ਹੋਵੇ ਕਿ ਤਾਜ ਨਾਲ਼ ਮੱਥਾ ਲਾਇਆਂ ਕੀ ਹੁੰਦਾ ਹੈ, ਇਸ ਲਈ ਉਹ ਉਸ ਨੂੰ ਕਾਲ਼ੇ ਪਾਣੀ ਭਿਜਵਾਉਂਦਾ ਹੈ। ਕਾਫ਼ੀ ਸਮੇਂ ਬਾਅਦ ਜਿਊਣੇ ਨੂੰ ਆਪਣੇ ਭਰਾ ਨਾਲ਼ ਹੋਈ ਬੇਵਫ਼ਾਈ ਦਾ ਪਤਾ ਚੱਲਦਾ ਹੈ ਅਤੇ ਉਹ ਵੀ ਰੋਹੀਆਂ ਵਿੱਚ ਜਾ ਵੜਦਾ ਹੈ। ਡੋਗਰ ਨੂੰ ਮਾਰਨ ਤੋਂ ਬਾਅਦ ਹੀ ਉਸ ਦੇ ਕਾਲ਼ਜੇ ਠੰਢ ਪੈਂਦੀ ਹੈ ਪਰ ਉਹ ਆਖਦਾ ਹੈ ਕਿ ਜਦੋਂ ਜਦੋਂ ਡੋਗਰ ਜੰਮਦੇ ਰਹਿਣਗੇ, ਜਿਊਣੇ ਵੀ ਜੰਮਦੇ ਰਹਿਣਗੇ। ਡੋਗਰ ਕਹਿੰਦਾ ਹੈ ਕਿ ਬਾਜ਼ੀ ਪੈਸੇ ਦੇ ਹੱਥ ਹੀ ਰਹਿੰਦੀ ਹੈ, ਤਾਂ ਜਿਊਣਾ ਕਹਿੰਦਾ ਹੈ ਕਿ ਮੈਂ , ਮੇਰਾ ਪੁੱਤ, ਉਸਦਾ ਪੁੱਤ ਅਤੇ ਉਸ ਦਾ ਪੁੱਤ ਅਜਿਹੇ ਹੈਂਕੜਬਾਜ਼ਾਂ ਨੂੰ ਵੰਗਾਰਦੇ ਰਹਾਂਗੇ।
ਫ਼ਿਲਮ ਬਣਾਉਣ ਉੱਤੇ ਬਹੁਤ ਮਿਹਨਤ ਕੀਤੀ ਗਈ ਹੈ। ਫ਼ਿਲਮ ਦੀ ਕਹਾਣੀ ਨਵੇਂ ਪੰਨੇ ਖੋਲ੍ਹਦੀ ਹੈ। ਫ਼ਿਲਮ ਦਾ ਇੱਕ ਇੱਕ ਦ੍ਰਿਸ਼ ਉਸ ਦੌਰ ਦੀ ਝਲਕ ਪੇਸ਼ ਕਰਦਾ ਹੈ। ਜਗੀਰਦਾਰ ਦਾ ਰੋਹਬਦਾਰ ਚਿਹਰਾ, ਉਸ ਦੀ ਬੇਬਾਕ ਬੋਲਣੀ, ਭੈਣ ਦੀ ਤ੍ਰਾਸਦਿਕ ਹਾਲਤ, ਜੰਝ ਨੂੰ ਭਜਾਉਣਾ, ਡੋਲ਼ੀ ਅਤੇ ਕਿਸ਼ਨੇ ਦਾ ਬਰਾਬਰ ਲੰਘਣਾ, ਮੁਜਾਰਿਆਂ ਨੂੰ ਸ਼ਾਹਾਂ ਤੋਂ ਨਿਜਾਤ ਦਿਵਾਉਣੀ, ਰੋਹੀਆਂ ਵਿੱਚ ਬਾਗ਼ੀਆਂ ਦੀ ਹਾਲਤ ਬਾਕਮਾਲ ਦ੍ਰਿਸ਼ ਹਨ। ਫ਼ਿਲਮ ਦੇ ਕਾਸਟਿਊਮ (ਕੱਪੜ-ਲੱਤੇ) ਉੱਤੇ ਵੀ ਬਹੁਤ ਮਿਹਨਤ ਝਲਕਦੀ ਹੈ। ਇੱਕ ਇੱਕ ਡਾਇਲਾਗ ਆਪਣੇ ਆਪ ਵਿੱਚ ਇੱਕ ਵੱਖਰੀ ਕਥਾ ਸਮੇਟੀ ਬੈਠਾ ਹੈ। ਡੋਗਰ ਦਾ ਰਹਿਣ-ਸਹਿਣ ਅਤੇ ਮੁਜਾਰਿਆਂ ਦੀ ਹਾਲਤ ਦੇਖਣ ਯੋਗ ਹੈ।
ਕੁੱਲ ਮਿਲਾ ਕੇ ਪੰਜਾਬੀ ਫ਼ਿਲਮਾਂ ਦਾ ਦਾਇਰਾ ਵਸੀਹ ਹੋ ਰਿਹਾ ਹੈ। ਹੋਰ ਵੀ ਕਥਾਕਾਰਾਂ ਨੂੰ ਅਜਿਹੀਆਂ ਵੰਨ-ਸੁਵੰਨੀਆਂ ਫ਼ਿਲਮਾਂ ਲਿਖਣੀਆਂ ਚਾਹੀਦੀਆਂ ਹਨ। ਹੋਰ ਵੀ ਫ਼ਿਲਮਕਾਰਾਂ ਨੂੰ ਅਜਿਹੀਆਂ ਵੰਨ-ਸੁਵੰਨੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਪੰਜਾਬੀ ਪਿਆਰਿਆਂ ਨੂੰ ਵੀ ਅਜਿਹੀਆਂ ਵੰਨ-ਸੁਵੰਨੀਆਂ ਫ਼ਿਲਮਾਂ ਨੂੰ ਬਣਦਾ ਪਿਆਰ ਸਤਿਕਾਰ ਦੇਣਾ ਚਾਹੀਦਾ ਹੈ।
ਰਾਬਿੰਦਰ ਸਿੰਘ ਰੱਬੀ – 89689 46129

