ਜ਼ਮੀਨੀ ਪੱਧਰ ‘ਤੇ ਬਸਪਾ ਦੀ ਮਜ਼ਬੂਤੀ ਲਈ ਸੰਤਗਠਨਾਤਮਕ ਢਾਂਚੇ ਵਿੱਚ ਫੇਰਬਦਲ ਕੀਤਾ ਗਿਆ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ:
ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਸੂਬੇ ਵਿੱਚ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨ ਲਈ ਪਾਰਟੀ ਦੇ ਸੰਗਠਨ ਨੂੰ ਅੱਠ ਜ਼ੋਨ ਵਿੱਚ ਵੰਡਿਆ ਗਿਆ ਹੈ। ਪਾਰਟੀ ਦੇ ਸੂਬਾ ਪੱਧਰੀ ਅਹੁਦੇਦਾਰਾਂ ਨੂੰ ਇਨ੍ਹਾਂ ਜ਼ੋਨ ਦਾ ਇੰਚਾਰਜ ਲਗਾਇਆ ਗਿਆ, ਜੋ ਕਿ ਆਪਣੇ-ਆਪਣੇ ਜ਼ੋਨ ਵਿੱਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਬਸਪਾ ਦੇ ਕੇਂਦਰੀ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਸੂਬਾ ਇੰਚਾਰਜ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਸੰਗਠਨ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀ ਗਈ ਹੈ।


ਪਾਰਟੀ ਦੇ ਢਾਂਚੇ ਵਿੱਚ ਕੀਤੇ ਗਏ ਬਦਲਾਅ ਤਹਿਤ ਕੁੱਲ ਅੱਠ ਜ਼ੋਨ ਬਣਾਏ ਗਏ ਹਨ, ਜਿਨ੍ਹਾਂ ਵਿੱਚ ਨਵਾਂਸ਼ਹਿਰ, ਪਟਿਆਲਾ, ਬਠਿੰਡਾ, ਜਲੰਧਰ, ਹੁਸ਼ਿਆਰਪੁਰ, ਮੋਹਾਲੀ, ਅੰਮਿਤਸਰ
ਤੇ ਫਿਰੋਜ਼ਪੁਰ ਜ਼ੋਨ ਸ਼ਾਮਲ ਹਨ। ਨਵਾਂਸ਼ਹਿਰ ਜ਼ੋਨ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਨਗਰ ਤੇ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਬਸਪਾ ਦੇ ਸੂਬਾ ਇੰਚਾਰਜ ਤੇ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ, ਪਰਵੀਨ ਬੰਗਾ ਤੇ ਬਲਵਿੰਦਰ ਬਿੱਟਾ ਨੂੰ ਇਸ ਜ਼ੋਨ ਦਾ ਇੰਚਾਰਜ ਲਗਾਇਆ ਗਿਆ ਹੈ। ਪਟਿਆਲਾ ਨੂੰ ਜ਼ੋਨ ਵਿੱਚ ਜ਼ਿਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ, ਮਲੇਰਕੋਟਲਾ ਤੇ ਰੋਪੜ ਨੂੰ ਸ਼ਾਮਲ ਕੀਤਾ ਗਿਆ ਹੈ। ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਬਲਦੇਵ ਮਹਿਰਾ, ਯੋਗਾ ਸਿੰਘ ਪਨੌਦੀਆ, ਰਜਿੰਦਰ ਰਾਜਾ ਨਨਹੇੜੀਆ, ਮਾਸਟਰ ਅਮਰਜੀਤ ਝਲੂਰ ਨੂੰ ਇਸ ਜ਼ੋਨ ਦਾ ਇੰਚਾਰਜ ਬਣਾਇਆ ਗਿਆ ਹੈ।
ਬਠਿੰਡਾ ਜ਼ੋਨ ਵਿੱਚ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਪਾਇਆ ਗਿਆ ਹੈ। ਪਾਰਟੀ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਸੰਤ ਰਾਮ ਮੱਲੀਆਂ, ਗੁਰਬਖਸ਼ ਸਿੰਘ ਚੌਹਾਨ, ਜਗਦੀਪ ਸਿੰਘ ਗੋਗੀ, ਹਰਜਿੰਦਰ ਮੌਰੀਆ ਨੂੰ ਇਸ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਜ਼ੋਨ ਬਣਾਇਆ ਗਿਆ ਹੈ, ਜਿਸ ਵਿੱਚ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਤਰਸੇਮ ਥਾਪਰ ਤੇ ਤੀਰਥ ਰਾਜਪੁਰਾ ਨੂੰ ਇਸ ਜ਼ੋਨ ਦਾ ਇੰਚਾਰਜ ਲਗਾਇਆ ਗਿਆ ਹੈ, ਜੋ ਕਿ ਇਸ ਜ਼ੋਨ ਦੇ ਸੰਗਠਨ ਦੇ ਕੰਮਕਾਜ ਨੂੰ ਦੇਖਣਗੇ।
ਹੁਸ਼ਿਆਰਪੁਰ ਜ਼ੋਨ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਬਸਪਾ ਆਗੂ ਭਗਵਾਨ ਸਿੰਘ ਚੌਹਾਨ, ਠੇਕੇਦਾਰ ਭਗਵਾਨ ਦਾਸ ਸਿੱਧੂ ਤੇ ਚੌਧਰੀ ਗੁਰਨਾਮ ਸਿੰਘ ਨੂੰ ਇਸ ਜ਼ੋਨ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਵਿੱਚ ਚੌਧਰੀ ਗੁਰਨਾਮ ਸਿੰਘ ਹੁਸ਼ਿਆਰਪੁਰ ਦੇਖਣਗੇ। ਮੋਹਾਲੀ ਜ਼ੋਨ ਵਿੱਚ ਮੋਹਾਲੀ, ਫ਼ਤਹਿਗੜ੍ਹ ਸਾਹਿਬ ਤੇ ਖੰਨਾ ਨੂੰ ਸ਼ਾਮਲ ਕੀਤਾ ਗਿਆ ਹੈ। ਬਸਪਾ ਆਗੂ ਹਰਭਜਨ ਸਿੰਘ ਬਜਹੇੜੀ, ਕੁਲਵੰਤ ਮਹਿਤੋ, ਗੁਰਮੀਤ ਚੋਬਦਾਰਾਂ ਨੂੰ ਇਸ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜ਼ੋਨ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਸਪਾ ਆਗੂ ਚੌਧਰੀ ਗੁਰਨਾਮ ਸਿੰਘ, ਸੁਖਦੇਵ ਸ਼ੀਰਾ, ਤਾਰਾ ਚੰਦ ਭਗਤ, ਸੁਰਜੀਤ ਭੇਲ਼ ਨੂੰ ਇਸ ਜ਼ੋਨ ਦਾ ਇੰਚਾਰਜ ਲਗਾਇਆ ਗਿਆ ਹੈ। ਫਿਰੋਜ਼ਪੁਰ ਜ਼ੋਨ ਵਿੱਚ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਸਪਾ ਆਗੂ ਓਮ ਪ੍ਰਕਾਸ਼ ਸਰੋਏ, ਲਾਲ ਸਿੰਘ ਸੁਲਹਾਣੀ ਤੇ ਭਜਨ ਸਿੰਘ ਲਾਧੁਕੇ ਨੂੰ ਇਸ ਜ਼ੋਨ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਰਾਕੇਸ਼ ਕਪੂਰਥਲਾ ਨੂੰ ਸੂਬਾ ਕਮੇਟੀ ਵਿੱਚ ਲੈਂਦੇ ਹੋਏ ਉਨ੍ਹਾਂ ਨੂੰ ਹਲਕਾ ਭੁਲੱਥ ਤੇ ਹਲਕਾ ਸੁਲਤਾਨਪੁਰ ਲੋਧੀ ਦਾ ਇੰਚਾਰਜ ਲਗਾਇਆ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਮਾਸਟਰ ਹਰਭਜਨ ਬਲਾਲੋਂ ਨੂੰ ਹਲਕਾ ਫਗਵਾੜਾ ਦਾ ਇੰਚਾਰਜ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹੀ ਪਾਰਟੀ ਦੇ ਸੀਨੀਅਰ ਆਗੂ ਲਾਲ ਚੰਦ ਔਜਲਾ ਨੂੰ ਸੂਬਾ ਕਮੇਟੀ ਵਿੱਚ ਲੈ ਕੇ ਉਨ੍ਹਾਂ ਨੂੰ ਹਲਕਾ ਫਿਲੌਰ ਦਾ ਇੰਚਾਰਜ ਲਗਾਇਆ ਗਿਆ ਹੈ, ਜਦਕਿ ਪਾਰਟੀ ਆਗੂ ਖੁਸ਼ੀ ਰਾਮ ਸਰਪੰਚ ਨੂੰ ਜਲੰਧਰ ਜ਼ਿਲ੍ਹੇ ਦਾ ਇੰਚਾਰਜ਼ ਲਗਾ ਕੇ ਉਨ੍ਹਾਂ ਨੂੰ ਲਾਲ ਚੰਦ ਔਜਲਾ ਨਾਲ ਹਲਕਾ ਫਿਲੌਰ ਦਾ ਇੰਚਾਰਜ ਲਗਾਇਆ ਗਿਆ ਹੈ।

