ਬੂਟਾ ਸਿੰਘ ਚੌਹਾਨ ਦਾ ਰੂਬਰੂ ਤੇ ਸਨਮਾਨ ਸਮਾਰੋਹ ਪ੍ਰਭਾਵਸ਼ਾਲੀ ਹੋ ਨਿਬਿੜਆ
ਆਮ ਲੋਕਾਂ ਵਿੱਚ ਵਿਚਰਨ ਵਾਲ਼ਾ ਹੀ ਬਣ ਸਕਦੈ ਵਧੀਆ ਸਾਹਿਤਕਾਰ – ਬੂਟਾ ਸਿੰਘ ਚੌਹਾਨ
ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਰਚਾਇਆ ਗਿਆ ਇਹ ਸਨਮਾਨ ਸਮਾਰੋਹ
ਇਸ ਸਮਾਗਮ ਵਿੱਚ ਜੰਗ ਬਹਾਦਰ ਗੋਇਲ ਮੁੱਖ ਮਹਿਮਾਨ ਤੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਡਾ. ਲਾਭ ਸਿੰਘ ਖੀਵਾ ਨੇ ਪ੍ਰਧਾਨਗੀ ਕੀਤੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਾਰਚ:
ਅੱਜ ਚੰਡੀਗੜ੍ਹ ਦੇ ਪੰਜਾਬ ਕਲਾ ਵਿਖੇ ਸਾਹਿਤਕ ਮੰਚ, ਖਰੜ ਵੱਲੋਂ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਅਤੇ ਅਦਾਰਾ ਸੰਵੇਦਨਾ ਦੇ ਸਹਿਯੋਗ ਨਾਲ਼ ਬਹੁ-ਵਿਧਾਵੀ ਚਰਚਿਤ ਲੇਖਕ ਬੂਟਾ ਸਿੰਘ ਚੌਹਾਨ, ਮੈਂਬਰ, ਜਨਰਲ ਕੌਂਸਲ, ਭਾਰਤੀ ਸਾਹਿਤ ਅਕਾਦਮੀ ਦਾ ਰੂਬਰੂ ਅਤੇ ਸਨਮਾਨ ਸਮਾਗਮ ਰਚਾਇਆ ਗਿਆ। ਇਸ ਸਨਮਾਨ ਸਮਾਰੋਹ ਵਿੱਚ ਜੰਗ ਬਹਾਦਰ ਗੋਇਲ ਮੁੱਖ ਮਹਿਮਾਨ ਤੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਲਾਭ ਸਿੰਘ ਖੀਵਾ ਹੋਰਾਂ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਕਨਵੀਨਰ ਇੰਦਰਜੀਤ ਪ੍ਰੇਮੀ ਸਨ।


ਮੰਚ ਦੇ ਪ੍ਰਧਾਨ ਤਰਸੇਮ ਬਸ਼ਰ ਹੋਰਾਂ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਲੇਖਕਾਂ, ਪੱਤਰਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਮੰਚ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਸਨਮਾਨ ਸਮਾਰੋਹ ਦੇ ਕਨਵੀਨਰ ਇੰਦਰਜੀਤ ਪ੍ਰੇਮੀ ਹੋਰਾਂ ਬੂਟਾ ਸਿੰਘ ਚੌਹਾਨ ਬਾਰੇ ਜਾਣ-ਪਛਾਣ ਕਰਵਾਉਂਦਿਆਂ, ਉਨ੍ਹਾਂ ਦੀ ਸਾਹਿਤ ਨੂੰ ਦੇਣ ਅਤੇ ਆਪਣੇ ਕਿੱਤੇ ਪ੍ਰਤੀ ਸੁਹਿਰਦਤਾ ਦਾ ਵਰਨਣ ਕੀਤਾ।
ਬੂਟਾ ਸਿੰਘ ਚੌਹਾਨ ਨੇ ਕਿਹਾ ਰੂਬਰੂ ਦੌਰਾਨ ਆਪਣੀ ਜ਼ਿੰਦਗੀ ਵਿੱਚ ਹੰਢਾਈਆਂ ਦੁਸ਼ਵਾਰੀਆਂ, ਤੰਗੀਆਂ-ਤੁਰਸੀ਼ਆਂ, ਸੰਘਰਸ਼ ਤੇ ਸਾਹਿਤ ਸਫ਼ਰ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ। ਉਨ੍ਹਾਂ ਆਪਣੀ ਪੱਤਰਕਾਰੀ ਦੇ ਸਫ਼ਰ ਦੌਰਾਨ ਲੋਕ ਪੱਖੀ ਮੁੱਦਿਆਂ ਨੂੰ ਉਭਾਰਨ ਦਾ ਵਰਨਣ ਵੀ ਕੀਤਾ। ਲੋਕਾਂ ਨਾਲ਼ ਨੇੜਿਉਂ ਵਿਚਰਨ ਵਾਲ਼ਾ ਹੀ ਚੰਗਾ ਸਾਹਿਤ ਰਚ ਸਕਦਾ ਹੈ। ਉਨ੍ਹਾਂ ਦੀਆਂ ਬੇਬਾਕ ਗੱਲਾਂ ਨਾਲ਼ ਦਰਸ਼ਕ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਰਾਮ ਸਰੂਪ ਅਣਖੀ, ਸੰਤ ਬਲਬੀਰ ਸਿੰਘ ਘੁੰਨਸ ਤੇ ਭਗਵੰਤ ਮਾਨ ਨਾਲ਼ ਆਪਣੇ ਰਿਸ਼ਿਤਿਆਂ ਦੀ ਗੱਲ ਵੀ ਛੋਹੀ। ਉਨ੍ਹਾਂ ਆਪਣੀਆਂ ਚਰਚਿਤ ਗ਼ਜ਼ਲਾਂ ਦੇ ਸ਼ੇਅਰ ਵੀ ਪੜ੍ਹੇ। ਵਰਨਣਯੋਗ ਹੈ ਕਿ ਉਨ੍ਹਾਂ ਦੀਆਂ ਦੋ ਦਰਜਨ ਤੋਂ ਜ਼ਿਆਦਾ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਗ਼ਜ਼ਲ ਸੰਗ੍ਰਹਿ, ਨਾਵਲ, ਬਾਲ ਕਹਾਣੀਆਂ ਅਤੇ ਅਨੁਵਾਦਤ ਕਿਤਾਬਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਲੇਖਕ ਨੂੰ ਉਸਾਰੂ ਸੋਚ ਅਪਣਾ ਕੇ ਸਮਾਜ ਵਿੱਚਲੀਆਂ ਘਾਟਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਆਪਣੀਆਂ ਗ਼ਜ਼ਲਾਂ ਦੇ ਬਹੁਤ ਸਾਰੇ ਸ਼ੇਅਰ ਸੁਣਾਏ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਆਏ ਉਤਰਾ-ਝੜਾਅ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਨੂੰ ਨਿਰੰਤਰ ਲਿਖਦੇ ਰਹਿਣਾ ਚਾਹੀਦਾ ਹੈ।
ਜੰਗ ਬਹਾਦਰ ਗੋਇਲ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਦੇ ਰੂਬਰੂ ਸਮਾਗਮ ਵਿੱਚ ਸ਼ਾਮਿਲ ਹੋ ਕੇ ਜੋ ਆਨੰਦ ਅੱਜ ਆਇਆ, ਉਹ ਪਹਿਲਾਂ ਕਦੀ ਨਹੀਂ ਆਇਆ। ਉਨ੍ਹਾਂ ਦੀ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਵਾਲ਼ੀ ਸ਼ਖਸੀਅਤ ਹੈ। ਉਨ੍ਹਾਂ ਠੇਠ ਮਲਵਈ ਬੋਲੀ ਰਾਹੀਂ ਪੰਜਾਬੀ ਸਾਹਿਤ ਦਾ ਮੂੰਹ ਮੱਥਾ ਸੰਵਾਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਨ੍ਹਾਂ ਦੀਆਂ ਬੇਬਾਕ ਗੱਲਾਂ ਨੇ ਸਾਰਿਆਂ ਦਾ ਮਨ ਮੋਹ ਲਿਆ ਹੈ। ਡਾ. ਲਾਭ ਸਿੰਘ ਖੀਵਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਬੂਟਾ ਸਿੰਘ ਚੌਹਾਨ ਆਪਣੀਆਂ ਗ਼ਜ਼ਲਾਂ, ਗੀਤਾਂ, ਨਾਵਲਾਂ ਅਤੇ ਹੋਰ ਰਚਨਾਵਾਂ ਰਾਹੀਂ ਆਪਣੀ ਸਾਹਿਤਕ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਕੁਝ ਸਮਾਂ ਪਹਿਲਾਂ ਸਿਹਤ ਨਾਸਾਜ਼ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਹਿੰਮਤ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਦਾ ਨਾਵਲ ‘ਗੇਰੂ ਰੰਗੇ’ ਡੇਰਾਬਾਦ, ਰਾਜਨੀਤਕ ਤੇ ਜ਼ਮੀਨਾਂ ਹੜੱਪਣ ਵਾਲ਼ੇ ਲੋਕਾਂ ਦੇ ਪਾਜ਼ ਉਘਾੜਦਾ ਹੈ। ਜਨਰਲ ਸਕੱਤਰ ਸੁਰਜੀਤ ਸੁਮਨ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ।
ਇਸ ਸਮਾਗਮ ਵਿੱਚ ਸਰੂਪ ਸਿਆਲ਼ਵੀ, ਹਰਨਾਮ ਸਿੰਘ ਡੱਲਾ, ਜੇ.ਐਸ. ਮਹਿਰਾ, ਅਵਤਾਰ ਨਗਲ਼ੀਆ, ਮਨਦੀਪ ਰਿੰਪੀ, ਗੁਰਮੀਤ ਸਿੰਗਲ, ਸੰਤਵੀਰ, ਪਾਲ ਅਜਨਬੀ, ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਡਾ. ਗੁਰਮੇਲ ਸਿੰਘ, ਡਾ. ਮਿਹਰ ਮਾਣਕ, ਸੁਭਾਸ਼ ਭਾਸਕਰ, ਸ਼ਬਦੀਸ਼, ਗਾਇਕ ਬਾਬੂ ਚੰਡੀਗੜ੍ਹੀਆ, ਅਸ਼ੋਕ ਕੁਮਾਰ, ਪਿਆਰਾ ਸਿੰਘ ਰਾਹੀ, ਜਸਵਿੰਦਰ ਕਾਈਨੌਰ, ਦੀਪਕ ਸ਼ਰਮਾ ਚਨਾਰਥਲ਼, ਗੁਰਪ੍ਰੀਤ ਖੋਖਰ, ਪ੍ਰੀਤਮ ਸਿੰਘ ਰੁਪਾਲ, ਅਵਤਾਰ ਸਿੰਘ ਪਤੰਗ, ਸਿਮਰਜੀਤ ਕੌਰ ਗਰੇਵਾਲ਼, ਡਾ. ਅਤੈ ਸਿੰਘ, ਪਰਮਜੀਤ ਪਰਮ, ਬਲਵਿੰਦਰ ਸਿੰਘ ਤੋਂ ਇਲਾਵਾ ਖਰੜ, ਮੋਹਾਲ਼ੀ ਅਤੇ ਚੰਡੀਗੜ੍ਹ ਦੇ ਵੱਡੀ ਗਿਣਤੀ ਵਿੱਚ ਲੇਖਕਾਂ ਨੇ ਸ਼ਿਰਕਤ ਕੀਤੀ।

