www.sursaanjh.com > ਅੰਤਰਰਾਸ਼ਟਰੀ > ਬੇਲਾ ਵਿੱਚ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਖੇਡਿਆ ਗਿਆ

ਬੇਲਾ ਵਿੱਚ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਖੇਡਿਆ ਗਿਆ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 26 ਅਗਸਤ:
ਕਸਬਾ ਬੇਲਾ ਵਿਖੇ ਮਾਈ ਭਾਗੋ ਯੂਥ ਕਲੱਬ, ਪੰਜਾਬ ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਬੇਲਾ ਦੇ ਸਹਿਯੋਗ ਨਾਲ ਯੁਵਕ ਸੇਵਾਵਾਂ ਵਿਭਾਗ ਦੀ ਸਰਪ੍ਰਸਤੀ ਹੇਠ ਗੁਰੂ ਰਵਿਦਾਸ ਧਰਮਸ਼ਾਲਾ, ਬੇਲਾ ਵਿਖੇ ਸਰਫਰੋਸ਼ ਰੰਗ ਮੰਚ ਦੀ ਟੀਮ ਨੇ ਨੁੱਕੜ ਨਾਟਕ ਖੇਡਿਆ। ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਰਵਨੀਤ ਕੌਰ ਨੇ ਦੱਸਿਆ ਕਿ ਇਹ ਨਾਟਕ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕਰਵਾਇਆ ਗਿਆ, ਜਿਸ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਤਸਵੀਰ ਪੇਸ਼ ਕੀਤੀ ਗਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਸਰਪੰਚ ਜਤਿੰਦਰ ਸਿੰਘ ਪਾਲ ਨੇ ਕਲੱਬ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਦੁਹਰਾਇਆ ਅਤੇ ਪੀੜਤ ਨੌਜਵਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਵਾਅਦਾ ਕੀਤਾ, ਉਪਰੰਤ ਕਿਹਾ ਕਿ ਜੇ ਸਾਡੇ ਪਿੰਡ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤਾਂ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ, ਬਲਕਿ ਪੰਚਾਇਤ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਕਲੱਬ ਦੇ ਪ੍ਰੋਗਰਾਮ ਇੰਚਾਰਜ ਅਰਸ਼ਦੀਪ ਸਿੰਘ ਨੇ ਨੁੱਕੜ ਨਾਟਕ ਦੀ ਸਾਰੀ ਟੀਮ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ, ਰਮਨਪ੍ਰੀਤ ਸਿੰਘ, ਧਰਮਵੀਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਸ਼ੋਤਮ ਸਿੰਘ ਮਾਹਲ, ਨੰਬਰਦਾਰ ਸਵਰਨ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *