Breaking
www.sursaanjh.com > ਅੰਤਰਰਾਸ਼ਟਰੀ > ‘ਬੈਠਕ’ ਤਹਿਤ ਸੁਰਜੀਤ ਸੁਮਨ ਦੇ ਗੀਤ-ਸੰਗ੍ਰਹਿ ‘ਪੌਣਾਂ ਦੇ ਪੈਰੀਂ ਘੁੰਗਰੂ’ ‘ਤੇ ਹੋਈ ਚਰਚਾ

‘ਬੈਠਕ’ ਤਹਿਤ ਸੁਰਜੀਤ ਸੁਮਨ ਦੇ ਗੀਤ-ਸੰਗ੍ਰਹਿ ‘ਪੌਣਾਂ ਦੇ ਪੈਰੀਂ ਘੁੰਗਰੂ’ ‘ਤੇ ਹੋਈ ਚਰਚਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ:
ਸਵਪਨ ਫਾਊਂਡੇਸ਼ਨ, ਪਟਿਆਲਾ ਤੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਸੁਰਜੀਤ ਸੁਮਨ ਦੀ ਅਣਛਪੀ ਕਿਤਾਬ “ਪੌਣਾਂ ਦੇ ਪੈਰੀਂ ਘੁੰਗਰੂ” ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਸੁਰਜੀਤ ਸੁਮਨ ਹੋਰਾਂ ਨੇ ਆਪਣੇ ਗੀਤ ‘ਸੱਜਣਾ ਪੁਆੜੇ ਹੱਥਿਆ’, ਚੰਨਾ ਬਾਂਹ ਨਾ ਮਰੋੜੀਂ ਤਰੁਨਮ ਵਿਚ ਪੇਸ਼ ਕਰਕੇ ਵਾਹ ਵਾਹ ਖੱਟੀ। ਇਸ ਉਪਰੰਤ ਵਿਚਾਰ ਚਰਚਾ ਦਾ ਆਰੰਭ ਕਰਦੇ ਹੋਏ ਸ਼ਾਇਰ ਮੰਦਰ ਗਿੱਲ ਹੋਰਾਂ ਨੇ ਕਿਹਾ ਕਿ ਇਸ ਖਰੜੇ ਦੀਆਂ ਰਚਨਾਵਾਂ ਛੰਦ ਦੇ ਵਿਧੀ ਵਿਧਾਨ ‘ਤੇ ਪੂਰੀਆਂ ਉਤਰਦੀਆਂ ਨੇ, ਉਹਨਾਂ ਕਈ ਛੰਦਾਂ ਬਾਬਤ ਦੱਸਿਆ ਵੀ। ਉੱਘੇ ਕਹਾਣੀਕਾਰ ਪਰਮਜੀਤ ਮਾਨ ਹੋਰਾਂ ਨੇ ਆਪਣੀ ਵਾਰੀ ਦੌਰਾਨ ਕਿਹਾ ਕਿ ਇਸ ਸੰਗ੍ਰਹਿ ਵਿੱਚ ਇਤਿਹਾਸਕ, ਮਿਥਿਹਾਸਕ, ਸਮਾਕਾਲ ਸਮੇਤ ਸਾਰੇ ਰੰਗ ਹਨ। ਉੱਘੇ ਗੀਤਕਾਰ ਤੇ ਗਾਇਕ ਧਿਆਨ ਸਿੰਘ ਕਾਹਲੋਂ ਨੇ ਕਿਹਾ ਕਿ ਗੀਤਾਂ ਵਿਚ ਇਕ ਲੈਅ ਹੁੰਦੀ ਹੈ, ਇਕ ਰਿਦਮ ਹੁੰਦਾ ਹੈ, ਸ਼ਾਇਰ ਬੇਸੁਰਾ ਹੋ ਸਕਦਾ ਹੈ ਪਰ ਬੇਤਾਲਾ ਨਹੀਂ ਹੋਣਾ ਚਾਹੀਦਾ; ਊਹਨਾਂ ਅੱਗੇ ਕਿਹਾ ਕਿ ਸੁਰਜੀਤ ਸੁਮਨ ਇਸ ਵਿਚ ਲੱਗਭੱਗ ਪੂਰਨ ਹੈ। ਸ਼ਾਇਰ ਰਾਜ ਕੁਮਾਰ ਸਾਹੋਵਾਲ਼ੀਆ ਨੇ ਛਪਣ ਤੋਂ ਪਹਿਲਾਂ ਇਸ ਤਰ੍ਹਾਂ ਦੀ ‘ਬੈਠਕ’ ਦੀ ਸ਼ਲਾਘਾ ਕੀਤੀ। ਉਹਨਾਂ ਕੁਝ ਸ਼ਬਦਾਂ ਬਾਰੇ ਕਿੰਤੂ ਕੀਤਾ ਤੇ ਇਸ ਨੂੰ ਸੁਧਾਰ ਲੈਣ ਲਈ ਕਿਹਾ।
ਅਨੁਵਾਦਿਕ ਤੇ ਕਹਾਣੀਕਾਰ ਸੁਭਾਸ਼ ਭਾਸਕਰ ਨੇ ਕਿਹਾ ਕਿ ਇਸ ਚਰਚਾ ਹੇਠ ਗੀਤ ਜ਼ਰੂਰ ਹੀ ਅੱਜਕੱਲ੍ਹ ਚੱਲ ਰਹੇ ਲੱਚਰ ਤੇ ਹਿੰਸਾ ਨੂੰ ਪੇਸ਼ ਕਰ ਰਹੇ ਗੀਤਾਂ ਦਾ ਮੁਕਾਬਲਾ ਕਰਨਗੇ। ਸਾਹਿਤਕ ਕਾਮੇ ਤੇ ਪਾਠਕ ਭੁਪਿੰਦਰ ਸਿੰਘ ਮਲਿਕ ਹੋਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਇਹ ਸਾਹਿਤਕ ਪੁੱਠ ਵਾਲ਼ੇ ਗੀਤ ਨੇ। ਭਾਸ਼ਾ, ਵਿਆਕਰਨ ਤੇ ਸ਼ਬਦ ਜੋੜਾਂ ਦੀ ਖੂਬਸੂਰਤ ਵਰਤੋਂ ਕੀਤੀ ਗਈ ਹੈ। ਉਹਨਾਂ ਗੀਤਾਂ ਦੀਆਂ ਘੱਟ ਆ ਰਹੀਆਂ ਕਿਤਾਬਾਂ ਬਾਰੇ ਵੀ ਗਿਲਾਅ ਕੀਤਾ। ਕਹਾਣੀਕਾਰਾ ਯਤਿੰਦਰ ਮਾਹਲ ਨੇ ਕਿਹਾ ਸ਼ਾਇਰ ਨੂੰ ਵਿਸ਼ੇ ਤੋਂ ਥਿੜਕਣਾ ਨਹੀਂ ਚਾਹੀਦਾ, ਉਹਨਾਂ ਸ਼ਬਦਾਂ ਦੀ ਜੜ੍ਹਤਬੰਦੀ ਬਾਰੇ ਵੀ ਗੱਲ ਕੀਤੀ। ਉੱਘੇ ਵਿਦਵਾਨ ਡਾ. ਦਵਿੰਦਰ ਸਿੰਘ ਬੋਹਾ ਨੇ ਆਪਣੀ ਗੱਲ ਕਰਦੇ ਹੋਏ ਇਸ ਸੰਗ੍ਰਹਿ ਨੂੰ ਬਾਜ਼ਾਰ ਤੋਂ ਸਮਾਜ ਵੱਲ ਮੁੜਦਾ ਰਾਹ ਦੱਸਿਆ। ਉਹਨਾਂ ਕੁਝ ਸ਼ਬਦਾਂ ਦੇ ਰੜਕਣ ਬਾਰੇ ਵੀ ਕਿਹਾ। ਪਾਠਕ ਤੇ ਵਿਦਵਾਨ ਪ੍ਰਿੰ: ਸਤਨਾਮ ਸਿੰਘ ਸ਼ੋਕਰ ਨੇ ਕਿਹਾ ਕਿ ਇਹ ਗੀਤ ਨਿੱਜ ਤੋਂ ਪਰ ਦੀ ਗੱਲ ਕਰਦੇ ਉਹਨਾਂ ਅਗਾਂਹ ਕਿਹਾ ਕਿ ਜੇ ਵਿਚਾਰ ਔਖਾ ਹੈ ਤਾਂ ਸ਼ਬਦਾਂ ਦਾ ਔਖਾ ਹੋਣਾ ਸੁਭਾਵਿਕ ਹੈ।
ਸ਼ਾਇਰ ਸੁਖਵਿੰਦਰ ਸਿੱਧੂ ਨੇ ਵਿਚਾਰ ਪੇਸ਼ ਕੀਤੇ ਕਿ ਗੀਤ ਸਭ ਤੋਂ ਵੱਧ ਸੁਣੀ ਜਾਣ ਵਾਲ਼ੀ ਵਿਧਾ ਹੈ ਜੇਕਰ ਮਾੜੇ ਗੀਤ ਆਉਣਗੇ ਤਾਂ ਸਮਾਜ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਤਰ੍ਹਾਂ ਦੇ ਸਾਹਿਤਕ ਗੀਤ ਸਮਾਜ ਨੂੰ ਸੇਧ ਦੇਣਗੇ। ਪਾਲ ਅਜਨਬੀ ਨੇ ਸ਼ਬਦਾਂ ਦੀ ਬੋਝਲਤਾ ਤੇ ਤਰਤੀਬ ਬਾਰੇ ਕੁਝ ਨੁਕਤੇ ਸਾਂਝੇ ਕੀਤੇ। ਸਕੱਤਰੇਤ ਸਾਹਿਤ ਸਭਾ ਵੱਲੋਂ ਮਲਕੀਅਤ ਸਿੰਘ ਔਜਲਾ ਨੇ ਇਹਨਾਂ ਗੀਤਾਂ ਦੀ ਰਚਨਾਂ ਦੇ ਗਵਾਹ ਹੋਣ ਬਾਰੇ ਚਾਨਣਾ ਪਾਇਆ ਤੇ ਸੁਰਜੀਤ ਹੋਰਾਂ ਨਾਲ ਆਪਣੀ ਸਾਂਝ ਬਾਬਤ ਦੱਸਿਆ। ਨੌਜਵਾਨ ਆਲੋਚਕ ਤੇਜਿੰਦਰ ਸਿੰਘ ਨੇ ਕਿਹਾ ਕਿ ਸੁਮਨ ਹੋਰਾਂ ਦਾ ਛਪਣ ਜਾ ਰਿਹਾ ਸੰਗ੍ਰਹਿ ਚੰਗੇ ਪ੍ਰਗੀਤ ਵਿਚ ਵਾਧਾ ਕਰਦਾ ਹੈ, ਉਹਨਾਂ ਅੱਗੇ ਕਿਹਾ ਕਿ ਸੁਰਜੀਤ  ਇਹਨਾਂ ਗੀਤਾਂ ਵਿਚ ਆਪਣੇ ਸਮਾਜ ਨੂੰ ਸੇਧ ਦੇਣ ਵਾਲ਼ੇ ਮਨੋਰਥ ਤੋਂ ਕਦੇ ਵੀ ਥਿੜਕਦਾ ਨਹੀਂ।
ਉੱਘੇ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਇਸ ‘ਬੈਠਕ’ ਨੂੰ ਚੰਗਾ ਉਪਰਾਲਾ ਦੱਸਿਆ। ਉਹਨਾਂ ਨੇ ਸ਼ਾਇਰ ਨੂੰ ਪੁਰਾਣੀ ਗੀਤਕਾਰੀ ਨੂੰ ਵੀ ਪੜ੍ਹਨ ਲਈ ਕਿਹਾ। ਉਹਨਾਂ ਫਿਕਰਮੰਦੀ ਜ਼ਾਹਿਰ ਕੀਤੀ ਕਿ ਗੀਤ ਨੂੰ ਸਾਹਿਤਕ ਤੇ ਅਕਾਦਮਿਕ ਪੱਧਰ ‘ਤੇ ਉਹ ਥਾਂ ਨਹੀਂ ਮਿਲੀ। ਉਹਨਾਂ ਦੂਜੀ ਭਾਸ਼ਾ ਦੇ ਪ੍ਰਚਲਿਤ ਸ਼ਬਦਾਂ ਨੂੰ ਵੀ ਵਰਤਣ ਦੀ ਖੁੱਲ੍ਹ ਦਾ ਸਮਰਥਨ ਕੀਤਾ। ਉਹਨਾਂ ਕਿਹਾ ਕਿ ਸੁਰਜੀਤ ਸੁਮਨ ਮਿੱਥ ਨੂੰ ਪੂਰੀ ਕਾਮਯਾਬੀ ਨਾਲ ਵਰਤਦਾ ਹੈ, ਜਿਹੜੀ ਥੋੜ੍ਹੀਆਂ-ਬਹੁਤ ਘਾਟਾਂ ਹੈਨ ਉਹ ਸੁਧਾਰੀਆਂ ਜਾ ਸਕਦੀਆਂ ਹਨ। ਪਰਵਾਸੀ ਸ਼ਾਇਰ ਗੁਰਦੇਵ ਚੌਹਾਨ ਨੇ ਸੰਸਾਰ ਵਿਚ ਗੀਤਾਂ ਨੂੰ ਮਿਲ ਰਹੇ ਸਥਾਨ ਬਾਰੇ ਗੱਲ ਕੀਤੀ।’ਬੈਠਕ’ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ  ਹੋਏ ਉੱਘੇ ਆਲੋਚਕ ਡਾ. ਯੋਗਰਾਜ ਹੋਰਾਂ ਨੇ ਗੀਤ ਵਿਧਾ ਦੇ ਕਈ ਤਕਨੀਕੀ ਪੱਖਾਂ ਬਾਰੇ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਅਗਾਂਹ ਕਿਹਾ ਕਿ ਗੀਤਕਾਰੀ ਸਿਰਜਣਾ ਤੇ ਘਾੜਤ ਦਾ ਸੁਮੇਲ ਹੈ। ਉਹਨਾਂ ਨੇ ਸੁਰਜੀਤ ਸੁਮਨ ਨੂੰ ਉਭਰਦਾ ਗੀਤਕਾਰ ਕਿਹਾ। ਉਹਨਾਂ ਨੇ ਸੁਮਨ ਹੋਰਾਂ ਦੇ ਗੀਤਾਂ ਦੇ ਢਾਂਚੇ ਬਾਰੇ ਕਈ ਸਵਾਲ ਉਠਾਏ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਆਲੋਚਕ, ਸ਼ਾਇਰ ਤੇ ਨਾਵਲਕਾਲ ਡਾ. ਮਨਮੋਹਨ ਨੇ ‘ਬੈਠਕ’ ਦੇ ਸਮੁੱਚੇ ਪ੍ਰਭਾਵ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਤਾਬ ਛਪਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਉਪਰਾਲੇ ਮਹੱਤਵਪੂਰਨ ਨੇ। ਉਹਨਾਂ ਨੇ ਸਾਰੀ ਚਰਚਾ ਨੂੰ ਮੁੱਲਵਾਨ ਦੱਸਿਆ। ਸੁਮਨ ਹੋਰਾਂ ਦੀ ਗੀਤਕਾਰੀ ਬਾਰੇ ਗੱਲ ਕਰਦਿਆਂ ਉਹਨਾਂ ਵਿਚਾਰ ਸਾਂਝੇ ਕੀਤੇ ਕਿ ਸੁਮਨ ਹੋਰਾਂ ਨੂੰ ਗੀਤ ਦੇ ਜ਼ਿਆਦਾ ‘ਬੰਦ’ ਨਹੀਂ ਲਿਖਣੇ ਚਾਹੀਦੇ, ਇਕ ਗੀਤ ਵਿਚ ਚਾਰ-ਪੰਜ ਬੰਦ ਬਹੁਤ ਹੁੰਦੇ ਨੇ। ਉਹਨਾਂ ਸੁਰਜੀਤ ਹੋਰਾਂ ਨੂੰ ਸਹਿਜ ਹੋਣ ਬਾਰੇ ਸਲਾਹ ਦਿੱਤੀ। ਇਸ ਸਾਰੇ ਸਮਾਗਮ ਦਾ ਸੰਚਾਲਨ ਸਵਪਨ ਫਾਊਂਡੇਸ਼ਨ, ਪਟਿਆਲਾ ਦੇ ਜਨਰਲ ਸਕੱਤਰ ਤੇ ਸ਼ਾਇਰ, ਵਾਰਤਕਕਾਰ ਜਗਦੀਪ ਸਿੱਧੂ ਨੇ ਬਾਖੂਬੀ ਕੀਤਾ। ਇਸ ਸਮਾਰੋਹ ਵਿਚ ਉੱਘੇ ਸ਼ਾਇਰ ਸੁਰਿੰਦਰ ਗਿੱਲ, ਚੇਤਨਾ ਗਿੱਲ, ਸ਼ਾਇਰ ਸਿਮਰਨ, ਸਰਦਾਰਾ ਸਿੰਘ ਚੀਮਾ, ਗੁਰਦੇਵ ਸਿੰਘ, ਗੁਰਦੀਪ ਸਿੰਘ, ਜੇ. ਐਸ ਮਹਿਰਾ, ਇੰਦਰਜੀਤ ਪ੍ਰੇਮੀ, ਕਹਾਣੀਕਾਰ ਬਲੀਜੀਤ,ਕਹਾਣੀਕਾਰ ਸਰੂਪ ਸਿਆਲਵੀ ਆਦਿ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *